'ਜੇਕਰ ਅਡਾਨੀ ਅਤੇ ਅੰਬਾਨੀ ਨੇ ਟੈਂਪੂ ਭਰ ਕੇ ਕਾਂਗਰਸ ਨੂੰ ਭੇਜਿਆ ਹੈ ਕਾਲਾ ਧਨ ਤਾਂ ED ਅਤੇ CBI ਕੀ ਕਰ ਰਹੀਆਂ ਹਨ'

05/26/2024 2:11:53 PM

ਜਲੰਧਰ (ਅਨਿਲ ਪਾਹਵਾ) - ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਜੈਰਾਮ ਰਮੇਸ਼ ਨੇ ਜਿੱਥੇ ਦੇਸ਼ ’ਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ, ਉਥੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਤੋਂ ਹੀ ਸਾਬਕਾ ਪ੍ਰਧਾਨ ਮੰਤਰੀ ਕਹਿਣਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਭਾਜਪਾ ਦੇ ‘400 ਪਾਰ ਦੇ ਨਾਅਰੇ ਨੂੰ ਝੂਠਾ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਪਾਰਟੀ ਇਸ ਨੂੰ ਫਿਰਕੂ ਰੰਗ ਦੇ ਕੇ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਕਈ ਹੋਰ ਮੁੱਦਿਆਂ ’ਤੇ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਲੋਕਾਂ ਨੂੰ ਮਿਲ ਰਹੀ ਰਾਹਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ ਪੇਸ਼ ਹਨ :-

ਭਾਜਪਾ 400 ਪਾਰ ਦਾ ਨਾਅਰਾ ਲਾ ਰਹੀ ਹੈ, ਇਸ ’ਤੇ ਕੀ ਕਹੋਗੇ ਤੁਸੀਂ

ਬਿਲਕੁਲ ਨਹੀਂ, ਭਾਜਪਾ ਦਾ ਇਹ ਨਾਅਰਾ ਹੁਣ ਬਦਲ ਗਿਆ ਹੈ। ਜਦੋਂ ਅਸੀਂ 400 ਪਾਰ ਦੇ ਨਾਅਰੇ ਦੇ ਪਿੱਛੇ ਦਾ ਰਾਜ਼ ਖੋਲ੍ਹ ਦਿੱਤਾ ਤਾਂ ਉਨ੍ਹਾਂ ਨੇ ਆਪਣਾ ਇਹ ਨਾਅਰਾ ਬੰਦ ਕਰ ਦਿੱਤਾ ਹੈ। ਭਾਜਪਾ ਸੰਵਿਧਾਨ ਬਦਲਣ ਲਈ ਲੋਕਾਂ ਤੋਂ ਵੋਟਾਂ ਮੰਗ ਰਹੀ ਸੀ। ਜੋ ਸੰਵਿਧਾਨ 26 ਨਵੰਬਰ, 1950 ਨੂੰ ਦੇਸ਼ ’ਚ ਅਪਣਾਇਆ ਗਿਆ ਸੀ, ਭਾਜਪਾ ਅਤੇ ਆਰ. ਐੱਸ. ਐੱਸ. ਇਸ ਸੰਵਿਧਾਨ ਖਿਲਾਫ ਹਮੇਸ਼ਾ ਰਹੇ ਹਨ ਕਿਉਂਕਿ ਭਾਜਪਾ ਨੇ ਹਮੇਸ਼ਾ ਇਸ ਸੰਵਿਧਾਨ ’ਚ ਖਾਮੀਆਂ ਕੱਢੀਆਂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ’ਚ ਮਨੂਵਾਦੀ ਆਦਰਸ਼ ਨਹੀਂ ਹਨ, ਮਨੂਵਾਦੀ ਕਦਰਾਂ-ਕੀਮਤਾਂ ਤੋਂ ਪ੍ਰੇਰਨਾ ਨਹੀਂ ਲਈ ਗਈ ਹੈ। ਪਰ ਦੇਸ਼ ਭਰ ਦੇ ਦਲਿਤ ਅਤੇ ਪੱਛੜੇ ਵਰਗ ਦੇ ਲੋਕ ਭਾਜਪਾ ਦੇ ਇਨ੍ਹਾਂ ਇਰਾਦਿਆਂ ਨੂੰ ਸਮਝ ਚੁੱਕੇ ਹਨ, ਇਸੇ ਲਈ 19 ਅਪ੍ਰੈਲ ਤੋਂ ਬਾਅਦ ਭਾਜਪਾ ਨੇ ਆਪਣਾ 400 ਪਾਰ ਨਾਅਰਾ ਬਦਲ ਦਿੱਤਾ।ਭਾਜਪਾ ਪਹਿਲਾਂ ਕਹਿ ਰਹੀ ਸੀ ਕਿ ਮੋਦੀ ਦੀ ਗਾਰੰਟੀ, ਵਿਕਸਤ ਭਾਰਤ ਪਰ 19 ਅਪ੍ਰੈਲ ਅਤੇ 27 ਅਪ੍ਰੈਲ ਨੂੰ ਹੋਈਆਂ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਆਪਣੀ ਰਣਨੀਤੀ ਬਦਲ ਲਈ ਹੈ। ਵੋਟਿੰਗ ਦੇ ਪਹਿਲੇ ਅਤੇ ਦੂਜੇ ਪੜਾਅ ’ਚ ਇਹ ਸਪੱਸ਼ਟ ਹੋ ਗਿਆ ਸੀ ਕਿ ਦੱਖਣੀ ਭਾਰਤ ’ਚ ਭਾਜਪਾ ਦਾ ਸਫਾਇਆ ਹੋ ਗਿਆ ਹੈ ਅਤੇ ਉੱਤਰੀ ਭਾਰਤ, ਪੱਛਮੀ ਭਾਰਤ ਅਤੇ ਪੂਰਬੀ ਭਾਰਤ ’ਚ ਭਾਜਪਾ ਅੱਧੀ ਰਹਿ ਗਈ ਹੈ। ਹੁਣ ਭਾਜਪਾ ਨੇ ਆਪਣਾ 400 ਪਾਰ ਕਰਨ ਦਾ ਆਪਣਾ ਨਾਅਰਾ ਬਦਲ ਲਿਆ ਹੈ। ਪ੍ਰਧਾਨ ਮੰਤਰੀ ਝੂਠ ਬੋਲਦੇ ਹਨ। ਉਹ ਆਪਣੇ ਹੀ ਬਿਆਨਾਂ ਦਾ ਖੰਡਨ ਕਰਦੇ ਹਨ। 17 ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਮੂੰਹੋਂ ਇਹ ਬਿਆਨ ਆਇਆ ਸੀ ਕਿ ਅਡਾਨੀ ਅਤੇ ਅੰਬਾਨੀ ਆਪਣਾ ਕਾਲਾ ਧਨ ਟੈਂਪੂ ਰਾਹੀਂ ਕਾਂਗਰਸ ਦੇ ਦਫਤਰ ’ਚ ਭੇਜ ਰਹੇ ਹਨ। ਜੇਕਰ ਇਸ ਗੱਲ ’ਚ ਸੱਚਾਈ ਹੈ ਅਤੇ ਤੁਹਾਨੂੰ ਪਤਾ ਹੈ ਕਿ ਕਾਲਾ ਧਨ ਅਡਾਨੀ ਅਤੇ ਅੰਬਾਨੀ ਕੋਲ ਹੈ ਤਾਂ ਤੁਸੀਂ ਈ. ਡੀ. ਦੀ ਕਾਰਵਾਈ ਕਿਉਂ ਨਹੀਂ ਕਰਦੇ। 8 ਨਵੰਬਰ 2016 ਨੂੰ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਨੋਟਬੰਦੀ ਕਰ ਰਿਹਾ ਹਾਂ ਅਤੇ ਇਸ ਰਾਹੀਂ ਕਾਲਾ ਧਨ ਫੜਿਆ ਜਾਵੇਗਾ ਅਤੇ ਅੱਜ ਉਨ੍ਹਾਂ ਦਾ ਇਹ ਬਿਆਨ ਸਾਬਿਤ ਕਰ ਰਿਹਾ ਹੈ ਕਿ ਦੇਸ਼ ’ਚ ਕਾਲਾ ਧਨ ਖਤਮ ਨਹੀਂ ਹੋਇਆ ਹੈ।

