ਹੁਸ਼ਿਆਰਪੁਰ ਪੁਲਸ ਵਲੋਂ ਬੈਂਕ ਡਕੈਤੀਆਂ ਕਰਨ ਵਾਲਾ ਗਿਰੋਹ ਕਾਬੂ
Tuesday, Oct 20, 2020 - 08:17 PM (IST)
ਹੁਸ਼ਿਆਰਪੁਰ, (ਅਮਰਿੰਦਰ) : ਜ਼ਿਲ੍ਹਾ ਪੁਲਸ ਵਲੋਂ ਇੰਡੀਅਨ ਓਵਰਸੀਜ਼ ਬੈਂਕ ਗਿਲਜੀਆਂ, ਪੰਜਾਬ ਐਂਡ ਸਿੰਧ ਬੈਂਕ ਭਾਗੋਵਾਲ ਅਤੇ ਆਲੇ-ਦੁਆਲੇ ਦੇ ਇਲਾਕੇ 'ਚ ਬੈਂਕ ਡਕੈਤੀਆਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕਰਦਿਆਂ ਤਿੰਨ ਦੇਸੀ ਪਿਸਤੌਲ 315 ਬੋਰ, 8 ਜਿੰਦਾ ਰੋਂਦ, ਇਕ ਸਕੂਟੀ, ਇਕ ਮੋਟਰ ਸਾਈਕਲ, 30 ਹਜ਼ਾਰ ਰੁਪਏ ਅਤੇ ਥਾਣਾ ਆਦਮਪੁਰ ਦੇ ਪਿੰਡ ਕਾਲਰਾ 'ਚ ਯੂਕੋ ਬੈਂਕ ਵਿੱਚ ਡਕੈਤੀ ਦੌਰਾਨ ਗਾਰਡ ਪਾਸੋਂ ਖੋਹੀ ਦੋਨਾਲੀ ਬਰਾਮਦ ਕੀਤੀ ਗਈ। ਪੁਲਸ ਵਲੋਂ ਕਾਬੂ ਕੀਤੇ ਗਏ ਮੁਲਜ਼ਮ, ਜਿਨ੍ਹਾਂ ਦਾ ਪਿਛੋਕੜ ਵੱਖ-ਵੱਖ ਤਰ੍ਹਾਂ ਦੇ ਜ਼ੁਰਮਾਂ ਨਾਲ ਜੁੜਿਆ ਹੋਇਆ ਹੈ, ਦੀ ਪਛਾਣ ਸੁਨੀਲ ਦੱਤ ਵਾਸੀ ਘੁਗਿਆਲ, ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਕੋਠੇ ਪ੍ਰੇਮ ਨਗਰ, ਹਰਿਆਣਾ ਅਤੇ ਬਲਵਿੰਦਰ ਸਿੰਘ ਉਰਫ ਸੋਨੂ ਵਾਸੀ ਕੋਠੇ ਪ੍ਰੇਮ ਨਗਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਦੋ ਸਾਥੀ ਸਤਪਾਲ ਸਿੰਘ ਉਰਫ ਸੱਤਾ ਵਾਸੀ ਹਰਿਆਣਾ ਅਤੇ ਗੁਰਵਿੰਦਰ ਸਿੰਘ ਉਰਫ ਬਿੰਦਾ ਵਾਸੀ ਲੁਡਿਆਣੀ ਥਾਣਾ ਦਸੂਹਾ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਨ੍ਹਾਂ ਬੈਂਕ ਡਕੈਤੀਆਂ ਨੂੰ ਹੱਲ ਕਰਨ ਲਈ ਐਸ.ਪੀ. (ਤਫਤੀਸ਼) ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਸ ਦੀਆਂ 6 ਵੱਖ-ਵੱਖ ਟੀਮਾ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਨੇ ਬੜੀ ਸੂਝਬੂਝ ਅਤੇ ਯੋਜਨਾਬੱਧ ਢੰਗ ਨਾਲ ਇਹ ਮਸਲੇ ਹੱਲ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਮਾਡਲ ਟਾਊਨ ਥਾਣੇ ਦੇ ਇੰਸਪੈਕਟਰ ਕਰਨੈਲ ਸਿੰਘ, ਥਾਣਾ ਸਿਟੀ ਦੇ ਇੰਸਪੈਕਟਰ ਗੋਬਿੰਦਰ ਕੁਮਾਰ ਅਤੇ ਸੀ.ਆਈ.