ਰੂਪਨਗਰ: ਮੱਧ ਪ੍ਰਦੇਸ਼ ਤੋਂ ਚੱਲ ਰਹੇ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਦਾ ਪਰਦਾਫਾਸ਼, 20 ਪਿਸਤੌਲ ਤੇ 40 ਮੈਗਜ਼ੀਨ ਬਰਾਮਦ
Thursday, Dec 08, 2022 - 11:20 AM (IST)
ਰੂਪਨਗਰ (ਵਿਜੇ)-ਰੂਪਨਗਰ ਜ਼ਿਲ੍ਹਾ ਪੁਲਸ ਨੇ ਮੱਧ ਪ੍ਰਦੇਸ਼ ਤੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਦੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 20 ਪਿਸਤੌਲ 30/32 ਬੋਰ ਸਮੇਤ 40 ਮੈਗਜ਼ੀਨ ਬਰਾਮਦ ਕੀਤੇ। ਇਸ ਸਬੰਧ ’ਚ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਵਿਵੇਕ ਐੱਸ. ਸੋਨੀ ਨੇ ਪ੍ਰੈੱਸ ਕਾਨਫ਼ਰੰਸ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਪੰਜਾਬ ਵੱਲੋਂ ਗੈਰ-ਸਮਾਜੀ ਅਨਸਰਾਂ ਅਤੇ ਗੈਂਗਸਟਰਾਂ ਵਿਰੁੱਧ ਛੇੜੀ ਮੁਹਿੰਮ ਅਧੀਨ ਸਖ਼ਤ ਕਰਵਾਈ ਕਰਦੇ ਹੋਏ ਜ਼ਿਲ੍ਹਾ ਪੁਲਸ ਰੂਪਨਗਰ ਵੱਲੋਂ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰਾਂ ਦੇ ਅੰਤਰਰਾਜੀ ਗੈਂਗ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ਤਹਿਤ ਨਾਜਾਇਜ਼ ਹਥਿਆਰਾਂ ਦੇ ਕਾਰੋਬਾਰ ’ਚ ਲਿਪਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਵੇਕ ਐੱਸ. ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਨੇ 2 ਦਸੰਬਰ ਨੂੰ ਥਾਣਾ ਰੂਪਨਗਰ ਵਿਖੇ ਅਮਰੀਕਾ ਰਹਿਣ ਵਾਲੇ ਗੈਂਗਸਟਰ ਪਵਿੱਤਰ ਸਿੰਘ ਦੇ ਸਾਥੀ ਭਾਰਤ ਭੂਸ਼ਨ ਪੰਮੀ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ 4 ਪਿਸਟਲ ਅਤੇ 34 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਸਨ।
ਇਹ ਵੀ ਪੜ੍ਹੋ : ਕਪੂਰਥਲਾ: ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਪਿੱਜ਼ਾ ਲੈਣ ਗਏ 22 ਸਾਲਾ ਨੌਜਵਾਨ ਦੀ ਦਰਦਨਾਕ ਮੌਤ
ਮੁਲਜ਼ਮ ਤੋਂ ਪੜਤਾਲ ਦੌਰਾਨ ਪਤਾ ਲੱਗਾ ਸੀ ਕਿ ਉਹ ਮੱਧ ਪ੍ਰਦੇਸ ਤੋਂ ਹਥਿਆਰ ਲਿਆ ਕੇ ਪੰਜਾਬ ’ਚ ਸਪਲਾਈ ਕਰ ਰਿਹਾ ਸੀ, ਉਪਰੰਤ ਡੀ. ਐੱਸ. ਪੀ. ਡਿਟੈਕਟਿਵ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੰਚਾਰਜ ਸੀ. ਆਈ. ਏ. ਇੰਸਪੈਕਟਰ ਸਤਨਾਮ ਸਿੰਘ ਨੇ ਮੁਲਜ਼ਮ ਦੀਪਕ ਸਿੰਘ ਉਰਫ਼ ਪੰਮੀ ਉਰਫ਼ ਮਨੋਜ ਵਾਸੀ ਪਿੰਡ ਓਮਰਟੀ ਥਾਣਾ ਬਰਲਾ ਜ਼ਿਲ੍ਹਾ ਬਡਵਾਨੀ ਮੱਧ ਪ੍ਰਦੇਸ਼ ਨੂੰ ਮੁਕੱਦਮੇ ’ਚ ਨਾਮਜ਼ਦ ਕੀਤਾ। ਡੀ. ਐੱਸ. ਪੀ. ਡਿਟੈਕਟਿਵ ਤਲਵਿੰਦਰ ਸਿੰਘ ਗਿੱਲ ਦੀ ਟੀਮ ਨੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਧਾਰ ਥਾਣਾ ਗੰਧਵਾਨੀ ਦੇ ਪਿੰਡ ਖੜਕੀ-ਬਾਰੀਆ ਦੇ ਜੰਗਲ ਵਿਚ ਬਣਾਏ ਟਿਕਾਣੇ ਉੱਤੇ ਛਾਪੇਮਾਰੀ ਕੀਤੀ, ਜਿੱਥੋਂ 20 ਪਿਸਤੌਲ 30/32 ਬੋਰ ਸਮੇਤ 40 ਮੈਗਜ਼ੀਨ ਬਰਾਮਦ ਹੋਏ। ਜ਼ਿਲ੍ਹਾ ਪੁਲਸ ਮੁਖੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਦੀਪਕ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਸ ਦੀਆਂ ਟੀਮਾਂ ਮੱਧ ਪ੍ਰਦੇਸ਼ ਵਿਖੇ ਛਾਪੇਮਾਰੀ ਕਰ ਰਹੀਆਂ ਹਨ, ਜਿਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਯੂਰਪ ਜਾਂਦੇ ਸਮੇਂ ਕਪੂਰਥਲਾ ਦੇ ਵਿਅਕਤੀ ਦੀ ਰਸਤੇ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