ਕਾਂਗਰਸ ਅਤੇ ਭਾਜਪਾ ਦੇ ਕਾਰਜਕਾਲ ’ਚ ਕੀ ਫਰਕ ਹੈ

ਸਾਡੇ ਰਾਜ ’ਚ ਦੇਸ਼ ਦੇ ਕਿਸਾਨ ਇੰਨੇ ਨਾਰਾਜ਼ ਨਹੀਂ ਸਨ ਪਰ ਮੋਦੀ ਦੀ ਸਰਕਾਰ ’ਚ ਕਿਸਾਨਾਂ ਨੂੰ ਕਾਲੇ ਕਾਨੂੰਨਾਂ ਨੂੰ ਹਟਾਉਣ ਲਈ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਮੇਂ ਇਕ ਸਿਲੰਡਰ 440 ਰੁਪਏ ਵਿਚ ਮਿਲਦਾ ਸੀ, ਅੱਜ ਓਹੀ ਸਿਲੰਡਰ 1100 ਰੁਪਏ ’ਚ ਮਿਲ ਰਿਹਾ ਹੈ ਅਤੇ ਜੋ ਸਾਡੀ ਸਰਕਾਰ ਦੌਰਾਨ ਮੰਤਰੀ ਗੈਸ ਸਿਲੰਡਰ ਨੂੰ ਲੈ ਕੇ ਰੌਲਾ ਪਾ ਰਹੇ ਸਨ ਸਨ, ਓਹੀ ਲੋਕ ਅੱਜ ਸਿਲੰਡਰ 1100 ਰੁਪਏ ’ਚ ਮਿਲਣ ’ਤੇ ਬਿਲਕੁਲ ਚੁੱਪ ਬੈਠੇ ਹਨ ਕਿਉਂਕਿ ਉਹ ਸਾਰੇ ਮੰਤਰੀ ਮੰਡਲ ’ਚ ਹਨ। ਮੈਂ ਖਾਸ ਤੌਰ ’ਤੇ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਲੋਕ ਸਭਕੁੱਝ ਜਾਣਦੇ ਹਨ।

ਕੀ ‘ਇੰਡੀਆ’ ਗੱਠਜੋੜ ਭਾਜਪਾ ਨਾਲ ਮੁਕਾਬਲਾ ਕਰ ਸਕੇਗਾ?

