ਯੂ. ਕੇ. ਰੈਫਰੈਂਡਮ-2020 ਰੈਲੀ ਦੇ ਵਿਰੋਧ 'ਚ ਉੱਤਰੀ ਸ਼ਿਵ ਸੈਨਾ 3 ਦਿਨ ਕਰੇਗੀ ਭੁੱਖ ਹੜਤਾਲ

Tuesday, Aug 07, 2018 - 02:05 PM (IST)

ਯੂ. ਕੇ. ਰੈਫਰੈਂਡਮ-2020 ਰੈਲੀ ਦੇ ਵਿਰੋਧ 'ਚ ਉੱਤਰੀ ਸ਼ਿਵ ਸੈਨਾ 3 ਦਿਨ ਕਰੇਗੀ ਭੁੱਖ ਹੜਤਾਲ

ਜਲੰਧਰ (ਪੁਨੀਤ)— ਰੈਫਰੈਂਡਮ-2020 ਦੇ ਸਮਰਥਨ 'ਚ 12 ਅਗਸਤ ਨੂੰ ਯੂ. ਕੇ. ਵਿਚ ਕੱਢੀ ਜਾ ਰਹੀ ਰੈਲੀ ਦਾ ਸ਼ਿਵ ਸੈਨਾ ਸਮਾਜਵਾਦੀ (ਸ) ਨੇ ਸਖਤ ਵਿਰੋਧ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਸ ਵਿਚ ਦਖਲ ਦੇ ਕੇ ਰੈਲੀ ਨੂੰ ਰੁਕਵਾਏ। ਸ਼ਿਵ ਸੈਨਾ (ਸ) ਦੇ ਚੇਅਰਮੈਨ ਪੰਜਾਬ ਨਰਿੰਦਰ ਥਾਪਰ ਦੀ ਪ੍ਰਧਾਨਗੀ 'ਚ ਬੀਤੇ ਦਿਨ ਇਕ ਪ੍ਰਤੀਨਿਧੀ ਮੰਡਲ ਪੁਲਸ ਕਮਿਸ਼ਨਰ ਦਫਤਰ ਪਹੁੰਚਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਾਰਟੀ ਨੇਤਾ ਥਾਪਰ ਅਤੇ ਨੌਜਵਾਨ ਇੰਚਾਰਜ ਸੁਨੀਲ ਕੁਮਾਰ ਬੰਟੀ ਨੇ ਕਿਹਾ ਕਿ ਇਸ ਰੈਲੀ ਵਿਰੁੱਧ ਸ਼ਿਵ ਸੈਨਾ ਸਮਾਜਵਾਦੀ ਕੰਪਨੀ ਬਾਗ ਚੌਕ ਵਿਚ 12 ਤੋਂ 14 ਅਗਸਤ ਤੱਕ ਰੋਜ਼ਾਨਾ ਸਵੇਰੇ 9 ਤੋਂ 5 ਵਜੇ ਤੱਕ ਭੁੱਖ ਹੜਤਾਲ 'ਤੇ ਬੈਠੇਗੀ।
ਥਾਪਰ ਨੇ ਕਿਹਾ ਕਿ ਰੈਫਰੈਂਡਮ-2020 ਲਈ ਵੱਡੇ ਪੱਧਰ 'ਤੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ 'ਤੇ ਕੇਂਦਰ ਨੂੰ ਤੁਰੰਤ ਕਦਮ ਉਠਾਉਂਦੇ ਹੋਏ ਅਜਿਹੇ ਫੇਸਬੁੱਕ ਅਕਾਊਂਟ ਅਤੇ ਗਰੁੱਪ ਬੈਨ ਕੀਤੇ ਜਾਣ ਅਤੇ ਜੋ ਲੋਕ ਇਨ੍ਹਾਂ ਨੂੰ ਆਪ੍ਰੇਟ ਕਰ ਰਹੇ ਹਨ, ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕਰ ਕੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਵੇ। ਸੋਸ਼ਲ ਮੀਡੀਆ 'ਤੇ ਅਜਿਹੇ ਗਰੁੱਪ ਬਣਾਉਣ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਭੜਕਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ਼ਿਵ ਸੈਨਿਕਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿਚ ਖ਼ਾਲਿਸਤਾਨ ਵਿਰੁੱਧ ਸ਼ਿਵ ਸੈਨਿਕਾਂ ਨੇ ਆਪਣੇ ਜਾਨ-ਮਾਲ ਦੀ ਪ੍ਰਵਾਹ ਨਾ ਕਰ ਕੇ ਖਾਲਿਸਤਾਨ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।
ਵਾਂਟੇਡ ਅੱਤਵਾਦੀ ਪੰਮਾ ਨੂੰ ਯੂ. ਕੇ. ਤੋਂ ਭਾਰਤ ਲਿਆਂਦਾ ਜਾਵੇ : ਰਿੰਕੂ
ਸ਼ਿਵ ਸੈਨਾ ਸਮਾਜਵਾਦੀ ਦੇ ਉੱਤਰ ਭਾਰਤ ਦੇ ਸੀਨੀਅਰ ਉਪ-ਮੁਖੀ ਰਾਜੇਸ਼ ਰਿੰਕੂ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਬਸਤੀ ਬਾਵਾ ਖੇਲ ਵਿਚ ਸਥਿਤ ਮਧੂਬਨ ਕਾਲੋਨੀ ਵਿਚ ਹੋਈ, ਜਿਸ ਵਿਚ ਰੈਫਰੈਂਡਮ-2020 ਦੇ ਸਮਰਥਨ ਵਿਚ ਯੂ. ਕੇ. ਵਿਚ ਕੱਢੀ ਜਾ ਰਹੀ ਰੈਲੀ ਦਾ ਖੂਬ ਵਿਰੋਧ ਕੀਤਾ ਗਿਆ। ਰਿੰਕੂ ਨੇ ਕਿਹਾ ਕਿ ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਮਾ ਦਾ ਪਾਕਿਸਤਾਨੀ ਓਵਰਸੀਜ਼ ਵੈੱਲਫੇਅਰ ਕਾਊਂਸਲ ਦੇ ਨੇਤਾਵਾਂ ਨਾਲ ਰੈਲੀ ਨੂੰ ਲੈ ਕੇ ਪ੍ਰੈੱਸ ਨਾਲ ਗੱਲਬਾਤ ਕਰਨਾ ਸਿੱਧ ਕਰਦਾ ਹੈ ਕਿ ਅੱਤਵਾਦੀ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿਚ ਹਨ।


Related News