ਦਿੱਲੀ ਦਰਬਾਰ ਦੇ ਵੱਕਾਰ ਦਾ ਸਵਾਲ ਬਣੇਗੀ ਅੰਮ੍ਰਿਤਸਰ ਲੋਕ ਸਭਾ ਸੀਟ

04/23/2019 9:31:41 AM

ਅੰਮ੍ਰਿਤਸਰ(ਇੰਦਰਜੀਤ) : ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਭਾਜਪਾ ਦੇ ਕੱਦਾਵਰ ਦਿੱਲੀ ਤੋਂ ਹਰਦੀਪ ਪੁਰੀ ਦੇ ਆਉਣ 'ਤੇ ਅੰਮ੍ਰਿਤਸਰ ਹੁਣ ਹਾਟ ਸੀਟ ਦਾ ਦਮ ਭਰ ਰਹੀ ਹੈ। ਉਥੇ ਹੀ ਇਸ ਵਿਚ ਕਾਂਗਰਸ ਅਤੇ ਭਾਜਪਾ ਦੇ ਦਰਮਿਆਨ ਵਜੂਦ ਦਾ ਸਵਾਲ ਬਣ ਗਿਆ ਹੈ। ਪਿਛਲੇ ਸਮੀਕਰਨ ਵਿਚ ਜਿਸ ਤਰ੍ਹਾਂ ਕਾਂਗਰਸੀ ਇਸ ਸੀਟ 'ਤੇ ਆਪਣੀ ਮੋਨੋਪਲੀ ਦਾ ਅਨੁਮਾਨ ਬਣਾ ਕੇ ਬੈਠੇ ਸਨ ਕਿ ਜਿੱਥੇ ਦੋ ਸਾਲ ਪਹਿਲਾਂ ਦੀਆਂ ਚੋਣਾਂ ਵਿਚ 7 ਵਿਧਾਇਕ ਵੱਡੇ ਮਾਰਜਨ 'ਤੇ ਜਿੱਤੇ ਹਨ ਅਤੇ ਇਹ ਸੀਟ ਅਤਿ-ਸੁਰੱਖਿਅਤ ਹੈ। ਦੂਜੇ ਪਾਸੇ ਭਾਜਪਾ ਦੇ ਵੱਲੋਂ ਲੰਬੇ ਸਮੇਂ ਤੋਂ ਕੋਈ ਉਮੀਦਵਾਰ ਐਲਾਨ ਨਾ ਕੀਤੇ ਜਾਣ ਦੇ ਕਾਰਨ ਭਾਜਪਾਈਆਂ ਦੇ ਚਿਹਰੇ ਵੀ ਉੱਤਰਨ ਲੱਗ ਪਏ ਸਨ ਕਿਉਂਕਿ ਕੋਈ ਸ਼ਕਤੀਸ਼ਾਲੀ ਉਮੀਦਵਾਰ ਅੰਮ੍ਰਿਤਸਰ ਵਿਚ ਭਾਜਪਾ ਦੇ ਅੰਦਰ ਵਿਖਾਈ ਨਹੀਂ ਦੇ ਰਿਹਾ ਸੀ, ਜਿਸ ਕਾਰਨ ਵਰਕਰਾਂ ਵਿਚ ਜੋਸ਼ ਦੀ ਕਮੀ ਆਉਣ ਲੱਗੀ ਸੀ। ਉਥੇ ਹੀ ਕਾਂਗਰਸੀ ਆਪਣੇ ਜਿੱਤੇ ਹੋਏ ਉਮੀਦਵਾਰ ਦੇ ਪ੍ਰਤੀ ਉਮੀਦ ਵਿਚ ਸਨ ਪਰ ਦਿੱਲੀ ਤੋਂ ਉਕਤ ਨੇਤਾ ਦੇ ਆਉਣ 'ਤੇ ਇਸ ਮੁਕਾਬਲੇ ਵਿਚ ਹੁਣ ਅੰਮ੍ਰਿਤਸਰ ਪੰਜਾਬ ਦਾ ਉੱਘਾ ਸਿਆਸੀ ਅਖਾੜਾ ਬਣੇਗਾ ਅਤੇ ਇਸ ਮਹਾਸੰਗਰਾਮ ਦੇ ਬ੍ਰਹਿਮੰਡ ਵਿਚ ਹੁਣ ਦੋਵੇਂ ਪਾਸਿਓਂ ਬ੍ਰਹਮਾਸਤਰ ਚੱਲਣਗੇ ।

ਭਾਜਪਾ ਕਾਂਗਰਸ 'ਚ ਹੋਵੇਗੀ ਗੁਟਬੰਦੀ ਢਹਿ-ਢੇਰੀ
ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਪਿਛਲੇ ਦਿਨਾਂ ਵਿਚ ਲੋਕਲ ਅੰਦਾਜ਼ਿਆਂ ਵਿਚ ਅੰਦਰੂਨੀ ਗੁਟਬੰਦੀ ਕਾਰਨ ਵਰਕਰ ਉਮੀਦਵਾਰੀ ਨੂੰ ਲੈ ਕੇ ਕਈ ਗੁਟਾਂ ਵਿਚ ਵੰਡਣ ਲੱਗੇ ਸਨ ਅਤੇ ਆਪਸ ਵਿਚ ਇਕ ਦੂਜੇ ਨੂੰ ਰਾਜਨੀਤਕ ਤੌਰ 'ਤੇ ਨੀਵਾਂ ਵਿਖਾਉਣ ਅਤੇ ਧੜੇਬੰਦੀ ਦੀਆਂ ਕਈ ਸੂਚਨਾਵਾਂ ਹਾਈਕਮਾਨ ਤੱਕ ਵੀ ਪਹੁੰਚੀਆਂ ਸਨ। ਜਾਣਕਾਰਾਂ ਦੇ ਮੁਤਾਬਕ ਇਸ ਵਿਚ ਭਾਜਪਾ ਹਾਈਕਮਾਨ ਨੇ ਇਕ ਬਾਹਰੀ ਉਮੀਦਵਾਰ ਭੇਜ ਕੇ ਗੁਟਬੰਦੀ ਨੂੰ ਜਿੱਥੇ ਢਹਿ-ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਉਥੇ ਹੀ ਕਾਂਗਰਸ ਦੇ ਸਾਹਮਣੇ ਵੀ ਇਕ ਤਾਕਤਵਾਰ ਮੋਹਰਾ ਸਾਹਮਣੇ ਰੱਖ ਦਿੱਤਾ। ਦੂਜੇ ਪਾਸੇ ਭਾਜਪਾ ਦੇ ਇਸ ਅੰਤਰਰਾਸ਼ਟਰੀ ਪੱਧਰ ਦੀ ਸ਼ਖਸੀਅਤ ਨੂੰ ਹਰਾਉਣ ਲਈ ਕਾਂਗਰਸ ਦਾ ਦਿੱਲੀ ਦਰਬਾਰ ਵੀ ਹਰਕਤ ਵਿਚ ਆਉਣ ਲੱਗਾ ਹੈ ਤਾਂਕਿ ਇਸ ਮੁਕਾਬਲੇ ਵਿਚ ਮੋਦੀ ਸਰਕਾਰ ਦਾ ਇਕ ਵਧੀਆ ਮਹਾਰਥੀ ਚਿੱਤ ਕਰ ਦਿੱਤਾ ਜਾਵੇ। ਸੰਸਦ ਔਜਲਾ ਨੂੰ ਟਿਕਟ ਮਿਲਣ ਉਪਰੰਤ ਵੀ ਕਾਂਗਰਸ ਦੇ ਹੋਰ ਦਾਅਵੇਦਾਰ ਨੇਤਾ ਵੀ ਅੰਦਰ ਖਾਤੇ ਕਿੜ ਰੱਖਦੇ ਸਨ ਜੋ ਯੋਗਤਾ ਦੇ ਆਧਾਰ 'ਤੇ ਆਪਣਾ ਹੱਕ ਜਤਾਈ ਫਿਰਦੇ ਰਹੇ ਹਨ। ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਵੀ ਸਖਤੀ ਨਾਲ ਮੁਕਾਬਲੇ ਵਿਚ ਹਿੱਸਾ ਲੈਣ ਦੇ ਨਿਰਦੇਸ਼ ਦੇਵੇਗੀ ਅਤੇ ਉਨ੍ਹਾਂ ਨੂੰ ਇਸ ਟਾਰਗੈੱਟ ਹੇਠ ਬੰਨ੍ਹੇਗੀ ਕਿ ਉਨ੍ਹਾਂ ਦੇ ਇਲਾਕਿਆਂ ਦੇ ਵਿਚੋਂ ਕੋਈ ਕਸਰ ਨਹੀਂ ਰਹਿਣੀ ਚਾਹੀਦੀ। ਕੁਲ ਮਿਲਾ ਕੇ ਦੋਵੇਂ ਪਾਸੇ ਭਾਜਪਾ-ਕਾਂਗਰਸ ਦੇ ਦਿੱਲੀ ਦਰਬਾਰ ਦੇ ਪੈਰੋਕਾਰ ਇਸ ਗੁਟਬੰਦੀ ਨੂੰ ਤੋੜ ਕੇ ਸਿੱਧੇ ਮੁਕਾਬਲੇ ਦਾ ਮੁਕਾਮ ਬਣਾਉਣਗੇ।

