ਕਪੂਰਥਲਾ ਪੁਲਸ ਵੱਲੋਂ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 6 ਗ੍ਰਿਫ਼ਤਾਰ

Tuesday, Jul 06, 2021 - 04:48 PM (IST)

ਕਪੂਰਥਲਾ ਪੁਲਸ ਵੱਲੋਂ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 6 ਗ੍ਰਿਫ਼ਤਾਰ

ਕਪੂਰਥਲਾ (ਵਿਪਨ)- ਸ਼ਹਿਰ ਵਿੱਚ ਚੱਲ ਰਹੇ ਨਾਜਾਇਜ਼ ਜਾਅਲੀ ਕਰੰਸੀ ਦੇ ਕਾਰੋਬਾਰ ਖ਼ਿਲਾਫ਼ ਇਕ ਵੱਡੀ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪੁਲਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ 2000 ਅਤੇ 500 ਰੁਪਏ ਦੇ 1,47,000 ਰੁਪਏ ਦੇ ਜਾਅਲੀ ਨੋਟ, 7500 ਰੁਪਏ ਭਾਰਤੀ ਕਰੰਸੀ ਸਣੇ ਨਕਲੀ ਕਰੰਸੀ ਬਣਾਉਣ ਲਈ ਕੱਚੇ ਮਾਲ ਵਜੋਂ ਵਰਤੇ ਜਾਂਦੇ ਰਾਸਾਇਣ ਯੁਕਤ ਕਾਗਜ਼ ਦੇ 30 ਪੈਕੇਟ, ਕੈਮੀਕਲ ਅਤੇ ਰੰਗਾਂ ਨਾਲ ਭਰੀਆਂ ਬੋਤਲਾਂ, ਕੱਚੇ ਮਾਲ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ 3 ਵਾਹਨ ਵੀ ਬ੍ਰਾਮਦ ਕੀਤੇ ਹਨ। ਫੜੇ ਗਏ ਦੋਸ਼ੀਆਂ ਦੀ ਪਛਾਣ ਪ੍ਰਗਟ ਸਿੰਘ ਵਾਸੀ ਰਾਜੇਵਾਲ ਖੰਨਾ, ਹਰਪ੍ਰੀਤ ਕੌਰ ਉਰਫ਼ ਪ੍ਰੀਤੀ ਵਾਸੀ ਮੁੱਲਾਂਪੁਰ ਸਰਹਿੰਦ, ਚਰਨਜੀਤ ਸਿੰਘ ਉਰਫ਼ ਚੰਨਾ ਅਤੇ ਮਹਿੰਦਰ ਕੁਮਾਰ, ਦੋਵੇਂ ਵਾਸੀ ਭੰਡਾਲ ਬੇਟ, ਪਵਨ ਕੁਮਾਰ ਸੇਠੀ ਅਤੇ ਗੁਰਵਿੰਦਰ ਸਿੰਘ ਗੁਰੀ ਵਾਸੀ ਖੰਨਾ ਸਿਟੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਫਿਲੌਰ: ਪਲਾਂ 'ਚ ਉੱਜੜਿਆ ਹੱਸਦਾ-ਵੱਸਦਾ ਘਰ, ਭਿਆਨਕ ਹਾਦਸੇ 'ਚ ਨਵੇਂ ਵਿਆਹੇ ਜੋੜੇ ਦੀ ਦਰਦਨਾਕ ਮੌਤ