ਮੈਂ ‘ਇੰਡੀਆ’ ਗੱਠਜੋੜ ਨਹੀਂ ਕਹਾਂਗਾ, ਇਹ ਜਨਬੰਧਨ ਹੈ। ਸਿਰਫ਼ ਕਾਂਗਰਸ ਹੀ ਭਾਜਪਾ ਦੇ ਖਿਲਾਫ ਨਹੀਂ ਲੜ ਰਹੀ ਹੈ, ਸਗੋਂ ਦੇਸ਼ ਦੇ ਲੋਕ, ਕਿਸਾਨ, ਨੌਜਵਾਨ, ਔਰਤਾਂ, ਦਲਿਤ ਅਤੇ ਆਦਿਵਾਸੀ ਇਹ ਸਾਰੇ ਇਸ ਦਾ ਮੁਕਾਬਲਾ ਕਰ ਰਹੇ ਹਨ। ਪਹਿਲੇ ਦੋ ਪੜਾਵਾਂ ’ਚ ਜਨਤਾ ਦੀ ਨਾਰਾਜ਼ਗੀ ਸਾਫ਼ ਨਜ਼ਰ ਆਈ ਹੈ ਅਤੇ ਹੁਣ 428 ਸੀਟਾਂ ’ਤੇ ਚੋਣਾਂ ਹੋ ਚੁੱਕੀਆਂ ਹਨ, ਆਖਰੀ ਪੜਾਅ ਬਾਕੀ ਹੈ। ਤੁਸੀਂ ਦੇਖੋ, 2004 ’ਚ ਇਹ ਚੋਣਾਂ 20 ਦਿਨਾਂ ’ਚ ਖਤਮ ਹੋਈਆਂ ਸਨ ਪਰ ਇਸ ਵਾਰ ਇਹ ਚੋਣਾਂ 42 ਦਿਨਾਂ ਤੱਕ ਖਿੱਚ ਦਿੱਤੀਆਂ ਗਈਆਂ। ਮੈਂ ਚੋਣ ਕਮਿਸ਼ਨ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਿਸ ਦੇ ਫਾਇਦੇ ਲਈ ਤੁਸੀਂ ਇਸ ਨੂੰ 42 ਦਿਨਾਂ ਤੱਕ ਖਿੱਚਿਆ। ਚੋਣ ਕਮਿਸ਼ਨ ਨੂੰ ਜਿਸ ਤਰ੍ਹਾਂ ਦੀ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਸੀ, ਉਹ ਇਨ੍ਹਾਂ ਚੋਣਾਂ ’ਚ ਨਜ਼ਰ ਨਹੀਂ ਆਇਆ।

‘ਇੰਡੀਆ’ ਗੱਠਜੋੜ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ?

ਸਾਡੇ ਦੇਸ਼ ’ਚ ਚੋਣਾਂ ਕੌਣ ਬਣੇਗਾ ਪ੍ਰਧਾਨ ਮੰਤਰੀ ਲਈ ਨਹੀਂ ਹੁੰਦੀਆਂ, ਅਸੀਂ ਇਕ ਪਾਰਟੀ ਕੇਂਦਰਿਤ ਲੋਕਤੰਤਰ ਹਾਂ, ਪਾਰਟੀ ਕੇਂਦਰਿਤ ਲੋਕਤੰਤਰ ਹਾਂ। ਜਿਸ ਪਾਰਟੀ ਨੂੰ ਲੋਕ ਫ਼ਤਵਾ ਮਿਲਦਾ ਹੈ, ਉਹੀ ਪਾਰਟੀ ਆਪਣਾ ਨੇਤਾ ਚੁਣਦੀ ਹੈ ਅਤੇ ਉਹੀ ਨੇਤਾ ਪ੍ਰਧਾਨ ਮੰਤਰੀ ਬਣਦਾ ਹੈ। 2004 ’ਚ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ 2-3 ਦਿਨ ਦਾ ਸਮਾਂ ਲੱਗਾ ਸੀ ਪਰ ਇਸ ਵਾਰ 20 ਸਾਲ ਬਾਅਦ 2024 ’ਚ ਪ੍ਰਧਾਨ ਮੰਤਰੀ ਚੁਣਨ ’ਚ ਇਕ ਦਿਨ ਦਾ ਸਮਾਂ ਵੀ ਨਹੀਂ ਲੱਗੇਗਾ। 4 ਤਰੀਕ ਨੂੰ ਲੋਕ ਫਤਵਾ ਮਿਲੇਗਾ ਅਤੇ 5 ਨੂੰ ‘ਇੰਡੀਆ’ ਗੱਠਜੋੜ ਦੀਆਂ ਪਾਰਟੀਆਂ ਆਪਣਾ ਨੇਤਾ ਚੁਣਨਗੀਆਂ।

ਕੀ ਗੱਠਜੋੜ 'ਚ ਕੁਝ ਮੁੱਦਿਆਂ ਨੂੰ ਲੈ ਕੇ ਵਿਵਾਦ ਨਹੀਂ ਪੈਦਾ ਹੋਵੇਗਾ?

