ਬਠਿੰਡਾ ਸੀਟ ''ਤੇ ਕਾਂਗਰਸ ਦਾ ਰਸਤਾ ਕਿੰਨਾ ਆਸਾਨ!

04/23/2019 1:19:29 AM

ਲੰਬੀ/ਮਲੋਟ (ਜੁਨੇਜਾ)- ਪੰਜਾਬ ਦੀ ਸਭ ਤੋਂ ਹਾਟ ਸੀਟ ਬਣੀ ਬਠਿੰਡਾ 'ਤੇ ਕਾਂਗਰਸ ਨੇ ਆਪਣਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਐਲਾਨ ਕਰਨ ਤੋਂ ਬਾਅਦ ਬਾਦਲਾਂ ਅਤੇ ਕੈਪਟਨਾਂ ਉੱਪਰ ਨੂਰਾ ਕੁਸ਼ਤੀ ਦਾ ਇਲਜ਼ਾਮ ਲਾਉਣ ਵਾਲਿਆਂ ਦੇ ਮੂੰਹ ਬੰਦ ਹੋ ਗਏ ਹਨ। ਅਗਲੇ ਕੁਝ ਘੰਟਿਆਂ 'ਚ ਅਕਾਲੀ ਦਲ ਵੱਲੋਂ ਵੀ ਆਪਣੇ ਉਮੀਦਵਾਰ ਦਾ ਨਾਂ ਐਲਾਨ ਦਿੱਤਾ ਜਾਣਾ ਹੈ।
ਅਕਾਲੀ ਦਲ ਦਾ ਗੜ੍ਹ
ਚੋਣਾਂ ਦੇ ਇਤਿਹਾਸ ਨੂੰ ਵੇਖੀਏ ਤਾਂ ਬਠਿੰਡਾ ਸੀਟ ਉੱਪਰ ਪਿਛਲੇ ਪੌਣੇ 3 ਦਹਾਕਿਆਂ ਤੋਂ ਅਕਾਲੀ ਦਲ ਦਾ ਕਬਜ਼ਾ ਹੈ ਅਤੇ 28 ਸਾਲਾਂ ਤੋਂ ਕਾਂਗਰਸ ਇਸ ਸੀਟ 'ਤੇ ਜਿੱਤ ਹਾਸਲ ਨਹੀਂ ਕਰ ਸਕੀ। 1991 ਤੋਂ ਬਾਅਦ ਹੋਈਆਂ 6 ਚੋਣਾਂ ਵਿਚ 5 ਵਾਰ ਅਕਾਲੀ ਦਲ ਦਾ ਉਮੀਦਵਾਰ ਇਸ ਸੀਟ ਤੋਂ ਜਿੱਤ ਚੁੱਕਾ ਹੈ। ਸਿਰਫ 1999 ਵਿਚ ਸੀ. ਪੀ. ਆਈ. ਦਾ ਭਾਨ ਸਿੰਘ ਭੋਰਾ ਇੱਥੋਂ ਚੋਣ ਜਿੱਤਿਆ, ਜਦਕਿ 1996 'ਚ ਅਕਾਲੀ ਦਲ ਦੇ ਹਰਿੰਦਰ ਸਿੰਘ ਖਾਲਸਾ, 1998 ਵਿਚ ਅਕਾਲੀ ਦਲ ਦੇ ਚਤਿੰਨ ਸਿੰਘ ਸਮਾਓ, 2004 ਵਿਚ ਪਰਮਜੀਤ ਕੌਰ ਗੁਲਸ਼ਨ ਅਤੇ ਲਗਾਤਾਰ ਪਿਛਲੀਆਂ ਦੋ ਚੋਣਾਂ 2009 ਅਤੇ 2014 ਕੇਂਦਰੀ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਜਿੱਤੀਆਂ ਹਨ। ਇਸ ਲਈ ਸਮਝਿਆ ਜਾ ਰਿਹਾ ਹੈ ਕਿ ਕੀ ਅਕਾਲੀ ਦਲ ਦਾ ਗੜ੍ਹ ਬਣ ਚੁੱਕੇ ਬਠਿੰਡਾ ਸੀਟ ਨੂੰ ਕਾਂਗਰਸ ਜਿੱਤ ਸਕਦੀ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗਿੱਦੜਬਾਹਾ ਦਾ ਇਤਿਹਾਸ
1969 ਤੋਂ ਅਕਾਲੀ ਦਲ ਦਾ ਗੜ੍ਹ ਬਣੇ ਗਿੱਦੜਬਾਹਾ ਨੂੰ ਰਾਜਾ ਵੜਿੰਗ ਨੇ ਕਿਵੇਂ ਸੰਨ੍ਹ ਲਾਈ, ਇਸ ਦਾ ਇਤਿਹਾਸ ਬੜਾ ਰੋਚਕ ਹੈ। ਰਾਜਾ ਵੜਿੰਗ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਦੋ ਵਾਰ ਚੋਣ ਲੜ ਕੇ ਜਿੱਤ ਹਾਸਲ ਕੀਤੀ। ਯੂਥ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਧਾਨ ਤੋਂ ਲੈ ਕੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਬਣੇ ਰਾਜਾ ਵੜਿੰਗ ਦੀ ਸ਼ਾਨਦਾਰ ਕਾਰਗੁਜ਼ਾਰੀ ਹੈ। ਰਾਜਾ ਵੜਿੰਗ ਨੂੰ ਟਿਕਟ ਮਿਲਣ ਵਿਚ ਰਾਹੁਲ ਗਾਂਧੀ ਦੀ ਨੇੜਤਾ ਦਾ ਹੱਥ ਹੈ। ਇਹ ਹਲਕਾ 1967 ਵਿਚ ਹੋਂਦ 'ਚ ਆਇਆ, ਜਿੱਥੋਂ ਪ੍ਰਕਾਸ਼ ਸਿੰਘ ਬਾਦਲ ਨੇ 57 ਵੋਟਾਂ 'ਤੇ ਹਰਚਰਨ ਸਿੰਘ ਬਰਾੜ ਤੋਂ ਹਾਰ ਕੇ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। ਉਸ ਤੋਂ ਬਾਅਦ 1969, 1972, 1977, 1980 ਅਤੇ 1985 ਵਿਚ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਲਗਾਤਾਰ 5 ਵਾਰ ਜਿੱਤ ਹਾਸਲ ਕੀਤੀ ਅਤੇ ਬਾਅਦ 'ਚ 1995, 1997, 2002 ਅਤੇ 2007 ਚਾਰ ਵਾਰ ਮਨਪ੍ਰੀਤ ਸਿੰਘ ਬਾਦਲ ਨੇ ਜਿੱਤ ਹਾਸਲ ਕੀਤੀ, ਜਿਸ ਕਰ ਕੇ ਇਸ ਨੂੰ ਅਕਾਲੀ ਦਲ ਲਈ ਅਜਿੱਤ ਸੀਟ ਸਮਝਿਆ ਜਾਂਦਾ ਸੀ ਪਰ 2012 ਵਿਚ ਕਾਂਗਰਸ ਦੇ ਰਾਜਾ ਵੜਿੰਗ ਨੇ ਪਹਿਲੀ ਵਾਰ 33 ਸਾਲ ਦੀ ਉਮਰ ਵਿਚ ਇਸ ਸੀਟ ਤੋਂ ਮਨਪ੍ਰੀਤ ਸਿੰਘ ਬਾਦਲ ਅਤੇ ਅਕਾਲੀ ਟਿਕਟ 'ਤੇ ਲੜ ਰਹੇ ਸੰਤ ਸਿੰਘ ਬਰਾੜ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਅਤੇ 2017 ਵਿਚ ਦੂਜੀ ਵਾਰ ਜਿੱਤ ਦਾ ਝੰਡਾ ਲਹਿਰਾਇਆ।
ਤਾਜ਼ਾ ਸਥਿਤੀ
ਪਿਛਲੀਆਂ ਚੋਣਾਂ 'ਚ ਇਹ ਸੀਟ ਹਰਸਿਮਰਤ ਕੌਰ ਬਾਦਲ ਨੇ ਆਪਣੇ ਦਿਓਰ ਅਤੇ ਮਨਪ੍ਰੀਤ ਸਿੰਘ ਬਾਦਲ ਤੋਂ 19 ਹਜ਼ਾਰ ਦੇ ਫਰਕ ਨਾਲ ਜਿੱਤੀ ਸੀ, ਜਿਸ 'ਤੇ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਦਲ ਦੀ ਸਰਕਾਰ ਹੋਣ ਕਰ ਕੇ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਅਕਾਲੀ ਉਮੀਦਵਾਰ ਦੀ ਜਿੱਤ ਨੂੰ ਜਿਊਣ-ਮਰਨ ਦਾ ਵੱਕਾਰ ਬਣਾ ਕੇ ਆਪਣਾ ਪ੍ਰਭਾਵ ਵਰਤ ਰਿਹਾ ਸੀ, ਜਦਕਿ ਇਸ ਵਾਰ ਹਾਲਾਤ ਬਦਲੇ ਹਨ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਹ ਮੁਸ਼ਕਲਾਂ ਨਹੀਂ ਆਉਣੀਆਂ, ਜਿਨ੍ਹਾਂ ਮੁਸ਼ਕਲਾਂ ਨੇ ਪਿਛਲੀ ਵਾਰ ਮਨਪ੍ਰੀਤ ਬਾਦਲ ਦਾ ਰਸਤਾ ਰੋਕਿਆ ਸੀ।


satpal klair

Content Editor

Related News