ਸੀਨੀਅਰ ਪੁਲਸ ਕਪਤਾਨ (ਐੱਸ. ਐੱਸ. ਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸੁਭਾਨਪੁਰ ਥਾਣੇ ਦੀ ਪੁਲਸ ਟੀਮ ਨੂੰ ਇਕ ਭਰੋਸੇਮੰਦ ਸਰੋਤ ਤੋਂ ਜਾਣਕਾਰੀ ਮਿਲੀ ਸੀ ਕਿ ਇਕ ਸਕੌਡਾ ਕਾਰ ਨੰਬਰ (ਪੀ. ਬੀ.10-ਡੀ. ਐੱਸ-3700) ਪਰਗਟ ਸਿੰਘ ਪੁੱਤਰ ਭਜਨ ਸਿੰਘ ਦੁਆਰਾ ਚਲਾਈ ਜਾ ਰਹੀ ਹੈ ਅਤੇ ਉਸ ਦੇ ਨਾਲ ਹਰਪ੍ਰੀਤ ਕੌਰ ਨਾਮ ਦੀ ਇਕ ਔਰਤ ਵੀ ਮੌਜੂਦ ਹੈ, ਇਹ ਲੋਕ ਭੋਲੇ-ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਨਕਲੀ ਨੋਟ ਵੰਡ ਰਹੇ ਹਨ। ਤੇਜ਼ੀ ਨਾਲ ਕਾਰਵਾਈ ਕਰਦੇ ਨਕਲੀ ਨੋਟਾਂ ਦੀ ਵੰਡ ਦੇ ਗੈਰ-ਕਾਨੂੰਨੀ ਕਾਰੋਬਾਰ ਨੂੰ ਰੋਕਣ ਅਤੇ ਇਸ ਰੈਕੇਟ ਵਿਚ ਸ਼ਾਮਲ ਦੋਸ਼ੀਆਂ ਨੂੰ ਫੜਨ ਲਈ ਏ. ਐੱਸ. ਪੀ. ਭੁਲੱਥ, ਅਜੈ ਗਾਂਧੀ ਆਈ. ਪੀ. ਐੱਸ. ਦੀ ਨਿਗਰਾਨੀ ਹੇਠ ਐੱਸ. ਐੱਚ. ਓ.  ਸੁਭਾਨਪੁਰ ਅਤੇ ਹੋਰ ਸਟਾਫ਼ ਸਮੇਤ ਇਕ ਵਿਸ਼ੇਸ਼ ਪੁਲਸ ਦਲ ਦਾ ਗਠਨ ਕੀਤਾ ਗਿਆ ਸੀ।

PunjabKesari

ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਟੀਮ ਨੇ ਨਡਾਲਾ ਤੋਂ ਸੁਭਾਨਪੁਰ ਰੋਡ 'ਤੇ ਇਕ ਵਿਸ਼ੇਸ਼ ਚੈੱਕ ਪੋਸਟ ਬਣਾਈ ਅਤੇ ਚੈਕਿੰਗ ਲਈ ਉਪਰੋਕਤ ਕਾਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਪੁਲਸ ਨੂੰ 2000 ਰੁਪਏ ਦਾ ਇਕ ਜਾਅਲੀ ਨੋਟ, 7500 ਰੁਪਏ ਭਾਰਤੀ ਕਰੰਸੀ ਸਮੇਤ ਰਾਸਾਇਣ ਨਾਲ ਭਰੀ ਬੋਤਲ, ਇਕ ਪੈਕਟ ਜਿਸ ਵਿਚ 20 ਗ੍ਰਾਮ ਪਾਉਡਰ, ਨਕਲੀ ਨੋਟਾਂ ਦੀ ਛਪਾਈ ਵਿਚ ਵਰਤੇ ਜਾਣ ਵਾਲੇ ਰਾਸਾਇਣ ਲਿਪਿਤ 400 ਪੇਜ ਵਾਲੇ 4 ਪੈਕੇਟ ਦੇ ਜਿਨ੍ਹਾਂ ਤੋਂ 500-500 ਦੇ ਨੋਟ ਤਿਆਰ ਹੋਣੇ ਸਨ ਅਤੇ 800 ਚਿੱਟੇ ਕਾਗਜ਼ਾਂ ਦੇ 8 ਪੈਕੇਟ ਜਿਨ੍ਹਾਂ ਤੋਂ 2000-2000 ਰੁਪਏ ਦੇ ਨੋਟ ਤਿਆਰ ਕੀਤੇ ਜਾਣੇ ਸਨ, ਨੂੰ ਬ੍ਰਾਮਦ ਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ: ਜਲੰਧਰ: ਹਾਦਸੇ ਨੇ ਖੋਹੀਆਂ ਖੁਸ਼ੀਆਂ, ਪਿਓ ਦੀਆਂ ਅੱਖਾਂ ਸਾਹਮਣੇ ਇਕਲੌਤੇ ਪੁੱਤਰ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ

ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਚੱਲਿਆ ਸੀ ਕਿ ਉਹ ਆਸਾਨੀ ਨਾਲ ਪੈਸਾ ਕਮਾਉਣ ਲਈ ਇਸ ਗੈਰ-ਕਾਨੂੰਨੀ ਧੰਦੇ ਵਿਚ ਸ਼ਾਮਲ ਸਨ ਅਤੇ ਉਨ੍ਹਾਂ ਦੇ ਗਿਰੋਹ ਦੇ ਕੁਝ ਹੋਰ ਮੈਂਬਰ ਵੀ ਵੱਖ-ਵੱਖ ਵਾਹਨਾਂ ਵਿਚ ਲੋਕਾਂ ਨੂੰ ਜਾਅਲੀ ਨੋਟ ਵੰਡ ਰਹੇ ਹਨ। ਉਨ੍ਹਾਂ ਦੇ ਵਾਹਨਾਂ ਵਿਚ ਭਾਰੀ ਮਾਤਰਾ ਵਿਚ ਕੱਚਾ ਮਾਲ ਵੀ ਮੌਜੂਦ ਹੈ, ਜਿਸ ਦੀ ਵਰਤੋਂ ਨਕਲੀ ਨੋਟ ਬਣਾਉਣ ਲਈ ਕੀਤੀ ਜਾਣੀ ਹੈ। ਪੁਲਸ ਟੀਮਾਂ ਨੇ ਤੁਰੰਤ ਇਨ੍ਹਾਂ ਦੇ ਦੂਜੇ ਸਾਥੀਆਂ ਦੀ ਮੌਜੂਦਗੀ ਦੇ ਸ਼ੱਕੀ ਖੇਤਰ ਵਿੱਚ ਚੈਕਿੰਗ ਸ਼ੁਰੂ ਕੀਤੀ ਅਤੇ ਦੌਰਾਨੇ ਚੈਕਿੰਗ ਇਕ ਮਹਿੰਦਰਾ ਮੈਕਸੀਕੋ ਵਾਹਨ ਤੋਂ ਚਰਨਜੀਤ ਸਿੰਘ ਚੰਨਾ ਅਤੇ ਮਹਿੰਦਰ ਕੁਮਾਰ ਨੂੰ ਕਾਬੂ ਕੀਤਾ ਅਤੇ 500-500 ਦੇ ਨੋਟ ਬਣਾਉਣ ਲਈ ਵਰਤੇ ਜਾਂਦੇ ਰਾਸਾਇਣ ਲਿਪਿਤ 300 ਪੇਜ ਵਾਲੇ 3 ਪੈਕੇਟ ਅਤੇ 200 ਚਿੱਟੇ ਪੇਜਾਂ ਦੇ 2 ਪੈਕੇਟ ਜਿਨ੍ਹਾਂ ਤੋਂ 2 ਹਜ਼ਾਰ ਦੇ ਨਕਲੀ ਨੋਟ ਬਣਾਏ ਜਾਣੇ ਸਨ, ਨੂੰ ਬਰਾਮਦ ਕਰ ਲਿਆ।

ਦਿੱਲੀ ਤੋਂ ਭੱਜ ਕੇ ਜਲੰਧਰ ਪੁੱਜਾ ਪ੍ਰੇਮੀ ਜੋੜਾ, ਕੁੜੀ ਦੇ ਪਰਿਵਾਰ ਨੇ ਪ੍ਰੇਮੀ ਦੀ ਸੜਕ ’ਤੇ ਕੀਤੀ ਛਿੱਤਰ-ਪਰੇਡ