ਮੈਨੂੰ ਨਹੀਂ ਲਗਦਾ। ਅਜਿਹੇ ਗੱਠਜੋੜਾਂ 'ਚ ਜਿਹੜੀ ਪਾਰਟੀ ਸਭ ਤੋਂ ਵੱਡੀ ਹੁੰਦੀ ਹੈ ਅਤੇ ਜਿਸ ਕੋਲ ਸਭ ਤੋਂ ਵੱਧ ਸੀਟਾਂ ਹੁੰਦੀਆਂ ਹਨ, ਉਸ ਪਾਰਟੀ ਦਾ ਨੇਤਾ ਹੀ ਪ੍ਰਧਾਨ ਮੰਤਰੀ ਬਣਦਾ ਹੈ । ਇਸ 'ਚ ਬਹਿਸ ਦਾ ਕੋਈ ਵਿਸ਼ਾ ਨਹੀਂ ਹੈ। ਸਾਡੀ ਤਰਜੀਹ ਕਿਸਾਨ, ਮਜ਼ਦੂਰ, ਨੌਜਵਾਨ, ਔਰਤਾਂ ਅਤੇ ਪੱਛੜੇ ਵਰਗ ਹਨ। ਇਨ੍ਹਾਂ ਪੰਜ ਮੁੱਦਿਆਂ 'ਤੇ ਸਾਡਾ ਫੋਕਸ ਰਹੇਗਾ।

ਲੋਕ ਸਭਾ ਚੋਣਾਂ ’ਚ ਕਾਂਗਰਸ ਕਿੰਨੀਆਂ ਸੀਟਾਂ ਜਿੱਤ ਸਕੇਗੀ?

‘ਇੰਡੀਆ’ ਗੱਠਜੋੜ ਨੂੰ ਸਪੱਸ਼ਟ ਅਤੇ ਨਿਰਣਾਇਕ ਲੋਕ ਫਤਵਾ ਮਿਲੇਗਾ, ਜਿਸ ਤਰ੍ਹਾਂ 2004 ’ਚ ਮਿਲਿਆ ਸੀ। ਮੈਂ ਇਹ ਕਹਾਂਗਾ ਕਿ ਅਜਿਹੇ ਕਈ ਸੂਬੇ ਹਨ ਜਿਵੇਂ ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ, ਜਿੱਥੇ 2019 ’ਚ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਸੀ ਪਰ ਇਸ ਵਾਰ ਇਨ੍ਹਾਂ ਸੂਬਿਆਂ ’ਚ ਸਾਡਾ ਪ੍ਰਦਰਸ਼ਨ ਬਹੁਤ ਮਜ਼ਬੂਤ ​​ਹੋਵੇਗਾ ਅਤੇ ਸਾਨੂੰ ਬਹੁਤ ਵਧੀਆ ਸੀਟਾਂ ਆਉਣਗੀਆਂ।

ਦੱਖਣ ਭਾਰਤ ’ਚ ਸੀਟਾਂ ਨੂੰ ਲੈ ਕੇ ਕਾਨਫੀਡੈਂਟ ਹੈ ਭਾਜਪਾ, ਤੁਸੀਂ ਕੀ ਕਹੋਗੇ?

ਦੱਖਣ ਭਾਰਤ ’ਚ ਭਾਜਪਾ ਬਿਲਕੁੱਲ ਸਾਫ਼ ਹੋ ਗਈ ਹੈ। ਕੇਰਲ, ਤਾਮਿਲਨਾਡੂ, ਕਰਨਾਟਕ ’ਚ ਹਾਫ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ’ਚ ਜੋ ਭਾਜਪਾ ਦਾਅਵੇ ਕਰ ਰਹੀ ਹੈ, ਉਹ ਬਿਲਕੁਲ ਜ਼ਮੀਨੀ ਹਕੀਕਤ ਤੋਂ ਉਲਟ ਹਨ। ਹਾਂ, ਰਾਜਸਥਾਨ, ਬਿਹਾਰ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕਰਨਾਟਕ, ਤੇਲੰਗਾਨਾ ਵਰਗੇ ਕੁਝ ਸੂਬਿਆਂ ’ਚ 2019 ’ਚ ਸਿਖਰ ’ਤੇ ਸੀ ਪਰ ਇਸ ਵਾਰ ਉਨ੍ਹਾਂ ਦਾ ਡਿੱਗਣਾ ਤੈਅ ਹੈ।

ਰਾਖਵਾਂਕਰਨ ਨੂੰ ਲੈ ਕੇ ਭਾਜਪਾ ਕਾਂਗਰਸ ਨੂੰ ਘੇਰ ਰਹੀ ਹੈ, ਤੁਹਾਨੂੰ ਕੀ ਲੱਗਦਾ ਹੈ?

