ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ 2 ਕਾਰ ਸਵਾਰ ਕਾਬੂ
Wednesday, Jan 27, 2021 - 01:44 PM (IST)
ਬਟਾਲਾ (ਬੇਰੀ)- ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ ਦੋ ਕਾਰ ਸਵਾਰ ਨੌਜਵਾਨਾਂ ਨੂੰ ਐਕਸਾਈਜ਼ ਸੈੱਲ ਵਲੋਂ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਸੈੱਲ ਬਟਾਲਾ ਦੇ ਇੰਚਾਰਜ ਬਲਵਿੰਦਰ ਸਿੰਘ ਜਾਲਮ ਨੇ ਦੱਸਿਆ ਕਿ ਐੱਸ.ਐੱਸ.ਪੀ ਬਟਾਲਾ ਰਛਪਾਲ ਸਿੰਘ ਦੇ ਦਿਸ਼ਾ ਨਿਰਦੇਸਾਂ ’ਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਉਨ੍ਹਾਂ ਦੀ ਅਗਵਾਈ ਹੇਠ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਇੰਡੀਗੋ ਕਾਰ ਨੰ.ਪੀ.ਬੀ.10.ਸੀ.ਪੀ.5104, ਨੂੰ ਸ਼ੱਕ ਦੀ ਬਿਨਾਂ ’ਤੇ ਹੰਸਲੀ ਪੁਲ ਡਰੇਨ ਬੈਂਕ ਕਾਲੋਨੀ ਵਿਖੇ ਏ.ਐੱਸ.ਆਈ ਸਵਿੰਦਰ ਸਿੰਘ ਤੇ ਟੀਮ ਵਲੋਂ ਚੈਕਿੰਗ ਲਈ ਰੋਕਿਆ ਗਿਆ ਤਾਂ ਉਸ ਵਿਚ ਦੋ ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ ਮੁੱਢਲੀ ਪੁੱਛਗਿਛ ਕਰਨ ’ਤੇ ਆਪਣੇ ਨਾਮ ਕ੍ਰਮਵਾਰ ਵਿਚ ਵਰੁਣ ਕੁਮਾਰ ਤੇ ਅਮਿਤ ਕੁਮਾਰ ਵਾਸੀਆਨ ਬਟਾਲਾ ਦੱਸੇ।
ਐਕਸਾਈਜ਼ ਸੈੱਲ ਬਟਾਲਾ ਦੇ ਇੰਚਾਰਜ ਬਲਵਿੰਦਰ ਸਿੰਘ ਜਾਲਮ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ 17 ਬੋਤਲਾਂ ਨਾਜਾਇਜ਼ ਸ਼ਰਾਬ ਦੇਸੀ ਠੇਕਾ ਮਾਰਕਾ ਕੈਸ਼ ਬਰਾਮਦ ਹੋਈ ਜਿਸ ਨੂੰ ਕਾਰ ਸਮੇਤ ਕਾਬੂ ਵਿਚ ਲੈ ਲਿਆ ਹੈ ਜਦਕਿ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨਾਂ ’ਤੇ ਪਹਿਲਾਂ ਵੀ ਨਾਜਾਇਜ਼ ਸ਼ਰਾਬ ਵੇਚਣ ਦੇ ਪਰਚੇ ਦਰਜ ਹਨ ਅਤੇ ਪੁੱਛਗਿਛ ਦੌਰਾਨ ਇਨ੍ਹਾਂ ਮੰਨਿਆ ਹੈ ਕਿ ਉਹ ਇਹ ਸ਼ਰਾਬ ਸ੍ਰੀ ਹਰਗੋਬਿੰਦਪੁਰ ਤੋਂ ਸਸਤੇ ਰੇਟ ’ਤੇ ਲਿਆ ਕੇ ਬਟਾਲਾ ਵਿਚ ਮਹਿੰਗੇ ਰੇਟ ’ਤੇ ਵੇਚਦੇ ਹਨ। ਏ.ਐੱਸ.ਆਈ ਰਵਿੰਦਰ ਕੁਮਾਰ ਮੁਤਾਬਕ ਉਕਤ ਦੋਵਾਂ ਨੌਜਵਾਨਾਂ ਖ਼ਿਲਾਫ਼ ਥਾਣਾ ਸਿਟੀਵਿਚ ਮੁਕੱਦਮਾ ਨੰ.8 ਦਰਜ ਕਰ ਦਿੱਤਾ ਗਿਆ ਹੈ। ਇਸ ਮੌਕੇ ਟੀਮ ਵਿਚ ਏ.ਐੱਸ.ਆਈ ਰਵਿੰਦਰ ਸਿੰਘ, ਇਮਾਨੂੰਅਲ, ਰਣਜੋਧ ਸਿੰਘ, ਸਰਕਲ ਇੰਚਾਰਜ ਸੁਖਰਾਜ ਗਿੱਲ ਸੁੱਖਾ, ਬਖਸ਼ੀਸ਼ ਸਿੰਘ, ਪਰਮਜੀਤ, ਬੂਟਾ ਸਿੰਘ ਆਦਿ ਹਾਜ਼ਰ ਸਨ।