ਲੂ ਦੇ ਕਹਿਰ ਤੋਂ ਲੁਧਿਆਣਵੀ ਹੋਏ ਬੇਹਾਲ
Tuesday, May 28, 2019 - 02:04 PM (IST)

ਲੁਧਿਆਣਾ (ਸਲੂਜਾ) : ਸਥਾਨਕ ਨਗਰ 'ਚ ਅੱਜ ਵੱਧ ਤੋਂ ਵੱਧ ਤਾਪਮਾਨ 39.6 ਡਿਗਰੀ ਸੈਲਸੀਅਸ ਰਿਹਾ ਪਰ ਫੀਲਿੰਗ 43 ਡਿਗਰੀ ਦੀ ਮਹਿਸੂਸ ਹੋ ਰਹੀ ਸੀ। ਲੂ ਦਾ ਕਹਿਰ ਇੰਨਾ ਜ਼ਿਆਦਾ ਸੀ ਕਿ ਕੁਝ ਸੈਕਿੰਡ ਲਈ ਵੀ ਧੁੱਪ 'ਚ ਖੜ੍ਹਾ ਨਹੀਂ ਹੋਇਆ ਜਾਂਦਾ ਸੀ। ਦੁਪਹਿਰ ਹੁੰਦੇ ਹੁੰਦੇ ਤਾਂ ਸੜਕਾਂ 'ਤੇ ਇਕ ਦਮ ਨਾਲ ਸੰਨਾਟਾ ਛਾ ਗਿਆ। ਹਰ ਕਿਸੇ ਦੇ ਹੀ ਪਸੀਨੇ ਛੁੱਟ ਰਹੇ ਸਨ ਅਤੇ ਜ਼ੁਬਾਨ ਬੋਲ ਰਹੇ ਸਨ, ਉਫ ਇਹ ਗਰਮੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਘੱਟ ਤੋਂ ਘੱਟ ਤਾਪਮਾਨ ਦਾ ਪਾਰਾ 22.6 ਡਿਗਰੀ ਸੈਲਸੀਅਸ ਰਿਹਾ। ਸਵੇਰ ਦੇ ਸਮੇਂ ਹਵਾ 'ਚ ਨਮੀ ਦੀ ਮਾਤਰਾ 46 ਫੀਸਦੀ ਅਤੇ ਸ਼ਾਮ ਨੂੰ 13 ਫੀਸਦੀ ਰਿਕਾਰਡ ਕੀਤੀ ਗਈ। ਮੌਸਮ ਮਾਹਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਖੁਸ਼ਕ ਅਤੇ ਗਰਮ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਖੇਤਰ 'ਚ ਬੱਦਲ ਛਾਏ ਰਹਿਣ, ਬਾਰਿਸ਼ ਅਤੇ ਹਨ੍ਹੇਰੀ ਕਾਰਨ ਤਾਪਮਾਨ 31 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਡਿੱਗ ਗਿਆ ਸੀ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਸੀ ਪਰ ਹੁਣ ਫਿਰ ਤੋਂ ਮੌਸਮ ਖੁਸ਼ਕ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਵਧਣ ਦੇ ਆਸਾਰ ਹਨ।