ਭਾਜਪਾ ਹਮੇਸ਼ਾ ਝੂਠਾ ਪ੍ਰਚਾਰ ਕਰਦੀ ਹੈ ਕਿ ਅਸੀਂ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਦੇ ਪੱਖ ’ਚ ਹਾਂ। ਅਸੀਂ ਹਮੇਸ਼ਾ ਜਦੋਂ ਵੀ ਰਾਖਵਾਂਕਰਨ ਦਿੱਤਾ, ਸਮਾਜਿਕ ਅਤੇ ਆਰਥਿਕ ਪੱਛੜੇਪਣ ਦੇ ਆਧਾਰ ’ਤੇ ਦਿੱਤਾ ਹੈ। ਇਹ ਗੱਲ ਸਹੀ ਹੈ ਕਿ 1994 ’ਚ ਕੁਝ ਮੁਸਲਮਾਨ, ਕ੍ਰਿਸ਼ਚੀਅਨ ਅਤੇ ਬੁੱਧ ਧਰਮ ਦੇ ਘੱਟ ਗਿਣਤੀਆਂ ਨੂੰ ਰਾਖਵਾਂਕਰਨ ਮਿਲਿਆ ਹੈ ਪਰ ਇਹ ਰਾਖਵਾਂਕਰਨ ਸਮਾਜਿਕ ਅਤੇ ਆਰਥਿਕ ਆਧਾਰ ’ਤੇ ਦਿੱਤਾ ਗਿਆ ਹੈ, ਨਾ ਕਿ ਧਰਮ ਦੇ ਆਧਾਰ ’ਤੇ। ਜੇ ਪ੍ਰਧਾਨ ਮੰਤਰੀ ਜਾਤੀ ਆਧਾਰਿਤ ਮਰਦਮਸ਼ੁਮਾਰੀ ਨਹੀਂ ਕਰਵਾਉਣਗੇ ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕਿੰਨੇ ਲੋਕ ਕਿਸ ਜਾਤੀ ਦੇ ਹਨ। 1992 ’ਚ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿ ਐੱਸ. ਸੀ., ਐੱਸ. ਟੀ. ਅਤੇ ਓ. ਬੀ. ਸੀ. ਦੀ 50 ਫੀਸਦੀ ਦੀ ਹੱਦ ਪਾਰ ਨਹੀਂ ਕਰ ਸਕਦੇ। ਤਾਮਿਲਨਾਡੂ ਇਕਲੌਤਾ ਅਜਿਹਾ ਸੂਬਾ ਹੈ, ਜਿੱਥੇ ਰਾਖਵਾਂਕਰਨ 69 ਫੀਸਦੀ ਹੈ ਪਰ ਸਾਡਾ ਸੰਵਿਧਾਨ ਇਸ ਨੂੰ ਸੁਰੱਖਿਅਤ ਰੱਖਦਾ ਹੈ, ਕਿਉਂਕਿ 1994 ’ਚ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੀ ਸਰਕਾਰ ’ਚ ਇਸ ਨੂੰ ਸਾਡੇ ਸੰਵਿਧਾਨ ਦੀ ਨਵੀਂ ਸੂਚੀ ਵਿਚ ਸ਼ਾਮਲ ਕੀਤਾ ਅਤੇ ਕਿਸੇ ਸੂਬੇ ਦੇ ਰਾਖਵਾਂਕਰਨ ਦਾ ਐਕਟ ਸੂਚੀ ’ਚ ਨਹੀਂ ਹੈ। ਸਾਡਾ ਪ੍ਰਧਾਨ ਮੰਤਰੀ ਨੂੰ ਇਕ ਹੀ ਸਵਾਲ ਹੈ ਕਿ ਉਹ ਜਾਤੀ ਆਧਾਰਿਤ ਮਰਦਮਸ਼ੁਮਾਰੀ ਕਰਵਾਉਣਗੇ ਜਾਂ ਨਹੀਂ। 50 ਫੀਸਦੀ ਦੀ ਹੱਦ ਨਹੀਂ ਵਧਾਉਣਗੇ ਤਾਂ ਐੱਸ. ਸੀ., ਐੱਸ. ਟੀ. ਅਤੇ ਓ. ਬੀ. ਸੀ. ਨੂੰ ਪੂਰੇ ਅਧਿਕਾਰ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ’ਤੇ ਪ੍ਰਧਾਨ ਮੰਤਰੀ ਕੁਝ ਬੋਲ ਨਹੀਂ ਰਹੇ। ਪ੍ਰਧਾਨ ਮੰਤਰੀ ਦੀ ਇਕ ਹੀ ਰਣਨੀਤੀ ਹੈ ਕਿ ਅਸਲ ਮੁੱਦਿਆਂ ਤੋਂ ਧਿਆਨ ਹਟਾਉਣਾ ਅਤੇ ਇਤਿਹਾਸ ਨੂੰ ਲੈ ਕੇ ਲੰਬੀਆਂ-ਲੰਬੀਆਂ ਗੱਲਾਂ ਕਰਦੇ ਰਹਿਣਾ।

ਪੰਜਾਬ ’ਚ ਕਾਂਗਰਸ ਦੀ ਸਥਿਤੀ ਕੀ ਹੈ?

ਪ੍ਰਧਾਨ ਮੰਤਰੀ 10 ਸਾਲ ਪਹਿਲਾਂ ਨਿਕਲੇ ਸਨ ਕਾਂਗਰਸ ਮੁਕਤ ਭਾਰਤ ਬਣਾਉਣ ਲਈ ਪਰ ਇਹ ਤਾਂ ਕਾਂਗਰਸ ਯੁਕਤ ਭਾਜਪਾ ਹੋ ਗਈ। ਹਰਿਆਣਾ ’ਚ 10 ’ਚੋਂ 6 ਉਮੀਦਵਾਰ ਜੋ ਕਾਂਗਰਸ ’ਚ ਸਨ, ਹੁਣ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹਨ। ਪੰਜਾਬ ’ਚ ਵੀ ਕੁਝ ਅਜਿਹੇ ਹੀ ਨੇਤਾ ਹਨ। ਲੁਧਿਆਣਾ ’ਚ ਵੀ ਭਾਜਪਾ ਦਾ ਉਮੀਦਵਾਰ ਕਾਂਗਰਸ ਦਾ ਹੀ ਇਕ ਮਾਈਗ੍ਰੇਟ ਵਰਕਰ ਹੈ। ਇੱਥੇ ਆਮ ਆਦਮੀ ਪਾਰਟੀ ਨਾਲ ਸਾਡਾ ਕੋਈ ਗੱਠਜੋੜ ਨਹੀਂ ਹੈ। ਅਸੀਂ ਪੰਜਾਬ ’ਚ ਕਾਂਗਰਸ ਪਾਰਟੀ ਲਈ ਹੀ ਵੋਟਾਂ ਮੰਗ ਰਹੇ ਹਾਂ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਜਨਤਾ ਨੇ ਸਾਨੂੰ ਵਿਰੋਧੀ ਧਿਰ ’ਚ ਬੈਠਣ ਲਈ ਲੋਕ ਫਤਵਾ ਦਿੱਤਾ ਸੀ। ਪੰਜਾਬ ਕਾਂਗਰਸ ਬਿਲਕੁਲ ਨਹੀਂ ਚਾਹੁੰਦੀ ਸੀ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋਵੇ। ਕਾਂਗਰਸ ਇਕ ਲੋਕਤੰਤਰੀ ਪਾਰਟੀ ਹੈ, ਸਾਨੂੰ ਜੋ ਸਟੇਟ ਪਾਰਟੀ ਕਹਿੰਦਾ ਹੈ, ਅਸੀਂ ਉਸ ਦਾ ਆਦਰ ਕਰਦੇ ਹਾਂ ਅਤੇ ਉਸ ਦੀ ਪਾਲਣਾ ਕਰਦੇ ਹਾਂ।

ਪੰਜਾਬ ’ਚ ਜੇਕਰ ਕਾਂਗਰਸ ਨੂੰ ਬਹੁਮਤ ਮਿਲਦਾ ਹੈ ਤਾਂ ਕੀ ਆਮ ਆਦਮੀ ਪਾਰਟੀ ਨਾਲ ਵਿਵਾਦ ਨਹੀਂ ਹੋਵੇਗਾ?

ਇਸ ’ਚ ਕੋਈ ਦੋ-ਰਾਵਾਂ ਨਹੀਂ ਹਨ। ਇਕ ਵਿਅਕਤੀ ਦੇ ਦੋ ਪੈਰ ਹੁੰਦੇ ਹਨ, ਦੋਵੇਂ ਪੈਰ ਮਹੱਤਵ ਰੱਖਦੇ ਹਨ। ਇਕ ਪੰਜਾਬ ਦਾ ਪੈਰ ਹੈ, ਜਿੱਥੇ ਅਸੀਂ ਆਮ ਆਦਮੀ ਖਿਲਾਫ ਅਸੀਂ ਲੜ ਰਹੇ ਹਾਂ ਅਤੇ ਦੂਜਾ ਦਿੱਲੀ ਦਾ ਪੈਰ ਹੈ, ਜਿੱਥੇ ਆਮ ਆਦਮੀ ਪਾਰਟੀ ਸਾਡੇ ਨਾਲ ਖੜ੍ਹੀ ਹੈ ਕਿਉਂਕਿ ਸੂਬਾ ਪੱਧਰ ’ਤੇ ਮੁੱਦੇ ਵੱਖਰੇ ਹੁੰਦੇ ਹਨ ਅਤੇ ਰਾਸ਼ਟਰੀ ਪੱਧਰ ’ਤੇ ਮੁੱਦੇ ਕੁਝ ਵੱਖਰੇ ਹੁੰਦੇ ਹਨ। ਸਾਡਾ ਦਿੱਲੀ ’ਚ ਮੁੱਖ ਵਿਰੋਧੀ ਨਰਿੰਦਰ ਮੋਦੀ ਅਤੇ ਭਾਜਪਾ ਹੈ, ਜਦਕਿ ਪੰਜਾਬ ’ਚ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਹੈ।

ਕੇਂਦਰ ’ਚ ਸਰਕਾਰ ਬਣੀ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਰਹੇਗੀ?