ਏ. ਦੇ ਇੰਸਪੈਕਟਰ ਸ਼ਿਵ ਕੁਮਾਰ 'ਤੇ ਆਧਾਰਤ ਟੀਮਾਂ ਵਲੋਂ ਵੱਖ-ਵੱਖ ਇਲਾਕਿਆਂ ਵਿੱਚ ਲੱਗੇ ਸੀ. ਸੀ. ਟੀ. ਵੀ. ਫੁਟੇਜ, ਅਪਰਾਧਕ ਕਿਸਮ/ਜਮਾਨਤ 'ਤੇ ਆਏ ਵਿਅਕਤੀਆਂ ਦੇ ਅਪਰਾਧਕ ਪਿਛੋਕੜ ਖੰਗਾਲਣ ਅਤੇ ਸੂਹੀਆਂ ਦੀ ਮਦਦ ਨਾਲ ਬੀਤੇ ਦਿਨ 19 ਅਕਤੂਬਰ ਰਾਤ ਕਰੀਬ 11 ਵਜੇ ਪਿੰਡ ਖਾਖਲੀ ਤੋਂ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ਼ ਧਾਰਾ 392/394/395 ਅਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ ਥਾਣਾ ਹਰਿਆਣਾ ਵਿੱਚ ਮੁਕੱਦਮਾ ਨੰਬਰ 154 ਮਿਤੀ 19-10-2020 ਦਰਜ ਕੀਤਾ ਗਿਆ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਇਹ ਸਾਹਮਣੇ ਆਇਆ ਕਿ ਇਨ੍ਹਾਂ ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਸੰਗੀਨ ਜ਼ੁਰਮਾਂ ਤਹਿਤ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਲੋਂ ਟਾਂਡਾ ਦੇ ਪਿੰਡ ਗਿਲਜੀਆਂ ਵਿੱਚ 27 ਜੁਲਾਈ ਨੂੰ ਅਤੇ ਥਾਣਾ ਸਦਰ ਦੇ ਪਿੰਡ ਭਾਗੋਵਾਲ ਵਿੱਚ 4 ਸਤੰਬਰ ਨੂੰ ਬੈਂਕ ਡਕੈਤੀ ਕੀਤੀ ਗਈ ਸੀ ਜਿਸ ਉਪਰੰਤ 15 ਅਕਤੂਬਰ ਨੂੰ ਥਾਣਾ ਆਦਮਪੁਰ ਦੇ ਪਿੰਡ ਕਾਲਰਾ ਵਿੱਚ ਬੈਂਕ ਡਕੈਤੀ ਕੀਤੀ ਗਈ ਅਤੇ ਉਨ੍ਹਾਂ ਵਲੋਂ ਵਰਤੇ ਗਏ ਮੋਟਰ ਸਾਈਕਲ ਸਪਲੈਂਡਰ ਅਤੇ ਇਕ ਸਕੂਟੀ ਮਾਈਸਟ੍ਰੋ ਵੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਤਪਾਲ ਸਿੰਘ ਉਰਫ ਸੱਤਾ ਜੋ ਕਿ ਵਾਰਦਾਤ ਕਰਨ ਤੋਂ ਬਾਅਦ ਆਪਣੇ ਹਥਿਆਰ ਬਲਵਿੰਦਰ ਸਿੰਘ ਉਰਫ ਸੋਨੂੰ ਕੋਲ ਰੱਖ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਲੋਂ ਗੁਰਦਾਸਪੁਰ ਦੇ ਥਾਣਾ ਕਾਹਨੂੰਵਾਨ ਦੇ ਪਿੰਡ ਭੈਣੀ ਮੀਆਂ ਖਾਂ ਵਿੱਚ ਬੈਂਕ ਲੁੱਟਣ ਦੀ ਯੋਜਨਾ ਬਣਾਈ ਗਈ ਸੀ ਜਿਸ ਲਈ ਉਨ੍ਹਾਂ ਵਲੋਂ ਰੈਕੀ ਵੀ ਕੀਤੀ ਗਈ ਅਤੇ ਹੁਣ ਯੋਜਨਾ ਨੂੰ ਅੰਜ਼ਾਮ ਦੇਣਾ ਸੀ। ਬਰਾਮਦ ਹੋਈ ਸਕੂਟਰੀ ਜੋ ਕਿ ਸਤਨਾਮ ਸਿੰਘ ਉਰਫ ਸੱਤਾ ਨੇ ਖਰੀਦੀ ਸੀ ਅਤੇ ਉਸ ਦੀ ਆਰ.ਸੀ. ਜਾਅਲੀ ਦਸਤਾਵੇਜ ਤਿਆਰ ਕਰਕੇ ਕਿਸੇ ਦੇ ਨਾਂ 'ਤੇ ਬਣਾਏ ਸਨ ਤਾਂ ਜੋ ਪੁਲਿਸ ਉਸ ਤੱਕ ਪਹੁੰਚ ਨਾ ਸਕੇ।