ਛੁੱਟੀਆਂ ''ਚ ਸ਼ਿਮਲਾ ਘੁੰਮਣ ਦਾ ਪਲਾਨ ਹੈ ਤਾਂ ਜ਼ਰਾ ਸੋਚ ਕੇ! ਕਿਉਂਕਿ 15 ਦਿਨ...
Tuesday, May 27, 2025 - 11:03 AM (IST)

ਚੰਡੀਗੜ੍ਹ (ਰੋਹਾਲ) : ਜੇਕਰ ਤੁਸੀਂ ਜੂਨ ਮਹੀਨੇ ’ਚ ਟੁਆਏ ਟਰੇਨ ਰਾਹੀਂ ਸ਼ਿਮਲਾ ਘੁੰਮਣ ਦਾ ਪ੍ਰੋਗਰਾਮ ਬਣਾਉਣ ਦਾ ਸੋਚ ਰਹੇ ਹੋ ਤਾਂ ਇਸ ਸਫ਼ਰ ਨੂੰ ਰੱਦ ਕਰਨ ਦੀ ਤਿਆਰੀ ਕਰ ਲਓ। ਉੱਤਰੀ ਰੇਲਵੇ ਦੀ ਅੰਬਾਲਾ ਡਵੀਜ਼ਨ ਵੱਲੋਂ ਕਾਲਕਾ-ਸ਼ਿਮਲਾ ਟਰੈਕ ਦੀ ਮੁਰੰਮਤ ਕਾਰਜਾਂ ਦੇ ਕਾਰਨ ਇਸ ਟਰੈਕ ’ਤੇ ਟਰੇਨ ਦੀ ਆਵਾਜਾਈ ਜੂਨ ਮਹੀਨੇ ’ਚ 15 ਦਿਨਾਂ ਲਈ ਬੰਦ ਰਹੇਗੀ। ਅਗਸਤ 2023 ’ਚ ਸ਼ਿਮਲਾ ਨੇੜੇ ਭਾਰੀ ਮੀਂਹ ਤੇ ਲੈਂਡ ਸਲਾਈਡਿੰਗ ਕਾਰਨ ਟਰੈਕ ਦਾ ਇਕ ਪੁਲ ਵਹਿ ਗਿਆ ਸੀ, ਜਿਸ ਨਾਲ ਕਾਲਕਾ-ਸ਼ਿਮਲਾ ਰੇਲਵੇ ਟਰੈਕ ਨੂੰ ਕਾਫੀ ਨੁਕਸਾਨ ਹੋਇਆ ਸੀ। ਉਸ ਸਮੇਂ ਅਸਥਾਈ ਪੁਲ ਬਣਾ ਕੇ ਰੇਲ ਆਵਾਜਾਈ ਨੂੰ ਮੁੜ ਚਾਲੂ ਕੀਤਾ ਗਿਆ ਸੀ ਪਰ ਹੁਣ ਇਸ ਨਵੇਂ ਪੁਲ ਦੀ ਪੂਰੀ ਮੁਰੰਮਤ ਜੂਨ ਮਹੀਨੇ ’ਚ ਕੀਤੀ ਜਾਵੇਗੀ।
ਭਾਰੀ ਲੈਂਡ ਸਲਾਈਡਿੰਗ ਨਾਲ ਵਹਿ ਗਿਆ ਸੀ ਪੁਲ
11 ਅਗਸਤ 2023 ਨੂੰ ਸ਼ਿਮਲਾ ਤੋਂ 5 ਕਿਲੋਮੀਟਰ ਪਹਿਲਾਂ ਸਮਰਹਿਲ ਨੇੜੇ ਉੱਪਰਲੀ ਪਹਾੜੀ ਤੋਂ ਹੋਈ ਇਕ ਵੱਡੇ ਲੈਂਡ ਸਲਾਈਡਿੰਗ ਕਾਰਨ 21 ਲੋਕ ਮਾਰੇ ਗਏ ਸਨ। ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟਡੀਜ਼ ਦੀ ਇਤਿਹਾਸਕ ਇਮਾਰਤ ਦੇ ਪਿਛਲੇ ਹਿੱਸੇ ਦੇ ਢਹਿ ਜਾਣ ਕਾਰਨ ਇਹ ਤਬਾਹੀ ਹੋਈ ਸੀ। ਪਹਾੜੀ ਤੋਂ ਭਾਰੀ ਮਾਤਰਾ ਵਿਚ ਆਏ ਮਲਬੇ ’ਚ ਐੱਚ. ਪੀ. ਯੂਨੀਵਰਸਿਟੀ ਨੂੰ ਜਾਣ ਵਾਲੀ ਸੜਕ ਅਤੇ ਕਾਲਕਾ ਸ਼ਿਮਲਾ ਟਰੈਕ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਕਾਲਕਾ-ਸ਼ਿਮਲਾ ਟਰੈਕ ’ਤੇ ਇਸ ਥਾਂ ’ਤੇ ਇਕ ਪੁਲ ਟੁੱਟ ਗਿਆ ਸੀ ਅਤੇ ਟਰੈਕ ਹਵਾ ’ਚ ਲਟਕ ਰਿਹਾ ਸੀ। ਇਸ ਤੋਂ ਬਾਅਦ ਕਈ ਮਹੀਨਿਆਂ ਤੱਕ ਟਰੈਕ ਬੰਦ ਰਹਿਣ ਤੋਂ ਬਾਅਦ ਇਸ ਜਗ੍ਹਾਂ ’ਤੇ ਇਕ ਨਵਾਂ ਅਸਥਾਈ ਪੁਲ ਬਣਾ ਕੇ ਰੇਲ ਆਵਾਜਾਈ ਸ਼ੁਰੂ ਕੀਤੀ ਗਈ ਪਰ ਹੁਣ ਇਸ ਥਾਂ ’ਤੇ ਪੁਲ ਦਾ ਬਾਕੀ ਰਹਿੰਦਾ ਕੰਮ 15 ਦਿਨਾਂ ’ਚ ਪੂਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਗਰਮੀਆਂ ਦੇ ਸੀਜ਼ਨ ਦੌਰਾਨ ਪਾਵਰਕਾਮ ਨੇ ਜਾਰੀ ਕੀਤੇ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
123 ਸਾਲ ਪੁਰਾਣੇ ਵਿਰਾਸਤੀ ਡਿਜ਼ਾਈਨ ’ਤੇ ਬਣਾਇਆ ਜਾਵੇਗਾ ਪੁਲ
1903 ’ਚ ਸ਼ੁਰੂ ਹੋਈ ਕਾਲਕਾ-ਸ਼ਿਮਲਾ ਰੇਲਵੇ ਲਾਈਨ ਦੇ 100 ਸਾਲ ਪੂਰੇ ਹੋਣ ’ਤੇ 2003 ਵਿਚ ਤਤਕਾਲੀ ਰੇਲਵੇ ਮੰਤਰੀ ਨਿਤੀਸ਼ ਕੁਮਾਰ ਦੇ ਕਾਰਜਕਾਲ ਦੌਰਾਨ ਇਸ ਟਰੈਕ ਲਈ ਯੂਨੈਸਕੋ ਤੋਂ ਵਿਰਾਸਤੀ ਦਰਜਾ ਮੰਗਿਆ ਗਿਆ ਸੀ। ਜੁਲਾਈ 2008 ’ਚ ਇਸ ਟਰੈਕ ਨੂੰ ਯੂਨੈਸਕੋ ਦੁਆਰਾ ਵਿਰਾਸਤੀ ਦਰਜਾ ਦਿੱਤਾ ਗਿਆ ਸੀ। 123 ਸਾਲ ਪੁਰਾਣਾ ਟਰੈਕ ਖ਼ਰਾਬ ਮੌਸਮ ਕਾਰਨ ਕਈ ਵਾਰ ਨੁਕਸਾਨਿਆ ਗਿਆ ਹੈ ਪਰ ਹਰ ਵਾਰ ਰੇਲਵੇ ਨੇ ਆਪਣੀ ਵਿਰਾਸਤੀ ਸਥਿਤੀ ਮੁਤਾਬਕ ਨੁਕਸਾਨ ਦੀ ਮੁਰੰਮਤ ਕੀਤੀ ਹੈ। 2023 ਦੇ ਹਾਦਸੇ ’ਚ ਸਮਰਹਿਲ ਨੇੜੇ ਨੁਕਸਾਨੇ ਟਰੈਕ ਨੂੰ ਬਹਾਲ ਕਰਨ ਲਈ ਪੁਲ ਬਣਾਇਆ ਗਿਆ ਸੀ। ਇਸ ਤੋਂ ਬਾਅਦ ਯੂਨੈਸਕੋ ਟੀਮ ਨੇ ਇਸ ਟਰੈਕ ਦਾ ਦੌਰਾ ਕੀਤਾ। ਯੂਨੈਸਕੋ ਟੀਮ ਨੇ ਇਸ ਨਵੇਂ ਬਣੇ ਅਸਥਾਈ ਪੁਲ ਨੂੰ ਪੁਰਾਣੇ ਡਿਜ਼ਾਈਨ ’ਚ ਬਣਾਉਣ ਦੀ ਸਲਾਹ ਵੀ ਦਿੱਤੀ ਸੀ। ਅਸਲ ’ਚ ਇਸ ਟਰੈਕ ’ਤੇ ਸਾਰੇ ਪੁਲ ਰੋਮਨ ਆਰਕੀਟੈਕਟਾਂ ਦੀ ਮਲਟੀ ਆਰਚਡ ਗੈਲਰੀ ਨਿਰਮਾਣ ਡਿਜ਼ਾਈਨ ਸ਼ੈਲੀ ’ਚ ਬਣਾਏ ਗਏ ਹਨ। ਹਰੇਕ ਪੁਲ ਕਈ ਸਟੇਜ਼ ’ਤੇ ਬਣਿਆ ਹੈ ਤੇ ਪੁਲ ਦੇ ਹਰੇਕ ਪੱਧਰ ਦੀ ਆਪਣੀ ਬਣਤਰ ਹੈ, ਜੋ ਇੱਕੋ ਸਮੇਂ ਤਿਆਰ ਨਹੀਂ ਹੋਇਆ। ਇਸੇ ਲਈ ਇਸ ਥਾਂ ’ਤੇ ਬਣੇ ਨਵੇਂ ਪੁਲ ਨੂੰ ਸ਼ਾਇਦ ਪੁਰਾਣੇ ਡਿਜ਼ਾਈਨ ’ਚ ਹੀ ਡਿਜ਼ਾਈਨ ਕੀਤਾ ਜਾਵੇਗਾ। ਇਹ ਪੁਲ ਬਹੁਤ ਵੱਡਾ ਨਹੀਂ ਹੈ ਪਰ ਇਸ ਟਰੈਕ ਦੇ ਵਿਰਾਸਤੀ ਦਰਜੇ ਨੂੰ ਦੇਖਦਿਆਂ ਵਿਰਾਸਤੀ ਡਿਜ਼ਾਈਨ ਅਨੁਸਾਰ ਪੁਲ, ਟਰੈਕ ਤੇ ਰਿਟੇਨਿੰਗ ਵਾਲਾਂ ਬਣਾਉਣੀਆਂ ਜ਼ਰੂਰੀ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਨਵੇਂ ਹੁਕਮ ਜਾਰੀ, ਜ਼ਰੂਰ ਪੜ੍ਹਨ ਮਾਪੇ
ਟਰੈਕ ’ਤੇ ਚੱਲ ਰਹੀਆਂ ਹਨ 6 ਰੇਲਗੱਡੀਆਂ, ਰੇਲ ਮੋਟਰ ਤੇ ਵਿਸਟਾਡੋਮ
ਇਸ ਵੇਲੇ ਕਾਲਕਾ-ਸ਼ਿਮਲਾ ਟਰੈਕ ’ਤੇ 6 ਰੂਟੀਨ ਟੁਆਏ ਟਰੇਨ ਤੋਂ ਇਲਾਵਾ ਸਾਊਂਡਪਰੂਫ ਪੈਨੋਰਾਮਿਕ ਵਿਸਟਾਡੋਮ ਰੇਲਗੱਡੀ ਤੇ ਰੇਲ ਮੋਟਰ ਕਾਰ ਵੀ ਚੱਲ ਰਹੀ ਹੈ। 96 ਕਿਲੋਮੀਟਰ ਲੰਬੇ ਇਸ ਟਰੈਕ ’ਤੇ ਹੁਣ 18 ਸਟੇਸ਼ਨ, 102 ਸੁਰੰਗਾਂ ਤੇ 988 ਛੋਟੇ-ਵੱਡੇ ਪੁਲ ਹਨ। ਹਾਲਾਂਕਿ ਹੁਣ ਟਰੈਕ ’ਤੇ ਜ਼ਿਆਦਾ ਯਾਤਰੀ ਨਾ ਹੋਣ ਕਾਰਨ ਕੁੱਝ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਾਲਕਾ ਤੇ ਸ਼ਿਮਲਾ ਵਿਚਾਲੇ ਯਾਤਰਾ ਦਾ ਸਮਾਂ ਘਟਾਉਣ ਲਈ ਕੁਝ ਸਟੇਸ਼ਨਾਂ ’ਤੇ ਰੇਲਗੱਡੀਆਂ ਨਹੀਂ ਰੁਕਦੀਆਂ। ਟਰੇਨ ਹੁਣ ਕੁਝ ਸਟੇਸ਼ਨਾਂ ਜਿਵੇਂ ਕਿ ਸਨਵਾਰਾ, ਕੋਟੀ, ਗੁੰਮਨ, ਟਕਸਾਲ ’ਤੇ ਨਹੀਂ ਰੁਕਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8