ਪੁਰੀ ਬਣਨਗੇ ਹਾਰ-ਜਿੱਤ ਦਾ ਕੇਂਦਰ
ਹਰਦੀਪ ਪੁਰੀ ਨੂੰ ਜਿੱਥੇ ਹਰਾਉਣ ਲਈ ਕਾਂਗਰਸ ਹਾਈਕਮਾਨ ਆਪਣਾ ਪੂਰਾ ਜ਼ੋਰ ਲਾ ਕੇ ਗੁਰਜੀਤ ਔਜਲਾ ਨੂੰ ਜਿਤਾਉਣ ਦੀ ਕੋਸ਼ਿਸ਼ ਕਰੇਗੀ ਉਥੇ ਹੀ ਭਾਜਪਾ ਹਰਦੀਪ ਪੁਰੀ ਨੂੰ ਜਿਤਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਕਿਉਂਕਿ ਪੁਰੀ ਅਰੁਣ ਜੇਤਲੀ ਦੇ ਪੱਧਰ ਦੇ ਵਿਅਕਤੀ ਹਨ ਅਤੇ ਜੇਤਲੀ ਦੇ ਖਾਸਮ ਖਾਸ ਵੀ ਹਨ। ਇਸ ਲਈ ਭਾਜਪਾ ਉਨ੍ਹਾਂ ਐਂਗਲਾਂ 'ਤੇ ਵੀ ਦਬਾਅ ਬਣਾਵੇਗੀ ਜਿਨ੍ਹਾਂ ਕਾਰਨਾਂ ਨਾਲ ਅੰਮ੍ਰਿਤਸਰ ਵਿਚ ਕੈਪਟਨ-ਜੇਤਲੀ ਮੁਕਾਬਲੇ ਵਿਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੰਮ੍ਰਿਤਸਰ ਦੀ ਬਣ ਚੁੱਕੀ ਇਸ ਹਾਟ ਸੀਟ ਦਾ ਐਂਗਲ ਹਰਦੀਪ ਪੁਰੀ ਦੀ ਜਿੱਤ ਅਤੇ ਹਾਰ ਨੂੰ ਲੈ ਕੇ ਬਣੇਗਾ, ਜਿਸ ਨੂੰ ਕਾਂਗਰਸੀ ਜਿੱਤਣ ਨਹੀਂ ਦੇਣਗੇ ਅਤੇ ਭਾਜਪਾ ਉਸ ਨੂੰ ਜਿਤਾਉਣ ਲਈ ਕੋਈ ਹੱਥਕੰਡੇ ਅਪਣਾਉਣ ਤੋਂ ਨਹੀਂ ਹਟੇਗੀ।


cherry

Content Editor

Related News