ਚੋਣ ਜ਼ਾਬਤਾ ਲੱਗਣ ਦੇ ਹਫ਼ਤੇ ਬਾਅਦ ਵੀ ਨਹੀਂ ਹੋ ਸਕੀ ਨਾਜਾਇਜ਼ ਸਿਆਸੀ ਹੋਰਡਿੰਗਾ 'ਤੇ ਕਾਰਵਾਈ
Monday, Jan 17, 2022 - 04:36 PM (IST)
ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 8 ਜਨਵਰੀ ਨੂੰ ਚੋਣ ਕਮਿਸ਼ਨ ਵੱਲੋਂ ਸ਼ਡਿਊਲ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਤੁਰੰਤ ਬਾਅਦ ਡੀ. ਸੀ. ਅਤੇ ਕਮਿਸ਼ਨਰ ਵੱਲੋਂ ਨਗਰ ਨਿਗਮ ਅਧਿਕਾਰੀਆਂ ਨੂੰ 48 ਘੰਟਿਆਂ ਅੰਦਰ ਸਾਰੇ ਨਾਜਾਇਜ਼ ਸਿਆਸੀ ਹੋਰਡਿੰਗਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੇ ਆਧਾਰ 'ਤੇ ਵਿਧਾਨ ਸਭਾ ਹਲਕਾ ਵਾਈਜ਼ 7 ਟੀਮਾਂ ਦਾ ਗਠਨ ਵੀ ਕੀਤਾ ਗਿਆ ਪਰ ਇਕ ਹਫ਼ਤੇ ਤੋਂ ਜ਼ਿਆਦਾ ਦਾ ਸਮਾਂ ਬੀਤਣ ਤੋਂ ਬਾਅਦ ਵੀ ਨਾਜਾਇਜ਼ ਸਿਆਸੀ ਹੋਰਡਿੰਗਾਂ ਖ਼ਿਲਾਫ਼ ਕਾਰਵਾਈ ਪੂਰੀ ਨਹੀਂ ਹੋ ਸਕੀ ਹੈ।
ਇਸ ਦਾ ਸਬੂਤ ਇਹ ਹੈ ਕਿ ਚੋਣ ਕਮਿਸ਼ਨ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਸੀ ਵਿਜਿਲ ਐਪ ਜ਼ਰੀਏ ਪਹੁੰਚ ਰਹੀਆਂ ਸ਼ਿਕਾਇਤਾਂ ਦਾ ਜੋ ਡਾਟਾ ਸ਼ੇਅਰ ਕੀਤਾ ਜਾ ਰਿਹਾ ਹੈ, ਉਸ 'ਚ ਸਭ ਤੋਂ ਜ਼ਿਆਦਾ ਮਾਮਲੇ ਨਾਜਾਇਜ਼ ਸਿਆਸੀ ਹੋਰਡਿੰਗਾਂ ਨਾਲ ਸਬੰਧਿਤ ਹੀ ਆ ਰਹੇ ਹਨ। ਹਾਲਾਂਕਿ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਨਾਜਾਇਜ਼ ਸਿਆਸੀ ਹੋਰਡਿੰਗਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਸ ਤੋਂ ਸਾਫ਼ ਹੋ ਗਿਆ ਹੈ ਨਗਰ ਨਿਗਮ ਵੱਲੋਂ ਤੈਅ ਬਾਜ਼ਾਰੀ ਅਤੇ ਇਸ਼ਤਿਹਾਰ ਬ੍ਰਾਂਚ ਦੇ ਮੁਲਾਜ਼ਮਾਂ ਦੀਆਂ ਜਿਨ੍ਹਾਂ ਟੀਮਾਂ ਦਾ ਗਠਨ ਕੀਤਾ ਗਿਆ ਹੈ, ਉਨ੍ਹਾਂ ਦੀ ਵਰਕਿੰਗ ਸਿਰਫ ਮੇਨ ਰੋਡ 'ਤੇ ਹੀ ਸੀਮਤ ਹੈ ਅਤੇ ਅੰਦਰੂਨੀ ਇਲਾਕਿਆਂ 'ਚ ਲੱਗੇ ਹੋਏ ਗੈਰ ਕਾਨੂੰਨੀ ਸਿਆਸੀ ਹੋਰਡਿੰਗਾਂ ਖ਼ਿਲਾਫ਼ ਕਾਰਵਾਈ ਕਰਨ ਲਈ ਸ਼ਿਕਾਇਤਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।