ਨਾਂਦੇੜ ਤੋਂ ਪਰਤੀ ਸੰਗਤ ਨੂੰ ਕੋਸਣ ਨਾਲ ਡੇਰਾ ਬਿਆਸ ਦੇ ਪ੍ਰਬੰਧਾਂ ਦੀ ਆਲੋਚਨਾ ਕਰਨਾ ਕਿੰਨਾ ਕੁ ਸਹੀ ਹੈ!
Monday, May 04, 2020 - 07:56 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼) : ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਵਧਦਿਆਂ ਇਸਦਾ ਮੁਕਾਬਲਾ ਕਰਨ ਦੀ ਬਜਾਏ ਤਖਤ ਸ਼੍ਰੀ ਹਜ਼ੂਰ ਸਾਹਿਬ ਅਤੇ ਉਥੋਂ ਪਰਤੇ ਸ਼ਰਧਾਲੂਆਂ ਨੂੰ ਕੋਸਣਾ ਜਿਥੇ ਅਤਿ ਨਿੰਦਣਯੋਗ ਹੈ, ਉਥੇ ਨਾਲ ਹੀ ਮਾਨਵਤਾ ਦੀ ਦਿਨ ਰਾਤ ਸੇਵਾ ਕਰਨ 'ਚ ਜੁਟੀ ਰਾਧਾ ਸੁਆਮੀ ਡੇਰਾ ਬਿਆਸ ਸੰਸਥਾ ਦੇ ਪ੍ਰਬੰਧਾਂ ਦੀ ਆਲੋਚਨਾ ਕਰਨੀ ਕਿੰਨੀ ਕੁ ਉੱਚਿਤ ਸਮਝੀ ਜਾ ਰਹੀ ਹੈ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਕੋਈ ਨਾ ਕੋਈ ਬਹਾਨੇ ਘੜਦੀਆਂ ਨਜ਼ਰ ਆ ਰਹੀਆਂ ਹਨ ਅਤੇ ਆਮ ਸੰਗਤਾਂ ਨੂੰ ਗੁੰਮਰਾਹ ਕਰ ਰਹੀਆਂ ਹਨ।
ਇਹ ਵੀ ਪੜ੍ਹੋ ► ਸੰਗਰੂਰ: ਸ਼ੇਰਪੁਰ ਅਧੀਨ ਆਉਂਦੇ 6 ਪਿੰਡਾਂ 'ਚ 'ਕੋਰੋਨਾ' ਦੇ ਨਿਕਲੇ 16 ਕੇਸ
ਸਿਰਫ ਸਕਰੀਨਿੰਗ ਕੀਤੀ ਗਈ, ਕੋਈ ਟੈਸਟ ਨਹੀਂ ਹੋਇਆ
ਸ਼੍ਰੀ ਹਜ਼ੂਰ ਸਾਹਿਬ ਜੀ ਤੋਂ ਗੁ: ਲੰਗਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਸਭ ਸ਼ਰਧਾਲੂਆਂ ਦੇ ਤਿੰਨ-ਤਿੰਨ ਵਾਰ ਟੈਸਟ ਕਰਵਾਏ ਜਾ ਚੁੱਕੇ ਹਨ ਪਰ ਇਸ ਸ਼ਰਧਾਲੂ ਨੇ ਆਪਣਾ ਨਾਂ ਗੁਪਤ ਰੱਖਣ ਦੇ ਅਧਾਰ 'ਤੇ ਦੱਸਿਆ ਕਿ ਉਨ੍ਹਾਂ ਦਾ ਕੋਈ ਟੈਸਟ ਨਹੀਂ ਹੋਇਆ। ਸਿਰਫ ਉਨ੍ਹਾਂ ਦੀ ਸਕਰੀਨਿੰਗ ਕੀਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਇੰਨ੍ਹਾਂ ਯਾਤਰੂਆਂ ਦੀ ਸਕਰੀਨਿੰਗ ਕਰਕੇ ਉਨ੍ਹਾਂ ਨੂੰ ਆਪੋ-ਆਪਣੇ ਘਰਾਂ 'ਚ ਭੇਜ ਦਿੱਤਾ ਗਿਆ ਸੀ। ਬਾਬਾ ਜੀ ਨੇ ਇਹ ਵੀ ਕਿਹਾ ਸੀ ਕਿ ਸੂਬੇ ਵਿਚਲੇ ਮਾਹੌਲ ਅਤੇ ਮਸ਼ੀਨਰੀ ਕਾਰਨ ਯਾਤਰੂ ਇਸ ਬੀਮਾਰੀ ਦਾ ਸ਼ਿਕਾਰ ਹੋਏ ਹਨ। ਇਹ ਤਾਂ ਸੱਚ ਹੈ ਕਿ ਮੌਜੂਦਾ ਸਮੇਂ 'ਚ ਸੂਬੇ ਦੀ ਮਸ਼ੀਨਰੀ ਅਤੇ ਸਿਹਤ ਐਬੂਲੈਂਸਾ ਦੇ ਸੰਕਟ ਦਾ ਸਾਹਮਣਾ ਕਰਨ 'ਚ ਸਮਰਥ ਨਹੀਂ ਹਨ। ਇਹ ਠੀਕ ਹੈ ਕਿ ਆਪਣੇ ਸੂਬਾ ਵਾਸੀਆਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਸਮਤੇ ਹੋਰ ਪਾਰਟੀਆਂ ਨੇ ਯੋਗ ਉਪਰਾਲਾ ਤਾਂ ਕੀਤਾ ਹੈ ਪਰ ਨਿਯਮਾਂ ਅਤੇ ਪ੍ਰੋਟੋਕੋਲ ਦੀ ਪਾਲਣਾ ਨਾ ਹੋਣ ਕਰਕੇ ਕੋਰੋਨਾ ਦਾ ਬੰਬ ਫੱਟ ਗਿਆ।
ਸ਼ਰਧਾਲੂਆਂ ਨੂੰ ਪੰਜਾਬ 'ਚ ਨਾ ਲਿਆਂਦੇ ਤਾਂ ਕੀ ਫਰਕ ਪੈਂਦਾ
ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਸ਼ਰਧਾਲੂਆਂ ਨੂੰ ਅਜੇ ਕੁਝ ਸਮਾਂ ਹੋਰ ਪੰਜਾਬ 'ਚ ਨਾ ਲਿਆਇਆ ਜਾਂਦਾ ਤਾਂ ਕੀ ਫਰਕ ਪੈਣਾ ਸੀ। ਹੁਣ ਜਦਕਿ ਹਜ਼ੂਰ ਸਾਹਿਬ ਵਿਖੇ ਤਾਂ ਉਹ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਸਨ ਅਤੇ ਸਾਰੀਆਂ ਸਹੂਲਤਾਂ ਵੀ ਉਪਲੱਬਧ ਸਨ। ਦੂਜੀ ਗੱਲ ਕਿ ਜਦੋਂ 6 ਬੱਸਾਂ ਰਾਹੀਂ ਸ਼ਰਧਾਲੂ ਅੰਮ੍ਰਿਤਸਰ ਪੁੱਜੇ, ਤਾਂ ਉਨ੍ਹਾਂ ਨੂੰ ਘੰਟਿਆਂਬੰਧੀ ਖੱਜਲਖੁਆਰ ਹੋਣਾ ਪਿਆ। ਮੌਜੂਦਾਂ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ, ਵਿਧਾਇਕ ਜਾਂ ਐੱਮ.ਪੀ. ਉਨ੍ਹਾਂ ਨੂੰ ਲੈਣ ਨਹੀਂ ਆਇਆ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਨੁਮਾਇੰਦਾ ਹੀ ਉਨ੍ਹਾਂ ਦੀ ਸਾਰ ਲੈਣ ਪੁੱਜਾ।
ਇਹ ਵੀ ਪੜ੍ਹੋ ► ਅੰਮ੍ਰਿਤਸਰ: ਬਾਬਾ ਬਕਾਲਾ ਸਾਹਿਬ 'ਚੋਂ 7 ਪਾਜ਼ੇਟਿਵ ਨਵੇਂ ਮਾਮਲੇ ਆਏ ਸਾਹਮਣੇ
