ਆਈ. ਏ. ਐੱਸ. ਵਿਸ਼ੇਸ਼ ਸਾਰੰਗਲ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ
Saturday, Jun 17, 2023 - 01:41 PM (IST)
ਜਲੰਧਰ (ਚੋਪੜਾ, ਬਿਊਰੋ)- ਹਾਲ ਹੀ ਵਿਚ ਪੰਜਾਬ ਸਰਕਾਰ ਵੱਲੋਂ ਜਲੰਧਰ ਵਿਚ ਤਾਇਨਾਤ ਕੀਤੇ ਗਏ ਆਈ. ਏ. ਐੱਸ. ਵਿਸ਼ੇਸ਼ ਸਾਰੰਗਲ ਨੇ ਡਿਪਟੀ ਕਮਿਸ਼ਨਰ ਵਜੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਲੰਧਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ। ਅਹੁਦਾ ਸੰਭਾਲਣ ਮੌਕੇ ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਮੌਜੂਦ ਸਨ।
ਦੱਸ ਦੇਈਏ ਕਿ ਜਸਪ੍ਰੀਤ ਸਿੰਘ ਦੇ ਤਬਾਦਲੇ ਤੋਂ ਬਾਅਦ ਜਲੰਧਰ ਦੀ ਜ਼ਿੰਮੇਵਾਰੀ ਆਈ. ਏ. ਐੱਸ. ਵਿਸ਼ੇਸ਼ ਸਾਰੰਗਲ ਨੂੰ ਦਿੱਤੀ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਵਿਸ਼ੇਸ਼ ਸਾਰੰਗਲ ਸਿਖਲਾਈ ਲਈ ਬਾਹਰ ਗਏ ਹੋਏ ਸਨ, ਜਿਸ ਕਾਰਨ ਇਹ ਸੀਟ ਕਾਰਜਕਾਰੀ ਤੌਰ 'ਤੇ ਦੀਪਸ਼ਿਖਾ ਸੰਭਾਲ ਰਹੇ ਸਨ। ਹੁਣ ਵਿਸ਼ੇਸ਼ ਸਾਰੰਗਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਵਿਸ਼ੇਸ਼ ਸਾਰੰਗਲ ਨੇ ਇਸ ਦੇ ਪਹਿਲਾਂ ਕਪੂਰਥਲਾ ਵਿਚ ਡਿਪਟੀ ਕਮਿਸ਼ਨਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਸਨ।
ਇਹ ਵੀ ਪੜ੍ਹੋ-ਕੈਨੇਡਾ ਬੈਠੇ ਨੌਜਵਾਨ ਨੇ ਪਹਿਲਾਂ ਔਰਤ ਨੂੰ ਵਿਖਾਏ ਵੱਡੇ ਸੁਫ਼ਨੇ, ਫਿਰ ਜਿਸਮਾਨੀ ਸੰਬੰਧ ਬਣਾ ਕੀਤਾ ਘਟੀਆ ਕਾਰਾ
ਅਹੁਦਾ ਸੰਭਾਲਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਪ੍ਰਮਾਤਮਾ ਦਾ ਅਤੇ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇਥੇ ਪਹੁੰਚਿਆ ਹਾਂ। ਮੈਨੂੰ ਜਲੰਧਰ ਨਾਲ ਖ਼ਾਸ ਪਿਆਰ ਹੈ। ਮੈਂ ਆਪਣੀ ਪੜ੍ਹਾਈ ਜਲੰਧਰ ਤੋਂ ਪੂਰੀ ਕੀਤੀ ਹੈ ਅਤੇ ਇਥੋਂ ਦੀਆਂ ਗਲੀਆਂ ਵਿੱਚ ਹੀ ਖੇਡਿਆਂ ਹਾਂ। ਮੈਂ ਕੋਰੋਨਾ ਦੇ ਦੌਰ ਵਿੱਚ ਵੀ ਜਲੰਧਰ ਵਿੱਚ ਸੀ। ਹੁਣ ਮੇਰੀ ਕੋਸ਼ਿਸ਼ ਰਹੇਗੀ ਕਿ ਸਭ ਤੋਂ ਪਹਿਲਾਂ ਜੋ ਕੰਮ ਅਧੂਰੇ ਪਏ ਹਨ, ਉਨ੍ਹਾਂ ਨੂੰ ਪੂਰਾ ਕਰਾਂਗਾ ਅਤੇ ਜਲੰਧਰ ਦੇ ਵਿਕਾਸ ਵੱਲ ਧਿਆਨ ਦੇਵਾਂਗਾ। ਜਲੰਧਰ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਸਾਫ਼-ਸੁਥਰਾ, ਪਾਰਦਰਸ਼ੀ, ਪ੍ਰਭਾਵੀ ਅਤੇ ਜਵਾਬਦੇਹ ਪ੍ਰਸ਼ਾਸਨ ਦੇਣ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਰਵਿਘਨ ਅਤੇ ਸਮਾਂਬੱਧ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਵਿਸ਼ੇਸ਼ ਸਾਰੰਗਲ 2013 ਬੈਚ ਦੇ ਆਈ. ਏ. ਐੱਸ. ਅਧਿਕਾਰੀ ਹਨ। ਉਨ੍ਹਾਂ ਕਿਹਾ ਕਿ ਜਲੰਧਰ ਜਿਸ ਨੂੰ ਸੂਬੇ ਦੀਆਂ ਖੇਡਾਂ ਅਤੇ ਮੀਡੀਆ ਦੀ ਰਾਜਧਾਨੀ ਕਿਹਾ ਜਾਂਦਾ ਹੈ, ਦੀ ਸੇਵਾ ਕਰਨਾ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ।
ਜ਼ਿਕਰਯੋਗ ਹੈ ਕਿ ਵਿਸ਼ੇਸ਼ ਸਾਰੰਗਲ ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਉਨ੍ਹਾਂ ਦਾ ਆਪਣਾ ਸ਼ਹਿਰ ਹੈ ਅਤੇ ਉਹ ਜ਼ਿਲ੍ਹੇ ਦੀਆਂ ਸਮੱਸਿਆਵਾਂ ਅਤੇ ਸਮਰੱਥਾ ਤੋਂ ਚੰਗੀ ਤਰ੍ਹਾਂ ਜਾਣੂੰ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਹ ਜ਼ਿਲ੍ਹੇ ਵਿੱਚ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਸੇਵਾਵਾਂ ਦੇ ਚੁੱਕੇ ਹਨ, ਜਿਸ ਸਦਕਾ ਉਹ ਜ਼ਿਲ੍ਹੇ ਦੀ ਹੋਰ ਵੀ ਵਧੀਆ ਢੰਗ ਨਾਲ ਸੇਵਾ ਕਰ ਸਕਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਨੂੰ ਸੂਬੇ ਭਰ ਵਿੱਚ ਮੋਹਰੀ ਬਣਾਉਣ ਲਈ ਲੋਕਾਂ ਤੋਂ ਸਰਗਰਮ ਸਹਿਯੋਗ ਦੀ ਮੰਗ ਵੀ ਕੀਤੀ।
ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਸੱਚੀ ਭਾਵਨਾ ਨਾਲ ਲਾਗੂ ਕੀਤਾ ਜਾਵੇਗਾ। ਸ਼੍ਰੀ ਸਾਰੰਗਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੇਵਾ ਕਰਦਿਆਂ ਉਨ੍ਹਾਂ ਦੀ ਵਿਸ਼ੇਸ਼ ਤਵਜੋਂ ਜ਼ਿਲ੍ਹੇ ਦਾ ਸਰਵਪੱਖੀ ਵਿਕਾਸ ਕਰਨਾ ਹੋਵੇਗੀ ਅਤੇ ਉਹ 24 ਘੰਟੇ ਜਲੰਧਰ ਵਾਸੀਆਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ। ਉਪਰੰਤ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਸਾਰੰਗਲ ਨੇ ਅਧਿਕਾਰੀਆਂ ਨੂੰ ਸੂਬੇ ਅਤੇ ਲੋਕਾਂ ਦੇ ਵਡੇਰੇ ਹਿੱਤਾਂ ਲਈ ਜ਼ਿਲ੍ਹਾ ਵਾਸੀਆਂ ਦੀ ਪੂਰੀ ਸ਼ਿੱਦਤ ਨਾਲ ਸੇਵਾ ਕਰਨ ਲਈ ਕਿਹਾ। ਅਹੁਦਾ ਸੰਭਾਲਣ ਤੋਂ ਪਹਿਲਾਂ ਪੰਜਾਬ ਪੁਲਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani