HSGPC ਚੋਣ ਦੇ ਚੱਲਦੇ ਸਖਤ ਰਿਹਾ ਸੁਰੱਖਿਆ ਘੇਰਾ, ਛਾਉਂਣੀ ''ਚ ਤਬਦੀਲ ਹੋਇਆ ਗੁਰਦੁਆਰਾ ਕੰਪਲੈਕਸ

Thursday, Aug 13, 2020 - 08:21 PM (IST)

HSGPC ਚੋਣ ਦੇ ਚੱਲਦੇ ਸਖਤ ਰਿਹਾ ਸੁਰੱਖਿਆ ਘੇਰਾ, ਛਾਉਂਣੀ ''ਚ ਤਬਦੀਲ ਹੋਇਆ ਗੁਰਦੁਆਰਾ ਕੰਪਲੈਕਸ

ਗੁਹਲਾ/ਚੀਕਾ,(ਕਪਿਲ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿਚ ਹੋਈਆਂ ਚੋਣਾਂ ਵਿਚ ਜਿੱਤ ਦਾ ਸਿਹਰਾ ਅਖੀਰ ਕਈ ਤਰ੍ਹਾਂ ਦੀਆਂ ਅਟਕਲਾਂ ਤੋਂ ਬਾਅਦ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਸਿਰ ਸੱਜ ਹੀ ਗਿਆ। ਚੋਣ ਪ੍ਰਕਿਰਿਆ ਠੀਕ 10 ਵਜੇ ਸ਼ੁਰੂ ਕਰ ਦਿੱਤੀ ਗਈ, ਜਿਸ ਦੌਰਾਨ ਐੱਸ.ਡੀ.ਐੱਮ. ਗੁਹਲਾ ਸ਼ਸ਼ੀ ਵਸੁੰਧਰਾ, ਐੱਸ.ਡੀ.ਐੱਮ. ਕੈਥਲ ਸੰਜੇ ਕੁਮਾਰ, ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਗੁਹਲਾ ਪ੍ਰਦੀਪ ਕੁਮਾਰ ਤੇ ਨਾਇਬ ਤਹਿਸੀਲਦਾਰ ਗੁਹਲਾ ਵੀਰੇਂਦਰ ਸ਼ਰਮਾ ਨੇ ਪੋਲਿੰਗ ਬੂਥ ਦਾ ਜਾਇਜ਼ਾ ਲਿਆ। ਜਿਸ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ। ਹਾਲਾਂਕਿ ਇਸ ਦੌਰਾਨ ਥੋੜੇ-ਥੇੜੇ ਸਮੇਂ ਲਈ ਚੋਣ ਰੋਕੀ ਗਈ ਜਿਸ ਵਿਚ ਸਭ ਤੋਂ ਪਹਿਲਾਂ ਇਕ ਮਹਿਲਾ ਵੋਟਰ ਰਾਣਾ ਭੱਟੀ ਨੂੰ ਵੋਟ ਕਰਨ ਤੋਂ ਰੋਕਿਆ ਗਿਆ। ਇਸ ਤੋਂ ਬਾਅਦ ਸਵਰਣ ਸਿੰਘ ਰਤਿਆ ਨੂੰ ਵੀ ਵੋਟ ਕਰਨ ਤੋਂ ਰੋਕ ਦਿੱਤਾ ਗਿਆ। ਹਾਲਾਂਕਿ ਮੀਡੀਆ ਦੇ ਦਖਲ ਤੋਂ ਬਾਅਦ ਮਹਿਲਾ ਵੋਟਰ ਰਾਣਾ ਭੱਟੀ ਦਾ ਵੋਟ ਪੋਲ ਕਰਵਾ ਦਿੱਤਾ ਗਿਆ ਪਰ ਬਾਕੀ 7 ਵੋਟਰਾਂ ਦੇ ਵੋਟ ਪੋਲ ਨਹੀਂ ਹੋਣ ਦਿੱਤੇ ਗਏ। ਇਸ ਵਿਚਾਲੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਚੋਣ ਅਧਿਕਾਰੀ ਦਰਸ਼ਨ ਸਿੰਘ ਬਰਾੜੀ 'ਤੇ ਇਕ ਪੱਖੀ ਕਾਰਵਾਈ ਕਰਦੇ ਹੋਏ ਦੂਜੇ ਦਲ ਨੂੰ ਵੋਟ ਕਰਵਾਉਣ ਦੇ ਦੋਸ਼ ਲਗਾਏ ਗਏ ਤੇ ਉਨ੍ਹਾਂ ਵਲੋਂ ਲਿਖਿਤ ਮੰਗ ਪੱਤਰ ਐੱਸ.ਡੀ.ਐੱਮ. ਗੁਹਲਾ ਤੇ ਕੈਥਲ ਨੂੰ ਸੌਂਪਿਆ ਗਿਆ। ਮੰਗ ਪੱਤਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੁੱਲ 5 ਮੈਂਬਰ ਅਜਿਹੇ ਹਨ ਜਿਨ੍ਹਾਂ ਨੂੰ ਵੋਟ ਕਰਨ ਦਾ ਅਧਿਕਾਰ ਨਹੀਂ ਹੈ ਪਰ ਉਨ੍ਹਾਂ ਦੀ ਵੋਟ ਚੋਣ ਅਧਿਕਾਰੀ ਵਲੋਂ ਪੋਲ ਕਰਵਾ ਦਿੱਤੀ ਗਈ ਹੈ ਜਦਕਿ ਉਨ੍ਹਾਂ ਦੇ ਪੱਖ ਵਿਚ ਆਏ 19 ਮੈਂਬਰਾਂ ਵਿਚੋਂ 7 ਮੈਂਬਰਾਂ ਦੀਆਂ ਵੋਟਾਂ ਪੋਲ ਹੋਣ ਤੋਂ ਰੋਕੀਆਂ ਜਾ ਰਹੀਆਂ ਹਨ। ਐੱਸ.ਡੀ.ਐੱਮ. ਸ਼ਸ਼ੀ ਵਸੁੰਧਰਾ ਤੇ ਐੱਸ.ਡੀ.ਐੱਮ. ਸੰਜੇ ਕੁਮਾਰ ਨੇ ਇਸ ਦੌਰਾਨ ਬੜੀ ਸੂਝ ਨਾਲ ਚੋਣ ਪ੍ਰਕਿਰਿਆ ਨੂੰ ਸੰਪਨ ਕਰਵਾਉਣ ਦੇ ਲਈ ਕੁਝ ਸਮੇਂ ਦੇ ਲਈ ਵੋਟਿੰਗ ਰੋਕ ਦਿੱਤੀ ਤੇ ਕਮੇਟੀ ਦੇ ਸੰਵਿਧਾਨ ਨੂੰ ਠੀਕ ਤਰ੍ਹਾਂ ਨਾਲ ਪੜ੍ਹ ਫੈਸਲਾ ਲੈਣ ਦੀ ਗੱਲ ਕਹੀ। ਜਿਸ ਤੋਂ ਬਾਅਦ ਤਕਰੀਬਨ 2 ਵੱਜਕੇ 45 ਮਿੰਟ 'ਤੇ ਫਿਰ ਤੋਂ ਵੋਟਿੰਗ ਸ਼ੁਰੂ ਕਰਵਾ ਦਿੱਤੀ ਗਈ ਤੇ ਸਾਰੀਆਂ ਵੋਟਾਂ ਪੋਲ ਕਰਵਾ ਦਿੱਤੀਆਂ ਗਈਆਂ।

ਚੋਣ ਦਾ ਕਿਵੇਂ ਤੇ ਕਿਸਨੇ ਸੁਣਾਇਆ ਫੈਸਲਾ-
ਚੋਣ ਮੁਕੰਮਲ ਹੋਣ ਤੋਂ ਬਾਅਦ ਕੁਝ ਦੇਰ ਤੱਕ ਫੈਸਲਾ ਨਹੀਂ ਸੁਣਾਇਆ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਾਹਮਣੇ ਪੋਲਿੰਗ ਬੂਥ ਵਿਚ ਦੋਵੇਂ ਹੀ ਉਮੀਦਵਾਰ ਬੁਲਾਏ ਗਏ ਤੇ ਥੋੜੀ ਹੀ ਦੇਰ ਬਾਅਦ ਉਮੀਦਵਾਰ ਜਸਬੀਰ ਸਿੰਘ ਖਾਲਸਾ ਹੇਠਾਂ ਆ ਗਏ ਤੇ ਉਨ੍ਹਾਂ ਨੇ ਦਾਦੂਵਾਲ ਗਰੁੱਪ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਚੋਣਾਂ ਹਨ, ਇਕ ਦੀ ਜਿੱਤ ਤਾਂ ਹੋਣੀ ਹੀ ਸੀ ਤੇ ਉਹ ਦਾਦੂਵਾਲ ਨੂੰ ਉਨ੍ਹਾਂ ਦੀ ਜਿੱਤ ਦੀ ਵਧਾਈ ਦਿੰਦੇ ਹਨ। ਇਸ ਤੋਂ ਬਾਅਦ ਚੋਣ ਅਧਿਕਾਰੀ ਦਰਸ਼ਨ ਸਿੰਘ ਪੋਵਿੰਗ ਬੂਥ ਤੋਂ ਹੇਠਾਂ ਆਏ ਤੇ ਉਨਾਂ ਨੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਜਿੱਤ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ 36 ਵੋਟਾਂ ਵਿਚੋਂ 19 ਵੋਟ ਲੈ ਕੇ 2 ਵੋਟਾਂ ਨਾਲ ਜਿੱਤ ਗਏ ਹਨ ਜਦਕਿ ਜਸਬੀਰ ਸਿੰਘ ਖਾਲਸਾ ਨੂੰ 17 ਵੋਟਾਂ ਮਿਲਿਆਂ ਹਨ।                                                                                              

