ਨਵਜੋਤ ਸਿੱਧੂ ਦੀ ਸਖਤੀ ਦੀ ਕੋਈ ਪ੍ਰਵਾਹ ਨਹੀਂ
Saturday, Sep 22, 2018 - 12:21 PM (IST)

ਜਲੰਧਰ (ਮਹੇਸ਼)— ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸਖਤੀ ਦੀ ਪ੍ਰਵਾਹ ਨਾ ਕਰਦੇ ਹੋਏ ਕਾਂਗਰਸੀ ਹੀ ਨਾਜਾਇਜ਼ ਕਾਲੋਨੀਆਂ ਕੱਟਣ ਤੋਂ ਬਾਜ਼ ਨਹੀਂ ਆ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਸ਼ੁੱਕਰਵਾਰ ਨੂੰ ਨੰਗਲ ਸ਼ਾਮਾ 'ਚ ਦੇਖਣ ਨੂੰ ਮਿਲੀ। ਜਿੱਥੇ ਕੱਟੀ ਜਾ ਰਹੀ ਇਕ ਨਾਜਾਇਜ਼ ਕਾਲੋਨੀ ਨੂੰ ਜਾਣ ਵਾਲੇ ਰਾਹ 'ਤੇ ਸੜਕ ਬਣਾਉਣ ਦਾ ਕੰਮ ਵੱਡੇ ਪੱਧਰ 'ਤੇ ਚੱਲ ਰਿਹਾ ਹੈ ਅਤੇ ਸੀਵਰੇਜ ਦੇ ਪਾਈਪ ਵੀ ਜੋੜਨ ਦੀ ਤਿਆਰੀ ਚੱਲ ਰਹੀ ਹੈ। ਇਸ ਨਾਜਾਇਜ਼ ਕਾਲੋਨੀ ਨੂੰ ਦੇਖ ਕੇ ਸਾਫ ਸਪੱਸ਼ਟ ਹੋ ਰਿਹਾ ਸੀ ਕਿ ਨਿਗਮ ਦੇ ਭ੍ਰਿਸ਼ਟ ਅਧਿਕਾਰੀ ਵੀ ਇਸ 'ਚ ਮਿਲੇ ਹੋਏ ਹਨ, ਜਿਸ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ। ਸਿੱਧੂ ਦੇ ਐਕਸ਼ਨ 'ਚ ਆਉਣ ਤੋਂ ਬਾਅਦ ਕੁਝ ਦੇਰ ਲਈ ਨਾਜਾਇਜ਼ ਕਾਲੋਨੀਆਂ ਕੱਟਣ ਵਾਲੇ ਕੁਝ ਨਰਮ ਪਏ ਸਨ ਪਰ ਬਾਅਦ ਵਿਚ ਉਹ ਫਿਰ ਪਹਿਲਾਂ ਦੀ ਤਰ੍ਹਾਂ ਆਪਣੇ ਕੰਮ ਨੂੰ ਅੰਜਾਮ ਦੇਣ ਲੱਗ ਪਏ।
ਇਸ ਕਾਲੋਨੀ ਬਾਰੇ ਨਿਗਮ ਦੇ ਬਿਲਡਿੰਗ ਵਿਭਾਗ ਦੇ ਇੰਸਪੈਕਟਰ ਨੀਰਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਪਰ ਉਹ ਮੌਕਾ ਦੇਖ ਕੇ ਤੁਰੰਤ ਕਾਰਵਾਈ ਕਰਨਗੇ। ਲੇਬਰ ਤੋਂ ਕੰਮ ਕਰਵਾ ਰਹੇ ਠੇਕੇਦਾਰ ਨੇ ਕਿਹਾ ਕਿ ਇਹ ਕਰੀਬ 50 ਮਰਲੇ ਜਗ੍ਹਾ ਹੈ ਜੋ ਕਿ 3 ਭਰਾਵਾਂ ਦੀ ਹੈ। ਉਨ੍ਹਾਂ ਦੇ ਕਹਿਣ 'ਤੇ ਇਕ ਕੰਮ ਕਰ ਰਹੇ ਹਨ। ਇਲਾਕੇ ਦੇ ਕਾਂਗਰਸੀ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਨੇ ਕਿਹਾ ਹੈ ਕਿ ਨੰਗਲ ਸ਼ਾਮਾ ਏਰੀਆ ਉਨ੍ਹਾਂ ਦੇ ਵਾਰਡ ਵਿਚ ਪੈਂਦਾ ਹੈ। ਜੇਕਰ ਉਨ੍ਹਾਂ ਦੇ ਵਾਰਡ ਵਿਚ ਕਿਤੇ ਵੀ ਕੋਈ ਨਾਜਾਇਜ਼ ਕਾਲੋਨੀ ਕੱਟੀ ਜਾਂਦੀ ਹੈ ਤਾਂ ਤੁਰੰਤ ਨਿਗਮ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਉਹ ਨਾ ਹੀ ਕਿਸੇ ਦੀ ਸਿਫਾਰਿਸ਼ ਕਰਨਗੇ ਅਤੇ ਨਾ ਹੀ ਨਿਗਮ ਨੂੰ ਗਲਤ ਕੰਮ ਕਰਨ ਤੋਂ ਮਨ੍ਹਾ ਕਰਨਗੇ।