ਕੋਰੋਨਾ ਦੇ ਵਧੇ ਪ੍ਰਕੋਪ ਤੋਂ ਜਾਨ ਛੁਡਵਾਉਣ ਲਈ ਸਾਰੇ ਹੀ ਆਗੂਆਂ ਨੇ ਚੁੱਪ ਧਾਰ ਰੱਖੀ ਹੋਈ ਹੈ, ਜਦਕਿ ਹਜ਼ੂਰ ਸਾਹਿਬ ਦੇ ਯਾਤਰੂਆਂ ਨੂੰ ਪੰਜਾਬ 'ਚ ਲਿਆਉਣ ਲਈ ਦਮਗਜ਼ੇ ਮਾਰਨ ਵਾਲੇ ਆਗੂ ਇਸਦਾ ਸਿਹਰਾ ਲੈਣ ਲਈ ਦਿਨ ਰਾਤ ਮੀਡੀਆ 'ਚ ਛਾਏ ਹੋਏ ਸਨ। ਹੁਣ ਸ਼੍ਰੋਮਣੀ ਕਮੇਟੀ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਆਣੇ ਬਹਾਨੇ ਘੜ ਰਹੀ ਹੈ। ਉਧਰ ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਮਾਨਵਤਾ ਦੀ ਸੇਵਾ ਵਜੋਂ 24 ਘੰਟੇ ਨਿਰਵਿਘਨ ਮਾਨਵਤਾ ਦੀ ਸੇਵਾ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਆਲੋਚਨਾ ਕਰਵਾ ਕਿੰਨਾ ਕੁ ਉੱਚਿਤ ਹੈ ਅਤੇ ਇਸ ਬਾਰੇ ਗਲਤ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਆਗੂਆਂ ਨੂੰ ਸੋਚ ਸਮਝ ਕੇ ਕੰਮ ਲੈਣਾ ਚਾਹੀਦਾ ਹੈ। ਅੱਜ ਲੋੜ ਹੈ ਕੋਰੋਨਾ ਵਾਇਰਸ ਦੇ ਚਲਦਿਆਂ ਇਸ ਬੀਮਾਰੀ ਨਾਲ ਜੂਝ ਰਹੇ ਪੀੜਿਤਾਂ ਤੇ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਾ ਕੇ ਉਨ੍ਹਾਂ ਦਾ ਇਲਾਜ ਕਰਨ ਵਾਲਿਆਂ ਸਰਕਾਰੀ ਡਾਕਟਰਾਂ ਅਤੇ ਪੁਲਸ ਵਿਭਾਗ ਦਾ ਮਨੋਬਲ ਵਧਾਉਣ ਲਈ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਪ੍ਰਕਿਰਿਆਂ ਸ਼ੁਰੂ ਕੀਤੀ ਜਾਵੇ। ਇਸਦੇ ਨਾਲ ਹੀ ਇਹ ਵੀ ਮੰਗ ਉਠਦੀ ਹੈ ਕਿ ਸੂਬੇ ਵਿਚ ਬੰਦ ਪਏ ਨਿੱਜੀ ਹਸਪਤਾਲਾਂ ਨੂੰ ਕੁਆਰੰਟਾਈਨ ਰੂਪ ਵਜੋਂ ਵਰਤਿਆ ਜਾਵੇ ਅਤੇ ਨਿੱਜੀ ਡਾਕਟਰਾਂ ਨੂੰ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਸਹੂਲਤ ਲਈ ਤਾਇਨਾਤ ਕੀਤਾ ਜਾਵੇ।