ਹਸਪਤਾਲ ''ਚੋਂ ਫਰਾਰ ਹੋਇਆ ਕੋਰੋਨਾ ਪਾਜ਼ੇਟਿਵ ਮੁਲਜ਼ਮ

Saturday, Oct 10, 2020 - 10:37 PM (IST)

ਸ੍ਰੀ ਮੁਕਤਸਰ ਸਾਹਿਬ,(ਰਿਣੀ, ਪਵਨ)- ਕੋਰੋਨਾ ਪਾਜ਼ੇਟਿਵ ਆਉਣ 'ਤੇ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਅਧੀਨ ਇਕ ਕਥਿਤ ਦੋਸ਼ੀ ਹਸਪਤਾਲ 'ਚੋਂ ਅੱਜ ਫਰਾਰ ਹੋ ਗਿਆ। ਜਿਸ ਦੇ ਉਪਰੰਤ ਸਥਾਨਕ ਥਾਣਾ ਸਦਰ ਪੁਲਸ ਨੇ ਕਥਿਤ ਦੋਸ਼ੀ ਸਮੇਤ ਦੋ ਸਬ ਥਾਣੇਦਾਰਾਂ ਅਤੇ 2 ਹੋਮਗਾਰਡ ਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਥਿਤ ਦੋਸ਼ੀ ਜਸਪ੍ਰੀਤ ਸਿੰਘ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਇਲਾਜ ਅਧੀਨ ਸੀ। ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਵਾਰਡ ਅਟੇਂਡੈਂਟ ਗੁਰਪ੍ਰੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਰਾਣੀਵਾਲਾ ਨੇ ਦੱਸਿਆ ਕਿ 8 ਅਕਤੂਬਰ ਨੂੰ ਜਦੋਂ ਉਹ ਕੋਰੋਨਾ ਮਰੀਜ਼ਾਂ ਦੇ ਕਮਰੇ ਵਿੱਚ ਚਾਹ ਦੇਣ ਲਈ ਗਿਆ ਤਾਂ ਉਸ ਨੇ ਦੇਖਿਆ ਕਿ ਦੋ ਹੋਰ ਵਿਅਕਤੀ ਜਿੰਨ੍ਹਾਂ ਦੇ ਹੱਥਕੜੀਆਂ ਲੱਗੀਆਂ ਹੋਈਆਂ ਸਨ, ਉਹ ਆਪਣੇ ਬੈਡ 'ਤੇ ਹਾਜ਼ਰ ਸਨ, ਜਦੋਂਕਿ ਜਸਪ੍ਰੀਤ ਸਿੰਘ ਉੁਰਫ਼ ਲੱਕੀ ਵਾਸੀ ਗਿੱਦੜਬਾਹਾ ਦੀ ਹੱਥਕੜ੍ਹੀ ਬੈਡ 'ਤੇ ਖੁੱਲ੍ਹੀ ਪਈ ਸੀ ਤੇ ਉਹ ਬੈਡ 'ਤੇ ਹਾਜ਼ਰ ਨਹੀਂ ਸੀ। ਉਸ ਦੇ ਨਾਲ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਅੱਜ ਸਵੇਰੇ ਸਬ ਥਾਣੇਦਾਰ ਦੇਸਾ ਸਿੰਘ ਤੇ ਹੋਮਗਾਰਡ ਜਵਾਨ ਇਕਬਾਲ ਸਿੰਘ ਨੇ ਕਥਿਤ ਦੋਸ਼ੀ ਦੀ ਹੱਥਕੜ੍ਹੀ ਫਲੱਸ਼ ਜਾਣ ਲਈ ਖ਼ੋਲ੍ਹ ਦਿੱਤੀ ਸੀ।
ਉਸ ਤੋਂ ਬਾਅਦ ਦੋਵੇਂ ਕਰਮਚਾਰੀ ਕਮਰੇ ਦਾ ਦਰਵਾਜਾ ਬੰਦ ਕਰਕੇ ਆਪਣੇ ਗਾਰਡ ਰੂਮ ਵਿੱਚ ਚਲੇ ਗਏ ਤੇ ਕਥਿਤ ਦੋਸ਼ੀ ਜਸਪ੍ਰੀਤ ਸਿੰਘ ਬਾਥਰੂਮ ਨਾਲ ਬਣੀ ਖਿੜਕੀ ਵਿੱਚੋਂ ਲੰਘ ਕੇ ਫਰਾਰ ਹੋ ਗਿਆ। ਪੁਲਸ ਨੇ ਇਸ ਮਾਮਲੇ 'ਚ ਜਸਪ੍ਰੀਤ ਸਿੰਘ ਉਰਫ਼ ਲੱਕੀ, ਸਬ ਥਾਣੇਦਾਰ
ਦੇਸਾ ਸਿੰਘ, ਸਬ ਥਾਣੇਦਾਰ ਹਰਜਿੰਦਰ ਸਿੰਘ, ਹੋਮਗਾਰਡ ਜਵਾਨ ਇਕਬਾਲ ਸਿੰਘ ਤੇ ਮਨੋਜ ਕੁਮਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 223, 224, 270 ਤਹਿਤ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਜਸਪ੍ਰੀਤ ਸਿੰਘ ਨੂੰ ਥਾਣਾ ਗਿੱਦੜਬਾਹਾ ਪੁਲਸ ਨੇ ਮੁਕੱਦਮਾ ਨੰਬਰ 267 ਤਹਿਤ ਮੋਬਾਇਲ ਚੋਰੀ ਦੇ ਮਾਮਲੇ ਵਿੱਚ ਕਾਬੂ ਕੀਤਾ ਸੀ।



 


Deepak Kumar

Content Editor

Related News