ਇਹ ਸਭ ਪ੍ਰਧਾਨ ਮੰਤਰੀ ਤੈਅ ਕਰਨਗੇ, ਇਕ ਤਾਲਮੇਲ ਕਮੇਟੀ ਬਣੇਗੀ, ਜਿਹੜੇ ਪੰਜਾਬ ਦੇ ਸੰਸਦ ਮੈਂਬਰ ਚੁਣ ਕੇ ਆਉਣਗੇ, ਉਹ ਪੰਜਾਬ ਦੀ ਸਥਿਤੀ ਨੂੰ ਲੈ ਕੇ ਫੈਸਲਾ ਲੈਣਗੇ। ਪੰਜਾਬ ਨਾਲ ਸਬੰਧਤ ਜੋ ਮੁੱਦੇ ਹੋਣਗੇ, ਉਸੇ ਆਧਾਰ ’ਤੇ ਫੈਸਲਾ ਲਿਆ ਜਾਵੇਗਾ। ਸਭ ਤੋਂ ਵੱਡੀ ਸਮੱਸਿਆ ਪੰਜਾਬ ’ਚ ਕਿਸਾਨਾਂ ਦੀ ਹੈ। ਐੱਮ. ਐੱਸ. ਪੀ. ਨੂੰ ਲੀਗਲ ਗਾਰੰਟੀ ਦੇਣਾ, ਕਰਜ਼ਾ ਮੁਆਫ਼ ਕਰਨਾ, ਦਰਾਮਦ-ਬਰਾਮਦ ਪਾਲਿਸੀ ਬਣਾਉਣਾ ਅਤੇ ਭੋਂ ਪ੍ਰਾਪਤੀ ਕਾਨੂੰਨ, ਜਿਸ ਨੂੰ ਕਮਜ਼ੋਰ ਕੀਤਾ ਗਿਆ ਹੈ, ਉਸ ਨੂੰ ਮਜ਼ਬੂਤ ਕਰਨਾ ਹੈ। ਲੁਧਿਆਣਾ, ਜਲੰਧਰ, ਬਟਾਲਾ ਵਰਗੇ ਸ਼ਹਿਰਾਂ ’ਚ ਲਘੂ ਉਦਯੋਗ ਜੋ ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਨ ਬੰਦ ਪਏ ਹੋਏ ਹਨ, ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਅਸੀਂ ਹੱਲ ਕਰਨਾ ਹੈ। ਖਾਸ ਕਰ ਕੇ ਇੱਥੋਂ ਦੇ ਵਾਤਾਵਰਣ ਨੂੰ ਲੈ ਕੇ ਵੀ ਕਈ ਅਹਿਮ ਮੁੱਦੇ ਹਨ, ਜਿਵੇਂ ਕਿ ਹਵਾ ਪ੍ਰਦੂਸ਼ਣ ਹੋ ਰਿਹਾ ਹੈ, ਲੋਕਾਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ, ਇਹ ਕਾਫੀ ਗੰਭੀਰ ਸਮੱਸਿਆਵਾਂ ਹਨ। ਮੈਂ ਜਦੋਂ 10-12 ਸਾਲ ਪਹਿਲਾਂ ਪੌਣਪਾਣੀ ਤਬਦੀਲੀ ਦੀ ਗੱਲ ਕੀਤੀ ਸੀ ਤਾਂ ਇਸੇ ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਦਾ ਵਿਰੋਧ ਕੀਤਾ ਪਰ ਅੱਜ ਉਹੀ ਭਾਜਪਾ ਵਾਤਾਵਰਣ ਨੂੰ ਲੈ ਕੇ ਵਿਸ਼ਵਗੁਰੂ ਬਣਨਾ ਚਾਹੁੰਦੀ ਹੈ।

ਪੰਜਾਬ ’ਚ ‘ਆਪ’ ਦਾ ਵਿਰੋਧ ਪਰ ਦਿੱਲੀ ’ਚ ਸਹਿਯੋਗ, ਕੀ ਇਹ ਵੋਟਰ ਦੇ ਨਾਲ ਧੋਖਾ ਨਹੀਂ?

ਬਿਲਕੁਲ ਧੋਖਾ ਨਹੀਂ ਹੋਵੇਗਾ। 4 ਜੂਨ ਨੂੰ ਸਾਨੂੰ ਲੋਕ ਫਤਵਾ ਮਿਲਣ ਜਾ ਰਿਹਾ ਹੈ। ‘ਇੰਡੀਆ’ ਗੱਠਜੋੜ ਦਾ ਪਹਿਲਾ ਕਦਮ ਪੰਜਾਬ ਦੇ ਕਿਸਾਨਾਂ ਲਈ ਹੋਵੇਗਾ, ਪੰਜਾਬ ਦੀਆਂ ਤਰਜੀਹਾਂ ਲਈ ਹੋਵੇਗਾ, ਪੰਜਾਬ ’ਚ ਅਮਨ ਤੇ ਸ਼ਾਂਤੀ ਵਿਗਾੜਨ ਲਈ ਜੋ ਸਾਜ਼ਿਸ਼ ਭਾਜਪਾ ਰਚ ਰਹੀ ਹੈ, ਉਸ ਦੇ ਖਿਲਾਫ ਹੋਵੇਗਾ। ਪਹਿਲਾ ਕਦਮ ਕਿਸਾਨਾਂ ਲਈ ਐੱਮ. ਐੱਸ. ਪੀ. ਨੂੰ ਲਾਗੂ ਕਰਨਾ ਹੋਵੇਗਾ, ਜਦੋਂਕਿ ਦੂਜਾ ਕਦਮ ਕਰਜ਼ਾ ਮੁਆਫੀ ਹੋਵੇਗਾ। ਅਸੀਂ 2008 ’ਚ ਡਾ. ਮਨਮੋਹਨ ਸਿੰਘ ਦੀ ਸਰਕਾਰ ’ਚ 72,000 ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਸੀ, ਜਿਸ ਵਿਚ 5 ਲੱਖ ਕਿਸਾਨ ਪੰਜਾਬ ਦੇ ਸਨ ਅਤੇ ਹੁਣ ਵੇਖੋ ਪਿਛਲੇ 10 ਸਾਲਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਪੂੰਜੀਪਤੀਆਂ ਦਾ 16,00,000 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ, ਨਾ ਕਿ ਕਿਸਾਨਾਂ ਦਾ। ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਪਰ ਇਹ ਬਹੁਤ ਮੰਦਭਾਗਾ ਹੈ ਕਿ ਮੋਦੀ ਸਰਕਾਰ ’ਚ ਕਿਸਾਨਾਂ ਦਾ ਅਪਮਾਨ ਤੇ ਚੰਦਾ ਦਾਤਿਆਂ ਦਾ ਸਨਮਾਨ ਕੀਤਾ ਜਾਂਦਾ ਹੈ। ਅੰਨਦਾਤਾ ਦਾ ਸਨਮਾਨ ਸਾਡੇ ‘ਇੰਡੀਆ’ ਗੱਠਜੋੜ ਦਾ ਮੂਲ ਸਿਧਾਂਤ ਹੋਵੇਗਾ।