ਇਸੇ ਤਰ੍ਹਾਂ ਪੁਲਸ ਪਾਰਟੀ ਨੇ ਦਿਆਲਪੁਰ ਫਲਾਈਓਵਰ ਨੇੜੇ ਵਰਨਾ ਕਾਰ ਨੰਬਰ ਪੀ. ਬੀ. 41 ਐੱਫ. ਐੱਸ. 8819 ਨੂੰ ਉਸ ਵਿਚ ਮੌਜੂਦ ਪਵਨ ਕੁਮਾਰ ਸੇਠੀ ਅਤੇ ਗੁਰਵਿੰਦਰ ਸਿੰਘ ਗੁਰੀ ਨੂੰ ਗ੍ਰਿਫ਼ਤਾਰ ਕਰਕੇ 120000 ਦੀ ਕੀਮਤ ਦੇ 2000-2000 ਰੁਪਏ ਦੇ 60 ਜਾਅਲੀ ਨੋਟ 25000 ਦੀ ਕੀਮਤ ਦੇ  500-500 ਦੇ 50 ਜਾਅਲੀ ਨੋਟ ਅਤੇ ਨਕਲੀ ਨੋਟਾਂ ਨੂੰ ਤਿਆਰ ਕਰਨ ਲਈ ਰਾਸਾਇਣ ਲਿਪਿਤ 300 ਪੇਜ ਵਾਲੇ 3 ਪੈਕੇਟ ਅਤੇ 1000 ਚਿੱਟੇ ਪੇਜਾਂ ਦੇ 10 ਪੈਕੇਟ ਜਿਨ੍ਹਾਂ ਤੋਂ 2000 ਰੁਪਏ ਦੇ ਨਕਲੀ ਨੋਟ ਬਣਾਏ ਜਾਣੇ ਸਨ ਬ੍ਰਾਮਦ ਕੀਤੇ। ਪੁਲਸ ਟੀਮ ਨੇ ਇਨ੍ਹਾਂ ਗੈਰ ਨਕਲੀ ਨੋਟਾਂ ਦੀ ਛਪਾਈ, ਵੰਡ ਅਤੇ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ ਹੇਠ ਸੁਭਾਨਪੁਰ ਥਾਣੇ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 420, 406, 489 ਸੀ, 489 ਡੀ, 489 ਈ ਤਹਿਤ ਕੇਸ ਦਰਜ ਕੀਤਾ ਹੈ।

ਐੱਸ. ਐੱਸ. ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਸ ਰੈਕੇਟ ਦੇ ਗਿਆਰਾਂ ਹੋਰ ਮੈਂਬਰਾਂ ਦੀ ਸ਼ਮੂਲੀਅਤ ਧਿਆਨ ਵਿੱਚ ਆਈ ਹੈ ਅਤੇ ਪੁਲਸ ਟੀਮਾਂ ਇਨ੍ਹਾਂ ਮੈਂਬਰਾਂ ਨੂੰ ਫੜਨ ਲਈ ਭੇਜੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮਾਮਲੇ ਦੀ ਵਿਸਥਾਰਤ ਜਾਂਚ ਤੋਂ ਬਾਅਦ ਕੁਝ ਹੋਰ ਖ਼ੁਲਾਸੇ ਵੀ ਸਾਹਮਣੇ ਆਉਣ ਦੀ ਵੀ ਉਮੀਦ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨਾ ਸਿਰਫ਼ ਲੋਕਾਂ ਨੂੰ ਬੇਵਕੂਫ ਬਣਾ ਰਹੇ ਸਨ ਸਗੋਂ ਰਾਸ਼ਟਰੀ ਖਜ਼ਾਨੇ ਨੂੰ ਵੀ ਨੁਕਸਾਨ ਪਹੁੰਚਾ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ ਕੋਰਟ ਕੰਪਲੈਕਸ ਦੇ ਬਾਹਰ 2 ਵਕੀਲਾਂ ’ਚ ਖੂਨੀ ਝੜਪ, ਔਰਤ ਦੇ ਪਾੜੇ ਕੱਪੜੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News