ਸਖ਼ਤ ਪ੍ਰਬੰਧਾਂ ਹੇਠ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਵੋਟਾਂ ਦਾ ਕੰਮ ਖ਼ਤਮ, ਕੁੱਲ 66.68 ਫ਼ੀਸਦੀ ਹੋਈ ਵੋਟਿੰਗ
Sunday, Feb 14, 2021 - 04:09 PM (IST)
ਹੁਸ਼ਿਆਰਪੁਰ (ਵਰਿੰਦਰ ਪੰਡਿਤ, ਝਾਵਰ)- ਨਗਰ ਨਿਗਮ ਹੁਸ਼ਿਆਰਪੁਰ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਨਗਰ ਕੌਂਸਲਾਂ ਲਈ ਦੁਪਹਿਰ 12 ਵਜੇ ਤੱਕ 31 ਫ਼ੀਸਦੀ ਹੋਈ ਵੋਟਿੰਗ ਹੋਈ। ਨਗਰ ਨਿਗਮ ਹੁਸ਼ਿਆਰਪੁਰ ਅਤੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਸਮੇਤ ਤਲਵਾੜਾ ਨਗਰ ਪੰਚਾਇਤ ਦੀ ਇਕ ਸੀਟ ਲਈ ਹੋ ਰਹੀ ਚੋਣ ਲਈ ਵੋਟਿੰਗ ਦੌਰਾਨ ਅੱਜ ਸੰਘਣੀ ਧੁੰਦ ਅਤੇ ਠੰਡ ਦੇ ਮੌਸਮ ਵਿੱਚ ਸਵੇਰੇ 8 ਵਜੇ ਵੋਟਰਾਂ ਦੀ ਆਮਦ ਸ਼ੁਰੂ ਹੋ ਗਈ ਸੀ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੀ 3 ਲੱਖ ਦੀ ਨਕਦੀ
ਜ਼ਿਲ੍ਹਾ ਲੋਕ ਸੰਪਰਕ ਅਫਸਰ ਵੱਲੋ ਮਿਲੀ ਜਾਣਕਾਰੀ ਮੁਤਾਬਕ ਅੱਜ ਦੁਪਹਿਰ 12 ਵਜੇ ਤੱਕ ਨਗਰ ਨਿਗਮ ਹੁਸ਼ਿਆਰਪੁਰ, ਨਗਰ ਕੌਂਸਲ ਗੜਸ਼ੰਕਰ, ਟਾਂਡਾ ਉੜਮੁੜ, ਦਸੂਹਾ, ਗੜਦੀਵਾਲਾ, ਹਰਿਆਣਾ, ਮੁਕੇਰੀਆਂ ਨਗਰ ਕੌਂਸਲਾਂ, ਮਾਹਿਲਪੁਰ ਸ਼ਾਮ ਚੁਰਾਸੀ ਨਗਰ ਪੰਚਾਇਤਾਂ ਲਈ ਕੁੱਲ 66.68 ਫ਼ੀਸਦੀ ਵੋਟਿੰਗ ਹੋਈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਵਿਵਾਦਾਂ ’ਚ, ਗਰਭ ’ਚ ਮਰੇ ਬੱਚੇ ਨੂੰ ਲੈ ਕੇ ਤੜਫਦੀ ਰਹੀ ਔਰਤ
ਜ਼ਿਲ੍ਹੇ ਅੰਦਰ ਨਗਰ ਪਾਲਿਕਾ ਅਤੇ ਨਗਰ ਨਿਗਮ ਚੋਣਾਂ ਦੌਰਾਨ ਅਮਨ-ਸ਼ਾਂਤੀ ਕਾਇਮ ਰੱਖਣ ਲਈ ਬੀਤੇ ਦਿਨ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਵੱਖ-ਵੱਖ ਸਥਾਨਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪੁਲਸ ਫੋਰਸ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਹਦਾਇਤ ਦਿੱਤੀ ਸੀ। ਜ਼ਿਲ੍ਹਾ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਅਮਨ-ਸ਼ਾਂਤੀ ਬਰਕਰਾਰ ਰੱਖੀ ਜਾ ਸਕੇ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਵਿਚ ਵੋਟਿੰਗ ਦਾ ਕੰਮ ਜਾਰੀ, ਜਾਣੋ ਕਿਹੜੇ-ਕਿਹੜੇ ਇਲਾਕਿਆਂ ਵਿਚ ਪੈ ਰਹੀਆਂ ਨੇ ਵੋਟਾਂ
