ਚੋਣ ਜ਼ਾਬਤੇ ਦੌਰਾਨ ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਮਨੀ ਐਕਸਚੇਂਜਰ ਤੋਂ ਲੁੱਟੀ ਲੱਖਾਂ ਦੀ ਨਕਦੀ
Monday, Jan 17, 2022 - 11:46 AM (IST)
ਹੁਸ਼ਿਆਰਪੁਰ (ਰਾਕੇਸ਼, ਅਮਰੀਕ)- ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ-ਦਿਹਾੜੇ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ। ਬੀਤੀ ਸ਼ਾਮ ਸ਼ਹਿਰ ਦੇ ਵਿਚਕਾਰ ਥਾਣਾ ਸਿਟੀ ਨੇੜੇ ਇਕ ਮਨੀ ਐਕਸਚੇਂਜਰ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾ ਕੇ 4 ਲੱਖ ਰੁਪਏ ਦੀ ਨਕਦੀ ਲੁੱਟ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਓਹਰੀ ਮਨੀ ਐਕਸਚੇਂਜ ਦੇ ਮਾਲਕ ਆਕਾਸ਼ ਓਹਰੀ ਪੁੱਤਰ ਵਿਨੋਦ ਚੰਦਰ ਓਹਰੀ ਵਾਸੀ ਗੌਤਮ ਨਗਰ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਦੁਕਾਨ ’ਤੇ ਆਇਆ ਸੀ ਕਿ ਪਹਿਲਾਂ ਇਕ ਵਿਅਕਤੀ ਆਇਆ ਅਤੇ ਕਹਿਣ ਲੱਗਾ ਕਿ ਬਾਹਰੋਂ 80 ਹਜ਼ਾਰ ਦੀ ਪੇਮੈਂਟ ਆਈ ਹੈ। ਇਸ ’ਤੇ ਉਨ੍ਹਾਂ ਕਿਹਾ ਕਿ ਇੰਨੀ ਵੱਡੀ ਰਕਮ ਉਹ ਚੈੱਕ ਰਾਹੀਂ ਹੀ ਦੇ ਸਕਦੇ ਹਨ।
ਇਹ ਵੀ ਪੜ੍ਹੋ: ਜਲੰਧਰ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਹਾਈਕਮਾਨ ਨੇ ਇਨ੍ਹਾਂ ਵਿਧਾਇਕਾਂ ’ਚ ਵਿਖਾਇਆ ਵਿਸ਼ਵਾਸ
ਤਦ ਉਹ ਆਦਮੀ ਬਾਹਰ ਚਲਾ ਗਿਆ ਅਤੇ ਆਪਣੇ ਇਕ ਸਾਥੀ ਨਾਲ ਮੁੜ ਆਇਆ। ਉਸ ਨੇ ਆਉਂਦਿਆਂ ਹੀ ਦੁਕਾਨ ਦਾ ਸ਼ਟਰ ਹੇਠਾਂ ਕਰ ਦਿੱਤਾ। ਜਿਸ ਕਾਰਨ ਉਸ ਨੂੰ ਇਹ ਸਮਝਣ ਵਿਚ ਦੇਰ ਨਹੀਂ ਲੱਗੀ ਕਿ ਉਹ ਮੁਸੀਬਤ ਵਿਚ ਪੈ ਸਕਦਾ ਹੈ। ਉਸ ਨੇ ਨੇੜੇ ਪਏ ਹੀਟਰ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਚੁੱਕ ਸਕਿਆ। ਇਸ ਦੌਰਾਨ ਲੁਟੇਰਿਆਂ ਨੇ ਦਾਤਰ ਵਰਗਾ ਹਥਿਆਰ ਕੱਢ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਦੋਵਾਂ ਨੂੰ ਧੱਕਾ ਦੇ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਫਿਰ ਵੀ ਉਸ ਦੇ ਸਿਰ ਅਤੇ ਹੱਥ ’ਤੇ ਗੰਭੀਰ ਸੱਟਾਂ ਲੱਗੀਆਂ। ਲੁਟੇਰੇ ਮੌਕੇ ਤੋਂ 4 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਜਾਣ ਸਮੇਂ ਦੁਕਾਨ ਦੇ ਸ਼ਟਰ ਵੀ ਬਾਹਰੋਂ ਬੰਦ ਕਰ ਗਏ। ਉਸ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ: ਜਲੰਧਰ ਕਾਂਗਰਸ 'ਚ ਉੱਠੀ ਬਗਾਵਤ, ਮੇਅਰ ਜਗਦੀਸ਼ ਰਾਜਾ ਨੇ ਵਿਧਾਇਕ ਬੇਰੀ ਖ਼ਿਲਾਫ਼ ਖੋਲ੍ਹਿਆ ਮੋਰਚਾ
ਇਸ ਸਬੰਧੀ ਡੀ. ਐੱਸ. ਪੀ. ਪ੍ਰੇਮ ਸਿੰਘ, ਥਾਣਾ ਸਿਟੀ ਦੇ ਐੱਸ. ਐੱਚ. ਓ. ਅਮਨ ਸੈਣੀ ਨੇ ਦੱਸਿਆ ਕਿ ਦੁਕਾਨ ਅੰਦਰ ਅਤੇ ਆਲੇ-ਦੁਆਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਲਦੀ ਹੀ ਲੁਟੇਰੇ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ। ਲੁਟੇਰੇ ਜਾਂਦੇ ਸਮੇਂ ਆਕਾਸ਼ ਓਹਰੀ ਦਾ ਮੋਬਾਇਲ ਵੀ ਲੈ ਗਏ। ਇਸ ਘਟਨਾ ਨੂੰ ਲੈ ਕੇ ਆਸਪਾਸ ਦੇ ਇਲਾਕੇ ’ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ, ਕਿਉਂਕਿ ਚੋਣਾਂ ਦੇ ਦਿਨਾਂ ’ਚ ਪੁਲਸ ਦੀ ਗਸ਼ਤ ਅਕਸਰ ਤੇਜ਼ ਕੀਤੀ ਜਾਂਦੀ ਹੈ। ਇਸ ਗੱਲ ਨੂੰ ਅਣਗੌਲਿਆਂ ਕਰਦਿਆਂ ਚੋਰਾਂ ਨੇ ਦਿਨ-ਦਿਹਾੜੇ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਨ ਦੇ 3-3 ਸਰਵੇ ਰਿਪੋਰਟਾਂ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਦੇ ਦਾਅਵਿਆਂ ਨੇ ਠੱਗੇ ਕਈ ਦਾਅਵੇਦਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