ਰੰਜਿਸ਼ ਦੇ ਚਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਪਤੀ-ਪਤਨੀ ’ਤੇ ਜਾਨਲੇਵਾ ਹਮਲਾ

Monday, Mar 16, 2020 - 05:30 PM (IST)

ਜਲਾਲਾਬਾਦ (ਸੇਤੀਆ, ਟੀਨੂੰ, ਸੁਮਿਤ) - ਬੀਤੀ ਰਾਤ ਸਥਾਨਕ ਮੋਗਾ ਸਟ੍ਰੀਟ ’ਚ ਦਰਜਨ ਭਰ ਵਿਅਕਤੀਆਂ ਵਲੋਂ ਘਰ ’ਚ ਦਾਖਲ ਹੋ ਕੇ ਪਤੀ-ਪਤਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ’ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਜ਼ਖਮੀ ਬਲਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਪਰਵਿੰਦਰ ਕੌਰ ਪਤਨੀ ਬਲਦੇਵ ਸਿੰਘ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ। ਪੁਲਸ ਨੇ ਪੀੜਤ ਪਤੀ-ਪਤਨੀ ਦੇ ਬਿਆਨਾਂ ’ਤੇ ਉਕਤ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਇਲਾਜ ਅਧੀਨ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਘਰ ’ਚ ਮੌਜੂਦ ਸਨ। ਰਾਤ ਕਰੀਬ 10 ਕੁ ਵਜੇ ਦਰਜਨ ਭਰ ਲੋਕ ਗੱਡੀ ’ਤੇ ਸਵਾਰ ਹੋ ਕੇ ਉਨ੍ਹਾਂ ਦੇ ਘਰ ਆ ਗਏ, ਜਿਨ੍ਹਾਂ ਨੇ ਧੱਕੇ ਨਾਲ ਸਾਡੇ ਘਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜ਼ਾ ਖੋਲ੍ਹਦੇ ਸਾਰ ਵੱਡੀ ਗਿਣਤੀ ’ਚ ਲੋਕ ਘਰ ਦਾਖਲ ਹੋ ਗਏ, ਜਿਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ’ਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਉਹ ਅਤੇ ਉਸ ਦੀ ਪਤਨੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। 

ਉਸ ਨੇ ਦੱਸਿਆ ਕਿ ਉਸ ਸਮੇਂ ਘਰ ’ਚ ਉਸ ਦੀ ਬੇਟੀ ਵੀ ਮੌਜੂਦ ਸੀ, ਜਿਸ ਨੇ ਬਚਣ ਦੇ ਲਈ ਆਪਣੇ ਆਪ ਨੂੰ ਕਮਰੇ ’ਚ ਬੰਦ ਕਰ ਲਿਆ। ਉਸ ਨੇ ਦੱਸਿਆ ਕਿ ਲਖਵਿੰਦਰ ਸਿੰਘ ਲੱਖੀ ਵਾਸੀ ਟਿਵਾਨਾ ਕਲਾਂ ਉਸਦੀ ਬੇਟੀ ਨਾਲ ਧੱਕੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਸ ਦੀ ਬੇਟੀ ਦੇ ਮਨਾ ਕਰਨ ਦੇ ਬਾਵਜੂਦ ਉਕਤ ਨੌਜਵਾਨ ਉਸਨੂੰ ਆਪਣੇ ਘਰ ਧਮਕਾ ਕੇ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਜ਼ਬਰ-ਜਨਾਹ ਕੀਤਾ। ਉਸ ਦੇ ਭਰਾ ਹਰਜਿੰਦਰ ਸਿੰਘ ਨੇ ਵੀ ਉਸਦੀ ਬੇਟੀ ਨੂੰ ਧਮਕੀ ਦਿੰਦੇ ਹੋਏ ਦੱਸਿਆ ਕਿ ਜੇਕਰ ਉਹ ਕਿਸੇ ਨੂੰ ਇਸ ਦੇ ਬਾਰੇ ਦੱਸੇਗੀ ਤਾਂ ਉਹ ਉਸ ਨੂੰ ਜਾਨੋ ਮਾਰ ਦੇਣਗੇ। ਇਸ ਘਟਨਾ ਤੋ ਬਾਅਦ ਬੇਟੀ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ। ਪੁਲਸ ਨੇ 21 ਫਰਵਰੀ 2020 ਨੂੰ ਲਖਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਟਿਵਾਨਾ ਖਿਲਾਫ ਧਾਰਾ 376, 506,6 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ, ਜਿਸ ਤੋਂ ਬਾਅਦ ਉਕਤਾਨ ਦੋਸ਼ੀ ਰੰਜਿਸ਼ ਰੱਖ ਰਹੇ ਸਨ ਅਤੇ ਰਾਜੀਨਾਮੇ ਲਈ ਦਬਾਅ ਬਣਾ ਰਹੇ ਸਨ।

ਉਧਰ ਇਸ ਸੰਬੰਧੀ ਜਦੋਂ ਐੱਸ.ਐੱਚ.ਓ. ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਵਾਪਰੀ ਘਟਨਾ ਤੋਂ ਬਾਅਦ ਪੁਲਸ ਨੇ ਜ਼ਖਮੀ ਬਲਦੇਵ ਸਿੰਘ ਦੇ ਬਿਆਨ ਕਲਮਬੱਧ ਕਰ ਲਏ ਹਨ ਅਤੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਕਿਸੇ ਨੂੰ ਵੀ ਕਾਨੂੰਨ ਪ੍ਰਬੰਧਾਂ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਇਸ ਮਾਮਲੇ ’ਚ ਜਿਹੜੇ ਵੀ ਦੋਸ਼ੀ ਹੋਣਗੇ, ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇੇਗਾ ਅਤੇ ਗ੍ਰਿਫਤਾਰ ਕੀਤਾ ਜਾਵੇਗਾ।
 


rajwinder kaur

Content Editor

Related News