ਗਮਾਡਾ ਅਧਿਕਾਰੀ ਪਹਿਲਾਂ ਸੋਚ ਲੈਂਦੇ ਤਾਂ ਅੱਜ ਤੋੜਨੇ ਨਾ ਪੈਂਦੇ ''ਪਿੱਲਰ''

Tuesday, Jun 13, 2017 - 03:58 AM (IST)

ਗਮਾਡਾ ਅਧਿਕਾਰੀ ਪਹਿਲਾਂ ਸੋਚ ਲੈਂਦੇ ਤਾਂ ਅੱਜ ਤੋੜਨੇ ਨਾ ਪੈਂਦੇ ''ਪਿੱਲਰ''

ਮੋਹਾਲੀ,    (ਕੁਲਦੀਪ)-  ਸ਼ਹਿਰ ਦੇ ਫੇਜ਼-4 ਅਤੇ 5 ਦੀ ਡਿਵਾਈਡਿੰਗ ਰੋਡ 'ਤੇ ਬਰਸਾਤੀ ਪਾਣੀ ਦੇ ਵਹਾਅ ਨੂੰ ਠੀਕ ਕਰਨ ਦੇ ਮਕਸਦ ਨਾਲ ਕਰੀਬ ਤਿੰਨ ਸਾਲ ਪਹਿਲਾਂ ਕਾਜ-ਵੇਅ ਬਣਾਉਂਦੇ ਸਮੇਂ ਜੋ ਦਸ ਪਿੱਲਰ ਲਗਾਏ ਗਏ ਸਨ, ਉਹ ਅੱਜ ਇਸ ਲਈ ਤੋੜਨੇ ਪੈ ਗਏ ਕਿਉਂਕਿ ਇਨ੍ਹਾਂ ਦੀ ਵਜ੍ਹਾ ਨਾਲ ਬਰਸਾਤੀ ਪਾਣੀ ਦੇ ਵਹਾਅ ਵਿਚ ਵਿਘਨ ਪੈ ਰਿਹਾ ਸੀ । ਹੁਣ ਇਥੇ ਪਾਣੀ ਦੇ ਵਹਾਅ ਵਿਚ ਮੁਸ਼ਕਿਲ ਨਹੀਂ ਆਵੇਗੀ । ਐੱਚ. ਐੱਮ. ਹਾਊਸਿਜ਼ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਗਮਾਡਾ ਤੋਂ ਰਿਟਾਇਰਡ ਐਕਸੀਅਨ ਐੱਨ. ਐੱਸ. ਕਲਸੀ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਜਦੋਂ ਫੇਜ਼-4 ਅਤੇ 5 ਵਿਚ ਬਰਸਾਤੀ ਪਾਣੀ ਦੀ ਵਜ੍ਹਾ ਨਾਲ ਹੜ੍ਹ ਵਾਲੀ ਹਾਲਤ ਬਣ ਗਈ ਸੀ ਤਾਂ ਉਸ ਸਮੇਂ ਗਮਾਡਾ ਦੇ ਅਧਿਕਾਰੀਆਂ ਵਿਚ ਮੁੱਖ ਪ੍ਰਸ਼ਾਸਕ ਏ. ਕੇ. ਸਿਨਹਾ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨੇ ਪਹੁੰਚ ਕਰਕੇ ਸਮੱਸਿਆ ਦੇ ਹੱਲ ਲਈ ਪਲਾਨਿੰਗ ਕੀਤੀ ਸੀ । 
ਇਸ ਪਲਾਨਿੰਗ ਤਹਿਤ ਗਮਾਡਾ ਨੇ ਇਥੇ ਕਾਜ-ਵੇਅ ਬਣਾਇਆ ਸੀ । ਕਾਜ-ਵੇਅ ਬਣਾਉਣ ਤੋਂ ਪਹਿਲਾਂ ਲੋਕਾਂ ਨੇ ਗਮਾਡਾ ਅਧਿਕਾਰੀਆਂ ਨੂੰ ਕਿਹਾ ਸੀ ਕਿ ਇਥੇ ਜੋ ਪਿੱਲਰ ਬਣਾਏ ਜਾਣੇ ਹਨ, ਉਨ੍ਹਾਂ ਨੂੰ ਅੰਡਰ ਗਰਾਊਡ ਬਣਾ ਕੇ ਰੇਲਿੰਗ ਲਗਾਈ ਜਾਵੇ, ਤਾਂ ਕਿ ਪਾਣੀ ਦੀ ਨਿਕਾਸੀ ਵਿਚ ਇਹ ਪਿੱਲਰ ਅੜਚਣ ਨਾ ਬਣ ਸਕਣ । ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲ ਨੂੰ ਨਹੀਂ ਸੁਣਿਆ ਅਤੇ ਕਾਜ-ਵੇਅ ਦੇ ਬਾਹਰ ਵਾਲੀ ਸਾਈਡ ਹੀ ਪਿੱਲਰ ਖੜ੍ਹੇ ਕਰ ਦਿੱਤੇ । ਬਾਅਦ ਵਿਚ ਜਦੋਂ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿਚ ਫਿਰ ਵੜਨ ਲਗ ਪਿਆ ਤਾਂ ਉਨ੍ਹਾਂ ਨੇ ਸਾਲ 2012 ਵਿਚ ਗਮਾਡਾ ਨੂੰ ਸ਼ਿਕਾਇਤ ਕੀਤੀ ਅਤੇ ਦੱਸਿਆ ਕਿ ਇਨ੍ਹਾਂ ਪਿੱਲਰਾਂ ਦੀ ਵਜ੍ਹਾ ਨਾਲ ਇਥੇ 25 ਫ਼ੀਸਦੀ ਪਾਣੀ ਦਾ ਵਹਾਅ ਰੁਕ ਰਿਹਾ ਹੈ ਅਤੇ ਇਹ ਪਿੱਲਰ ਹਟਾ ਕੇ ਅੰਡਰ ਗਰਾਊਂਡ ਬਣਾਏ ਜਾਣੇ ਚਾਹੀਦੇ ਹਨ, ਉਸਦੇ ਬਾਵਜੂਦ ਵੀ ਗਮਾਡਾ ਅਧਿਕਾਰੀਆਂ ਨੇ ਕੋਈ ਸੁਣਵਾਈ ਨਹੀਂ ਕੀਤੀ । 
ਕਰੀਬ ਤਿੰਨ ਸਾਲ ਗਮਾਡਾ ਦਫ਼ਤਰ ਦੇ ਚੱਕਰ ਲਗਾਉਣ ਤੋਂ ਬਾਅਦ ਹੁਣ ਉਨ੍ਹਾਂ ਨੇ ਗਮਾਡਾ ਦੇ ਐੱਸ. ਈ.  ਦਵਿੰਦਰ ਸਿੰਘ ਨੂੰ ਮਿਲ ਕੇ ਆਪਣੀ ਸਮੱਸਿਆ ਦੱਸੀ ਤਾਂ ਉਨ੍ਹਾਂ ਨੇ ਲੋਕਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਇਹ ਪਿੱਲਰ ਤੋੜ ਕੇ ਅੰਡਰ ਗਰਾਊਂਡ ਕਰਵਾਉਣ ਦੇ ਹੁਕਮ ਦਿੱਤੇ, ਜਿਸਦੇ ਕਾਰਨ ਅੱਜ ਪਿੱਲਰ ਤੋੜਨੇ ਸ਼ੁਰੂ ਕਰ ਦਿੱਤੇ ਗਏ। 
ਸ਼੍ਰੀ ਕਲਸੀ ਦਾ ਕਹਿਣਾ ਸੀ ਕਿ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਗਮਾਡਾ ਦੇ ਅਧਿਕਾਰੀ ਲੋਕਾਂ ਦੇ ਸੁਝਾਵਾਂ ਨੂੰ ਵੀ ਅਣਸੁਣਿਆ ਕਰ ਦਿੰਦੇ ਹਨ ਅਤੇ ਫਿਰ ਬਾਅਦ ਵਿਚ ਸਰਕਾਰੀ ਪੈਸੇ ਦਾ ਨੁਕਸਾਨ ਹੁੰਦਾ ਹੈ ਜੇਕਰ ਇਹੀ ਸੁਝਾਅ ਅਧਿਕਾਰੀਆਂ ਨੇ ਤਿੰਨ ਸਾਲ ਪਹਿਲਾਂ ਮੰਨਿਆ ਹੁੰਦਾ ਤਾਂ ਅੱਜ ਪਿੱਲਰ ਦੋਬਾਰਾ ਤੋੜਨੇ ਨਾ ਪੈਂਦੇ ਅਤੇ ਗਮਾਡਾ ਦੇ ਪੈਸੇ ਦੀ ਬਰਬਾਦੀ ਨਾ ਹੁੰਦੀ। 


Related News