ਖੇਤਾਂ ''ਚ ਰਹਿੰਦ-ਖੂੰਹਦ ਨੂੰ ਸਾੜੋਗੇ ਤਾਂ ਹੋਵੇਗਾ 15 ਹਜ਼ਾਰ ਤੱਕ ਜੁਰਮਾਨਾ
Saturday, Apr 28, 2018 - 12:30 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਖੇਤੀਬਾੜੀ ਪ੍ਰਧਾਨ ਦੇਸ਼ ਭਾਰਤ 'ਚ ਅਨੇਕਾਂ ਰਾਜਾਂ ਜਿਸ ਵਿਚ ਪੰਜਾਬ ਇਕ ਪ੍ਰਮੁੱਖ ਰਾਜ ਹੈ, 'ਚ ਫਸਲਾਂ ਅਤੇ ਵਿਸ਼ੇਸ਼ ਤੌਰ 'ਤੇ ਕਣਕ ਤੇ ਝੋਨੇ ਦੀ ਫਸਲ ਉਪਰੰਤ ਖੇਤਾਂ 'ਚ ਬਚੀ ਰਹਿੰਦ-ਖੂੰਹਦ (ਨਾੜ) ਨੂੰ ਅੱਗ ਲਾਉਣ ਦੀਆਂ ਘਟਨਾਵਾਂ ਆਮ ਤੌਰ 'ਤੇ ਦੇਖਣ ਨੂੰ ਮਿਲਦੀਆਂ ਹਨ।
ਖੇਤਾਂ 'ਚ ਪਈ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਹੋਣ ਵਾਲੀਆਂ ਸਮੱਸਿਆਵਾਂ ਪ੍ਰਤੀ ਭਾਰਤ ਦੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਗਿਆ ਹੈ, ਕੇਂਦਰ ਸਰਕਾਰ ਦੀ ਅਪੀਲ ਅਤੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਇਸ ਪ੍ਰਤੀ ਕੀਤੀਆਂ ਜਾਣ ਵਾਲੀਆਂ ਵਿਸ਼ੇਸ਼ ਕੋਸ਼ਿਸ਼ਾਂ ਦੇ ਬਾਵਜੂਦ ਖੇਤਾਂ 'ਚ ਨਾੜ ਸਾੜਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ।
ਸੈਟੇਲਾਈਟ ਰਾਹੀਂ ਟਾਸਕ ਫੋਰਸ ਰੱਖ ਰਹੀ ਹੈ 24 ਘੰਟੇ ਨਜ਼ਰ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਵਾਉਣ ਲਈ ਜ਼ਿਲੇ ਦੀ ਗਠਿਤ ਟਾਸਕ ਫੋਰਸ ਵੱਲੋਂ 24 ਘੰਟੇ ਸੈਟੇਲਾਈਟ ਤੋਂ ਨਜ਼ਰ ਰੱਖੀ ਜਾਂਦੀ ਹੈ ਅਤੇ ਜਿਥੇ ਵੀ ਨਾੜ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਉਂਦਾ ਹੈ, ਉਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਚਲਾਨ ਕੱਟਣ ਦੇ ਨਾਲ-ਨਾਲ ਧਾਰਾ 188 ਦੇ ਮਾਮਲੇ ਦਰਜ ਕੀਤੇ ਜਾਂਦੇ ਹਨ।
ਨਾੜ ਨੂੰ ਬਚਾਉਣ ਦੇ ਬਦਲਵੇਂ ਪ੍ਰਬੰਧਾਂ ਲਈ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ
ਕਿਸਾਨ ਮਨਜੀਤ ਸਿੰਘ, ਰਘੁਵੀਰ ਸਿੰਘ, ਗੁਰਦੀਪ ਸਿੰਘ, ਜਤਿੰਦਰ ਸਿੰਘ, ਮੱਖਣ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਬੈਂਸ ਦਾ ਕਹਿਣਾ ਹੈ ਕਿ ਨਾੜ ਸਾੜਨਾ ਇਸ ਲਈ ਜ਼ਰੂਰੀ ਹੈ ਤਾਂ ਕਿ ਅਗਲੀ ਫਸਲ ਦੀ ਬਿਜਾਈ 'ਚ ਸਮੱਸਿਆ ਨਾ ਆਏ। ਨਾੜ ਨਾ ਸਾੜਨ ਨਾਲ ਝੋਨੇ ਦੀ ਬਿਜਾਈ 'ਚ ਜਿਥੇ ਨਾੜ ਪਾਣੀ 'ਚ ਤੈਰਦਾ ਰਹਿੰਦਾ ਹੈ, ਉਥੇ ਹੀ ਮਜ਼ਦੂਰ ਨਾੜ ਵਾਲੇ ਖੇਤਾਂ ਦੀ ਬਿਜਾਈ ਲਈ ਮਨਾਹੀ ਕਰਦੇ ਹਨ ਅਤੇ ਜ਼ਿਆਦਾ ਰੇਟ ਦੀ ਮੰਗ ਕਰਦੇ ਹਨ, ਜਿਸ ਨਾਲ ਕਿਸਾਨਾਂ ਨੂੰ ਆਰਥਕ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਅਤੇ ਹੋਰ ਪ੍ਰਬੰਧਾਂ ਲਈ ਕਿਸਾਨਾਂ ਨੂੰ ਪ੍ਰਤੀ ਖੇਤ 5 ਹਜ਼ਾਰ ਰੁਪਏ ਮੁਆਵਜ਼ਾ ਦੇਣਾ ਚਾਹੀਦਾ ਹੈ।
ਨਾੜ ਨੂੰ ਅੱਗ ਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਹੁੰਦੀ ਹੈ ਘੱਟ
ਜ਼ਿਲਾ ਚੀਫ ਖੇਤੀਬਾੜੀ ਅਧਿਕਾਰੀ ਡਾ. ਗੁਰਬਖਸ਼ ਸਿੰਘ ਨੇ ਦੱਸਿਆ ਕਿ ਖੇਤਾਂ 'ਚ ਨਾੜ ਨੂੰ ਅੱਗ ਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਹੁੰਦੀ ਹੈ, ਖੇਤਾਂ ਅਤੇ ਸੜਕਾਂ ਕਿਨਾਰੇ ਲੱਗੇ ਰੁੱਖ ਨਸ਼ਟ ਹੋ ਜਾਂਦੇ ਹਨ ਤੇ ਭੂਮੀ 'ਚ ਪਾਏ ਜਾਣ ਵਾਲੇ ਮਿੱਤਰ ਕੀੜੇ ਜੋ ਦੁਸ਼ਮਣ ਕੀੜਿਆਂ ਤੋਂ ਫਸਲ ਦੀ ਰੱਖਿਆ ਕਰਦੇ ਹਨ, ਨਸ਼ਟ ਹੋ ਜਾਂਦੇ ਹਨ। ਇਥੋਂ ਤੱਕ ਨਾੜ ਨੂੰ ਅੱਗ ਲਾਉਣ ਨਾਲ ਪਸ਼ੂ-ਪੰਛੀ ਤੇ ਬਨਸਪਤੀ ਵੀ ਪ੍ਰਭਾਵਿਤ ਹੁੰਦੀ ਹੈ।
ਪੰਜਾਬ ਕੇਸਰੀ ਗਰੁੱਪ ਨੇ ਕੀਤੀ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ
ਪੰਜਾਬ ਕੇਸਰੀ ਗਰੁੱਪ ਨੇ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਵਾਢੀ ਤੋਂ ਬਾਅਦ ਅਗਲੀ ਫਸਲ ਦੀ ਤਿਆਰੀ ਲਈ ਖੇਤਾਂ 'ਚ ਬਚੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਤਾਂ ਕਿ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਬਣਾਏ ਰੱਖਣ ਦੇ ਨਾਲ-ਨਾਲ ਦੂਸ਼ਿਤ ਹੋਣ ਵਾਲੇ ਵਾਤਾਵਰਣ ਅਤੇ ਧੂੰਏਂ 'ਚ ਸਾਹ ਲੈਣ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ।
ਕੋਆਪ੍ਰੇਟਿਵ ਸੋਸਾਇਟੀਆਂ ਨਾੜ ਦੀਆਂ ਗੱਠਾਂ ਬਣਾਉਣ ਲਈ ਦੇ ਰਹੀਆਂ ਹਨ ਸਬਸਿਡੀ 'ਤੇ ਮਸ਼ੀਨਰੀ
ਕੋਅਪ੍ਰੇਟਿਵ ਸੋਸਾਇਟੀ ਦੇ ਸਕੱਤਰ ਅਮਰੀਕ ਸਿੰਘ ਬੇਗਮਪੁਰ ਨੇ ਦੱਸਿਆ ਕਿ ਸੋਸਾਇਟੀ ਕਿਸਾਨਾਂ ਨੂੰ ਨਾੜ ਨੂੰ ਖੇਤਾਂ ਦੀ ਮਿੱਟੀ 'ਚ ਮਿਲਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਸੋਸਾਇਟੀ ਵੱਲੋਂ ਖੇਤਾਂ ਤੋਂ ਨਾੜ ਦੀਆਂ ਗੱਠਾਂ ਬਣਾ ਕੇ ਇਕੱਠੇ ਕਰਨ ਲਈ ਸਟਰਾਅ ਬੇਲਰ ਪ੍ਰਤੀ ਖੇਤ 600 ਰੁਪਏ ਦੇ ਖਰਚ 'ਤੇ ਉਪਲੱਬਧ ਕਰਵਾਇਆ ਜਾਂਦਾ ਹੈ। ਇਕੱਠੀਆਂ ਗੱਠਾਂ ਦੀ ਪਾਵਰਕਾਮ ਪਲਾਂਟਾਂ 'ਚ ਫਿਊਲ ਦੇ ਤੌਰ 'ਤੇ ਵਰਤੋਂ ਹੁੰਦੀ ਹੈ, ਜਿਸ ਨਾਲ ਨਾ ਸਿਰਫ ਨਾੜ ਤੋਂ ਛੁਟਕਾਰਾ ਮਿਲਦਾ ਹੈ, ਸਗੋਂ ਫਿਊਲ ਵੀ ਹਾਸਲ ਹੁੰਦਾ ਹੈ। ਇਸੇ ਤਰ੍ਹਾਂ ਸੋਸਾਇਟੀ ਮਲਚਰ ਮਸ਼ੀਨ, ਜਿਸ ਨਾਲ ਨਾੜ ਨੂੰ ਖੇਤਾਂ ਦੀ ਮਿੱਟੀ 'ਚ ਮਿਲਾ ਕੇ ਭੂਮੀ ਦੀ ਉਪਜਾਊ ਸ਼ਕਤੀ ਵਧਾਈ ਜਾਂਦੀ ਹੈ। ਇਸ ਤੋਂ ਇਲਾਵਾ ਹੈਪੀ ਸੀਡਿੰਗ ਡਰਿੱਲ ਅਤੇ ਜ਼ੀਰੋ ਡਰਿੱਲ ਆਦਿ ਦੀ ਸਹੂਲਤ ਦਿੱਤੀ ਜਾਂਦੀ ਹੈ।
ਨਾੜ ਨੂੰ ਸਾੜਨ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਚਲਾ ਰਹੀ ਹੈ ਜਾਗਰੂਕਤਾ ਮੁਹਿੰਮ
ਕਿਸਾਨਾਂ ਨੂੰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਜ਼ਿਲੇ ਭਰ ਦੇ ਸਮੂਹ 474 ਪਿੰਡਾਂ 'ਚ 5 ਜਾਗਰੂਕਤਾ ਵੈਨਾਂ ਨੂੰ ਭੇਜ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਚਾਰ ਮਾਧਿਅਮ ਅਤੇ ਪਿੰਡਾਂ ਦੇ ਗੁਰਦੁਆਰਿਆਂ ਅਤੇ ਪੰਚਾਇਤਾਂ ਦਾ ਸਹਿਯੋਗ ਲੈ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਪੈਂਦੇ ਨੇ ਮਾੜੇ ਪ੍ਰਭਾਵ
1. ਵਾਤਾਵਰਣ ਦੂਸ਼ਿਤ ਹੁੰਦਾ ਹੈ।
2. ਸਕਿਨ ਸਪੈਸ਼ਲਿਸਟ ਡਾ. ਗੁਰਜੀਤ ਕੌਰ ਸੰਧੂ ਅਨੁਸਾਰ ਚਮੜੀ ਦੇ ਕਈ ਰੋਗ ਜਿਵੇਂ ਖਾਰਿਸ਼, ਐਲਰਜੀ ਆਦਿ ਹੋ ਸਕਦੀ ਹੈ।
3. ਦੂਸ਼ਿਤ ਵਾਤਾਵਰਣ 'ਚ ਸਾਹ ਲੈਣ ਨਾਲ ਕਈ ਬੀਮਾਰੀਆਂ ਜਿਵੇਂ ਖਾਂਸੀ, ਦਮਾ ਆਦਿ ਹੁੰਦੀਆਂ ਹਨ।
4. ਅੱਖਾਂ ਦੀ ਐਲਰਜੀ ਹੁੰਦੀ ਹੈ।
5. ਦਮੇ ਦੇ ਮਰੀਜ਼ ਲਈ ਇਹ ਧੂੰਆਂ ਜਾਨਲੇਵਾ ਹੁੰਦਾ ਹੈ।
6. ਮੁੱਖ ਤੇ ਲਿੰਕ ਸੜਕਾਂ 'ਤੇ ਧੂੰਏਂ ਦੌਰਾਨ ਸੜਕ ਹਾਦਸੇ ਹੋਣ ਦਾ ਖਤਰਾ ਹੁੰਦਾ ਹੈ।
ਨਾੜ ਨੂੰ ਅੱਗ ਲਾਉਣ 'ਤੇ ਹੈ ਸਜ਼ਾ ਦਾ ਪ੍ਰਬੰਧ
ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਦੱਸਿਆ ਕਿ ਨਾੜ ਨੂੰ ਅੱਗ ਲਾਉਣ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਗ੍ਰੀਨ ਟ੍ਰਿਬਿਊਨਲ ਵੱਲੋਂ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਦੇਸ਼ਾਂ ਤਹਿਤ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ 2500 ਰੁਪਏ ਤੋਂ ਲੈ ਕੇ 15 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਆਦੇਸ਼ਾਂ ਦੀ ਉਲੰਘਣਾ ਤਹਿਤ ਪੁਲਸ ਦੀ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਜਾ ਸਕਦਾ ਹੈ।