ਗੜ੍ਹਸ਼ੰਕਰ, ਮਾਹਿਲਪੁਰ, ਹੁਸ਼ਿਆਰਪੁਰ ਸ਼ਹਿਰ ਦੇ ਅੰਦਰ ਵੱਖ-ਵੱਖ ਸਥਾਨਾਂ ਦਾ ਦੌਰਾ ਕਰਨ ਮੌਕੇ ਨਵਜੋਤ ਮਾਹਲ ਨੇ ਦੱਸਿਆ ਕਿ ਵੋਟਰਾਂ ਵੱਲੋਂ ਆਪਣੇ ਲੋਕਤੰਤਰਿਕ ਅਧਿਕਾਰ ਦੀ ਵਰਤੋਂ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੁਲਸ ਵਚਨਬੱਧ ਹੈ। ਪੁਲਸ ਦੇ ਜਵਾਨਾਂ ਨੂੰ ਆਪਣੀ ਡਿਊਟੀ ਸਮਰਪਣ ਭਾਵਨਾ ਅਤੇ ਲਗਨ ਨਾਲ ਨਿਭਾਉਣ ਦੇ ਆਦੇਸ਼ ਦਿੰਦੇ ਹੋਏ ਐੱਸ. ਐੱਸ. ਪੀ. ਨੇ ਉਨ੍ਹਾਂ ਨੂੰ ਪੋਲਿੰਗ ਦੌਰਾਨ ਕਾਨੂੰਨ-ਵਿਵਸਥਾ ਨੂੰ ਹਰ ਹਾਲ ਵਿਚ ਬਰਕਰਾਰ ਰੱਖਣ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਢਿੱਲ ਨਾ ਵਰਤਣ ਲਈ ਕਿਹਾ, ਤਾਂ ਜੋ ਵੋਟਾਂ ਦਾ ਕੰਮ ਅਮਨ-ਚੈਨ ਨਾਲ ਪੂਰਾ ਕੀਤਾ ਜਾ ਸਕੇ। ਜ਼ਿਲ੍ਹੇ ਵਿਚ 2000 ਤੋਂ ਜ਼ਿਆਦਾ ਪੁਲਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚ 4 ਐੱਸ. ਪੀਜ਼, 14 ਡੀ. ਐੱਸ. ਪੀਜ਼, 15 ਐੱਸ. ਐੱਚ. ਓਜ਼ ਆਦਿ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਘਟਨਾ ਲਈ ਜ਼ਿੰਮੇਵਾਰ ਲੋਕਾਂ ਨਾਲ ਪੂਰੀ ਤਰ੍ਹਾਂ ਸਖਤੀ ਵਰਤੀ ਜਾਵੇਗੀ।
ਹੁਸ਼ਿਆਰਪੁਰ ਦੇ 50 ਵਾਰਡਾਂ ਤੋਂ ਇਲਾਵਾ ਨਗਰ ਕੌਂਸਲਾਂ ਮੁਕੇਰੀਆਂ, ਦਸੂਹਾ, ਗਡ਼੍ਹਦੀਵਾਲਾ, ਹਰਿਆਣਾ, ਸ਼ਾਮਚੁਰਾਸੀ, ਉਡ਼ਮੁਡ਼, ਗਡ਼੍ਹਸ਼ੰਕਰ ਅਤੇ ਨਗਰ ਪੰਚਾਇਤ ਮਾਹਿਲਪੁਰ ਤੇ ਤਲਵਾਡ਼ਾ ਵਿਚ ਵੋਟਿੰਗ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਮਿਊਂਸੀਪਲ ਚੋਣਾਂ ਲਈ 142 ਵਾਰਡਾਂ ਵਿਚ 600 ਉਮੀਦਵਾਰ ਚੋਣ ਮੈਦਾਨ ਵਿਚ ਸਨ ਅਤੇ ਇਨ੍ਹਾਂ ਵਾਰਡਾਂ ਵਿਚ ਵੋਟਰਾਂ ਦੀ ਗਿਣਤੀ 2,22,799 ਹੈ। ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਸੀ ਅਤੇ 10 ਵਜੇ ਤੱਕ ਪੂਰੇ ਜ਼ਿਲੇ ਵਿਚ 17 ਫੀਸਦੀ, 12 ਵਜੇ ਤੱਕ 31 ਫੀਸਦੀ ਅਤੇ ਬਾਅਦ ਦੁਪਹਿਰ 2 ਵਜੇ ਤੱਕ 52 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 223 ਬੂਥਾਂ ’ਤੇ ਪਈਆਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।
ਵੋਟ ਫੀਸਦੀ ਬਾਰੇ ਜਾਣਕਾਰੀ ਦਿੰਦਿਆਂ ਅਪਨੀਤ ਰਿਆਤ ਨੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਲਈ 63.09 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸੇ ਤਰ੍ਹਾਂ ਨਗਰ ਕੌਂਸਲਾਂ ਮੁਕੇਰੀਆਂ ਵਿਚ 71.57 ਫੀਸਦੀ, ਦਸੂਹਾ ਵਿਚ 68.18 ਫੀਸਦੀ, ਗਡ਼੍ਹਦੀਵਾਲਾ ਵਿਚ 73.48 ਫੀਸਦੀ, ਹਰਿਆਣਾ ਵਿਚ 75.60 ਫੀਸਦੀ, ਸ਼ਾਮਚੁਰਾਸੀ ਵਿਚ 80.69 ਫੀਸਦੀ, ਟਾਂਡਾ ਵਿਚ 69.96 ਫੀਸਦੀ, ਗਡ਼੍ਹਸ਼ੰਕਰ ਵਿਚ 73.79 ਫੀਸਦੀ ਅਤੇ ਨਗਰ ਪੰਚਾਇਤ ਮਾਹਿਲਪੁਰ ਤੇ ਤਲਵਾਡ਼ਾ ਵਿਚ ਕ੍ਰਮਵਾਰ 70.75 ਅਤੇ 74.44 ਫੀਸਦੀ ਵੋਟਾਂ ਪਈਆਂ।
ਇਹ ਵੀ ਪੜ੍ਹੋ : ਜਲੰਧਰ ਦੇ ਹੋਟਲ ’ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ ’ਚ ਫੜੇ 15 ਜੋੜੇ