ਇਹੋ-ਜਿਹੀ ਸਜ਼ਾ ਮਿਲੇ ਤਾਂ ਨਹੀਂ ਹੋਣਗੇ ਹੈਦਰਾਬਾਦ ਵਰਗੇ ਕਾਂਡ
Saturday, Dec 07, 2019 - 01:44 PM (IST)
ਪਟਿਆਲਾ (ਪ੍ਰਤਿਭਾ): ਹੈਦਰਾਬਾਦ ਦੇ ਦਿਸ਼ਾ ਰੇਪ ਅਤੇ ਮਰਡਰ ਕੇਸ ਦੇ ਦੋਸ਼ੀਆਂ ਦੇ ਪੁਲਸ ਐਨਕਾਊਂਟਰ ਵਿਚ ਮਾਰੇ ਜਾਣ ਨਾਲ ਇਕ ਸੰਤੁਸ਼ਟੀ ਹਰ ਮਾਂ-ਬੇਟੀ ਦੇ ਦਿਲ ਵਿਚ ਹੈ। ਉਨ੍ਹਾਂ ਨੂੰ ਇੰਝ ਲਗਦਾ ਹੈ ਕਿ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕਰਨ ਵਾਲਿਆਂ ਖਿਲਾਫ ਜੇਕਰ ਸ਼ੁਰੂ ਤੋਂ ਹੀ ਇੰਨੀ ਸਖਤੀ ਵਰਤੀ ਜਾਂਦੀ ਤਾਂ ਅੱਜ ਸ਼ਾਇਦ ਜਬਰ-ਜ਼ਨਾਹ ਦੇ ਕੇਸਾਂ ਵਿਚ ਕੁਝ ਕਮੀ ਤਾਂ ਆਉਂਦੀ। ਇਸ ਤਰ੍ਹਾਂ ਦਾ ਜੁਰਮ ਕਰਨ ਵਾਲਿਆਂ ਦੇ ਦਿਲ ਵਿਚ ਇਕ ਡਰ ਜ਼ਰੂਰ ਹੁੰਦਾ ਹੈ। ਨਿਰਭਿਆ ਕੇਸ ਵਿਚ ਅਜੇ ਤੱਕ ਕੋਈ ਵੀ ਫੈਸਲਾ ਨਾ ਹੋਣ 'ਤੇ ਸ਼ਹਿਰ ਦੀਆਂ ਔਰਤਾਂ ਦੇ ਮਨ ਵਿਚ ਇਕ ਦੁੱਖ ਜ਼ਰੂਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿਸ਼ਾ ਨੂੰ ਇਨਸਾਫ ਮਿਲਿਆ ਹੈ। ਨਿਰਭਿਆ ਨੂੰ ਵੀ ਮਿਲਣਾ ਚਾਹੀਦਾ ਹੈ। ਇਸੇ ਤਰ੍ਹਾਂ ਅੱਜ ਹੋਏ ਐਨਕਾਊਂਟਰ ਤੋਂ ਬਾਅਦ ਸ਼ਹਿਰ ਦੀਆਂ ਔਰਤਾਂ ਨੇ ਆਪਣੀ ਪ੍ਰਤੀਕਿਰਿਆ 'ਜਗ ਬਾਣੀ' ਨਾਲ ਸਾਂਝੀ ਕੀਤੀ ਹੈ।
ਦਿਸ਼ਾ ਨਾਲ ਹੋਇਆ ਹੈ ਇਨਸਾਫ਼
ਇਸ ਸਬੰਧੀ ਪ੍ਰਿੰਸੀਪਲ ਮੰਜਰੀ ਜੋਸ਼ੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਹਾਦਸੇ ਨਾ ਹੋਣ, ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਅਜਿਹੀ ਸਿੱਖਿਆ ਦੇਣ ਕਿ ਉਹ ਔਰਤਾਂ ਦੀ ਕਦਰ ਕਰਨ। ਕਿਸੇ ਵੀ ਔਰਤ ਨਾਲ ਇਸ ਤਰ੍ਹਾਂ ਦੀ ਜ਼ਿਆਦਤੀ ਨਾ ਹੋਵੇ। ਐਨਕਾਊਂਟਰ ਸਬੰਧੀ ਉਨ੍ਹਾਂ ਕਿਹਾ ਕਿ ਕਾਨੂੰਨ ਨੇ ਆਪਣੇ ਦਾਇਰੇ ਵਿਚ ਰਹਿ ਕੇ ਹੀ ਇਹ ਕਾਰਵਾਈ ਕੀਤੀ ਹੋਵੇਗੀ। ਪੁਲਸ ਦੀ ਕਾਰਵਾਈ ਤੋਂ ਬਾਅਦ ਇਕ ਵਧੀਆ ਸੰਦੇਸ਼ ਲੋਕਾਂ ਤੱਕ ਪਹੁੰਚੇਗਾ ਕਿ ਦੋਸ਼ੀ ਕਦੀ ਵੀ ਬਚ ਨਹੀਂ ਸਕਦਾ।
ਪੁਲਸ ਨੇ ਬਹੁਤ ਵਧੀਆ ਕਾਰਵਾਈ ਕੀਤੀ ਹੈ : ਮੀਨਾਕਸ਼ੀ
ਹਾਊਸ ਵਾਈਫ ਮੀਨਾਕਸ਼ੀ ਥਾਪਰ ਦਾ ਕਹਿਣਾ ਹੈ ਕਿ ਉਹ ਪੁਲਸ ਦੀ ਇਸ ਕਾਰਵਾਈ ਤੋਂ ਸੰਤੁਸ਼ਟ ਹੈ। ਜੇਕਰ ਇਸ ਵਾਰ ਮੁਲਜ਼ਮ ਭੱਜ ਜਾਂਦੇ ਤਾਂ ਕਾਨੂੰਨ ਤੋਂ ਵਿਸ਼ਵਾਸ ਹੀ ਉੱਠ ਜਾਂਦਾ। ਪੁਲਸ ਨੇ ਮੌਕੇ 'ਤੇ ਹੀ ਉਨ੍ਹਾਂ ਦੀ ਹੋਰ ਹਰਕਤ ਨਹੀਂ ਹੋਣ ਦਿੱਤੀ। ਤੁਰੰਤ ਕਾਰਵਾਈ ਕੀਤੀ। ਹੁਣ ਇਸ ਤਰ੍ਹਾਂ ਦੀ ਹਰਕਤ ਕਰਨ ਅਤੇ ਬੀਮਾਰ ਮਾਨਸਿਕਤਾ ਵਾਲੇ ਲੋਕਾਂ ਲਈ ਸ਼ਾਇਦ ਇਕ ਸਬਕ ਹੋਵੇਗਾ। ਇਸ ਤੋਂ ਸਿੱਖਿਆ ਵੀ ਮਿਲੇਗੀ।
ਦੋਸ਼ੀਆਂ ਨੂੰ ਬਖ਼ਸ਼ਿਆ ਨਾ ਜਾਵੇ : ਰਕਸ਼ਾ
ਹਾਊਸ ਵਾਈਫ ਰਕਸ਼ਾ ਵਿਰਦੀ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ। ਨਹੀਂ ਤਾਂ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ ਉੱਠ ਜਾਏਗਾ। ਦੋਸ਼ੀਆਂ ਦੇ ਹੌਸਲੇ ਬੁਲੰਦ ਹੋ ਜਾਣਗੇ। ਦਿਸ਼ਾ ਨੂੰ ਇਨਸਾਫ ਬਹੁਤ ਜਲਦੀ ਮਿਲਿਆ ਪਰ ਨਿਰਭਿਆ ਅਜੇ ਵੀ ਇਨਸਾਫ ਦੀ ਉਡੀਕ ਵਿਚ ਹੈ। ਇੰਨੇ ਸਾਲਾਂ ਤੋਂ ਉਸ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਹੈ। ਇਸ ਲਈ ਕਾਨੂੰਨ ਇੰਨੇ ਸਖਤ ਬਣਨੇ ਚਾਹੀਦੇ ਹਨ ਕਿ ਕੋਈ ਵੀ ਗਲਤ ਹਰਕਤ ਨਾ ਕਰ ਸਕੇ। ਸਭ ਤੋਂ ਅਹਿਮ ਗੱਲ ਕਿ ਕਾਨੂੰਨ ਲਾਗੂ ਵੀ ਹੋਣੇ ਚਾਹੀਦੇ ਹਨ। ਪੁਲਸ ਨੇ ਜੋ ਕਾਰਵਾਈ ਕੀਤੀ, ਉਸ ਲਈ ਪੁਲਸ ਖਿਲਾਫ ਵੀ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ।
ਪੁਲਸ ਕਾਰਵਾਈ ਤੋਂ ਸੰਤੁਸ਼ਟ ਹਾਂ : ਗਿਤਿਕਾ
ਗਿਤਿਕਾ ਜੋਸ਼ੀ ਦਾ ਕਹਿਣਾ ਹੈ ਕਿ ਅੱਜ ਦੀ ਪੁਲਸ ਕਾਰਵਾਈ ਤੋਂ ਉਹ ਸੰਤੁਸ਼ਟ ਹੈ। ਇਸ ਤਰ੍ਹਾਂ ਦਾ ਘਿਨਾਉਣਾ ਜੁਰਮ ਕਰਨ ਵਾਲੇ ਦੋਸ਼ੀਆਂ ਨੂੰ ਅਜਿਹੀ ਹੀ ਸਜ਼ਾ ਮਿਲਣੀ ਚਾਹੀਦੀ ਹੈ। ਪੁਲਸ ਦੀ ਇਸ ਕਾਰਵਾਈ ਦੀ ਸ਼ਲਾਘਾ ਸਾਰਿਆਂ ਨੂੰ ਕਰਨੀ ਚਾਹੀਦੀ ਹੈ। ਅਜਿਹੇ ਮਾਮਲਿਆਂ ਵਿਚ ਕੋਈ ਵੀ ਢਿੱਲ ਨਹੀਂ ਛੱਡਣੀ ਚਾਹੀਦੀ। ਬੇਟੀਆਂ ਸਾਰਿਆਂ ਦੇ ਘਰਾਂ ਵਿਚ ਹਨ। ਅੱਜ ਦੇ ਇਸ ਸਮੇਂ ਵਿਚ ਇਸ ਤਰ੍ਹਾਂ ਦੇ ਮਾਨਸਿਕ ਤੌਰ 'ਤੇ ਬੀਮਾਰ ਲੋਕਾਂ ਤੋਂ ਹਰ ਮਾਪੇ ਨੂੰ ਡਰ ਲਗਦਾ ਹੈ ਕਿ ਕਿਤੇ ਉਨ੍ਹਾਂ ਦੀ ਬੇਟੀ ਨਾਲ ਕੁੱਝ ਨਾ ਹੋ ਜਾਵੇ।
ਜਬਰ-ਜ਼ਨਾਹੀਆਂ ਦੀ ਸਜ਼ਾ ਮੌਤ ਹੋਣੀ ਚਾਹੀਦੀ ਹੈ : ਨਵਨੀਤ
ਸਕੂਲ ਅਧਿਆਪਕਾ ਨਵਨੀਤ ਕੌਰ ਨੇ ਕਿਹਾ ਕਿ ਜਬਰ-ਜ਼ਨਾਹ ਦੇ ਦੋਸ਼ੀਆਂ ਦੀ ਸਜ਼ਾ ਮੌਤ ਹੀ ਹੋਣੀ ਚਾਹੀਦੀ ਹੈ। ਇਹ ਤਾਂ ਪੁਲਸ ਐਨਕਾਊਂਟਰ ਹੋ ਗਿਆ। ਨਹੀਂ ਤਾਂ ਇਨ੍ਹਾਂ ਲੋਕਾਂ ਨੂੰ ਫਾਂਸੀ 'ਤੇ ਚੜ੍ਹਾ ਦੇਣਾ ਸੀ। ਕਾਨੂੰਨ ਦੇ ਰਖਵਾਲਿਆਂ ਨੇ ਕਾਨੂੰਨ ਦਾ ਸਹੀ ਪਾਲਣ ਕੀਤਾ ਹੈ। ਹਰ ਕਾਨੂੰਨ ਰਖਵਾਲੇ ਨੂੰ ਇਸ ਤਰ੍ਹਾਂ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਤਾਂ ਨਿਰਭਿਆ-ਦਿਸ਼ਾ ਕਾਂਡ ਹੋਣਗੇ ਹੀ ਨਹੀਂ।