ਪੰਜਾਬ ’ਚ ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ?

ਜ਼ਿਆਦਾਤਰ ਸੀਟਾਂ ਕਾਂਗਰਸ ਨੂੰ ਹੀ ਆਉਣਗੀਆਂ। ਅਸੀਂ ਸਾਰੀਆਂ ਸੀਟਾਂ ’ਤੇ ਮਜ਼ਬੂਤ ਢੰਗ ਨਾਲ ਲੜ ਰਹੇ ਹਾਂ ਅਤੇ ਜ਼ਿਆਦਾਤਰ ਸੀਟਾਂ ਅਸੀਂ ਲਿਆਵਾਂਗੇ। ਪੰਜਾਬ ’ਚ ਲੋਕਾਂ ਵਿਚ ਭਾਜਪਾ ਪ੍ਰਤੀ ਬਹੁਤ ਗੁੱਸਾ ਹੈ ਅਤੇ ਭਾਜਪਾ ਦੇ ਕਈ ਉਮੀਦਵਾਰ ਤਾਂ ਪਿੰਡਾਂ ਵਿਚ ਵੋਟਾਂ ਮੰਗਣ ਤਕ ਨਹੀਂ ਜਾ ਸਕੇ ਪਰ ਮੈਂ ਇੰਨਾ ਕਹਿਣਾ ਚਾਹੁੰਦਾ ਹਾਂ ਕਿ ‘ਇੰਡੀਆ’ ਗੱਠਜੋੜ ਨੂੰ ਕੌਮੀ ਪੱਧਰ ’ਤੇ ਜੋ ਲੋਕ ਫਤਵਾ ਮਿਲੇਗਾ, ਉਸ ਵਿਚ ਪੰਜਾਬ ਵਾਸੀਆਂ ਦੀ ਬਹੁਤ ਵੱਡੀ ਭੂਮਿਕਾ ਹੋਵੇਗੀ।

ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਕੀ ਕਾਂਗਰਸ ਛੱਡਣ ਵਾਲਿਆਂ ਦੀ ਘਰ ਵਾਪਸੀ ਹੋਵੇਗੀ?

ਅਜਿਹਾ ਬਿਲਕੁਲ ਨਹੀਂ ਹੋਵੇਗਾ। ਜਿਹੜੇ ਲੋਕ ਇਕ ਵਾਰ ਪਾਰਟੀ ਛੱਡ ਕੇ ਜਾ ਚੁੱਕੇ ਹਨ, ਉਨ੍ਹਾਂ ਦੀ ਘਰ ਵਾਪਸੀ ਦੀ ਜ਼ਰਾ ਵੀ ਸੰਭਾਵਨਾ ਨਹੀਂ ਹੋਵੇਗੀ। ਮੌਕਾਪ੍ਰਸਤ ਲੋਕਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਜੇ ਕਾਂਗਰਸ ਵਿਚ ਰਹਿਣਾ ਹੈ ਤਾਂ ਉਸ ਦੀ ਵਿਚਾਰਧਾਰਾ ’ਤੇ ਵਿਸ਼ਵਾਸ ਰੱਖਣਾ ਹੋਵੇਗਾ। ਕਈ ਲੋਕਾਂ ਨੇ ਕਾਂਗਰਸ ਨੂੰ ਰੇਲਵੇ ਪਲੇਟਫਾਰਮ ਸਮਝਿਆ ਹੋਇਆ ਹੈ। ਪਾਰਟੀ ਨੇ ਜਿਨ੍ਹਾਂ ਲੋਕਾਂ ਨੂੰ ਮੰਤਰੀ ਬਣਾਇਆ, ਸੰਸਦ ਮੈਂਬਰ ਬਣਾਇਆ, ਮੁੱਖ ਮੰਤਰੀ ਬਣਾਇਆ, ਉਹੀ ਲੋਕ ਵਿਸ਼ਵਾਸਘਾਤ ਕਰ ਰਹੇ ਹਨ। ਮੈਂ ਹਾਈਕਮਾਨ ਨਹੀਂ ਹਾਂ ਪਰ ਮੈਂ ਹਾਈਕਮਾਨ ਨੂੰ ਜ਼ਰੂਰ ਕਹਾਂਗਾ ਕਿ ਅਜਿਹੇ ਗੱਦਾਰਾਂ ਨੂੰ ਪਾਰਟੀ ’ਚ ਵਾਪਸ ਬਿਲਕੁਲ ਨਹੀਂ ਲੈਣਾ ਚਾਹੀਦਾ।


Harinder Kaur

Content Editor

Related News