 ਸਖ਼ਤ ਰਿਹਾ ਸੁਰੱਖਿਆ ਚੱਕਰ
ਪੁਲਸ ਵਲੋਂ ਜਿਸ ਤਰ੍ਹਾਂ ਨਾਲ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਰਸਤੇ ਬੇਰੀਕੇਟਿੰਗ ਕਰਦੇ ਹੋਏ ਰੋਕ ਦਿੱਤੇ ਗਏ, ਉਸ ਨਾਲ ਹਾਲਾਂਕਿ ਕੁੱਝ ਲੋਕਾਂ ਨੂੰ ਪਰੇਸ਼ਾਨੀ ਜ਼ਰੂਰ ਹੋਈ ਪਰ ਜਿਸ ਤਰ੍ਹਾਂ ਨਾਲ ਚਾਰੇ ਪਾਸਿਓਂ ਸਖ਼ਤ ਸੁਰੱਖਿਆ ਵਿਵਸਥਾ ਰਹੀ ਉਹ ਕਾਬਲੇ ਤਾਰੀਫ ਰਹੀ। ਇਸ ਦੌਰਾਨ ਮਹਿਲਾ-ਪੁਰਸ਼ ਪੁਲਸ ਕਰਮਚਾਰੀਆਂ ਦਾ ਭਾਰੀ ਬਲ ਗੁਰਦੁਆਰਾ ਕੰਪਲੈਕਸ 'ਚ ਵੀ ਕੰਪਲੈਕਸ ਦੇ ਬਾਹਰੀ ਚਾਰੇ ਰਸਤਿਆਂ 'ਤੇ ਤਾਇਨਾਤ ਰਿਹਾ। ਹਰ ਹਰਕਤ 'ਤੇ ਪੁਲਸ ਕਰਮਚਾਰੀਆਂ ਦੀਆਂ ਨਜ਼ਰਾਂ ਰਹੀਆਂ, ਉਥੇ ਹੀ ਖੂਫੀਆ ਤੰਤਰ ਵੀ ਲਗਾਤਾਰ ਆਪਣੀ ਪਲ-ਪਲ ਦੀ ਰਿਪੋਰਟ ਉਚ ਅਧਿਕਾਰੀਆਂ ਨੂੰ ਦੇ ਰਿਹਾ ਸੀ। ਅਜਿਹਾ ਵੀ ਅੰਦਾਜ਼ਾ ਲਗਾਇਆ ਗਿਆ ਕਿ ਪ੍ਰਸ਼ਾਸਨ ਦਾ ਇਸ ਦੌਰਾਨ ਮੁੱਖ ਮੰਤਰੀ ਦਫਤਰ ਤਕ ਤਾਲਮੇਲ ਸਥਾਪਿਤ ਰਿਹਾ।


author

Deepak Kumar

Content Editor

Related News