ਕਤਲ ਦੇ ਕੇਸ 'ਚ ਫਸੇ ਨਾਮੀ ਗੈਂਗਸਟਰਾਂ ਦੀ ਟਿਕ-ਟਾਕ 'ਤੇ ਵੀਡੀਓ ਹੋਈ ਵਾਇਰਲ (ਤਸਵੀਰਾਂ)

Monday, Apr 22, 2019 - 06:36 PM (IST)

ਕਤਲ ਦੇ ਕੇਸ 'ਚ ਫਸੇ ਨਾਮੀ ਗੈਂਗਸਟਰਾਂ ਦੀ ਟਿਕ-ਟਾਕ 'ਤੇ ਵੀਡੀਓ ਹੋਈ ਵਾਇਰਲ (ਤਸਵੀਰਾਂ)

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੀ ਕੇਂਦਰੀ ਜੇਲ 'ਚ ਬੰਦ ਤਿੰਨ ਨਾਮੀ ਗੈਂਗਸਟਰਾਂ ਦੀ ਸਾਥੀਆਂ ਸਮੇਤ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਕਤਲ ਦੇ ਮਾਮਲੇ 'ਚ ਪੁਲਸ ਵੱਲੋਂ ਦੁਬਈ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਜੋਤੀ, ਮੰਨਾ ਅਤੇ ਜੱਗਾ ਦੀ ਟਿਕ-ਟਾਕ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵੀਡੀਓ 18 ਅਪ੍ਰੈਲ ਨੂੰ ਜੇਲ ਦੇ ਅੰਦਰੋਂ ਬਣਾਈ ਗਈ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਤਿੰਨੋਂ ਮਸ਼ਹੂਰ ਗੈਂਗਸਟਰ ਹੁਸ਼ਿਆਰਪੁਰ ਦੀ ਕੇਂਦਰੀ ਜੇਲ ਦੀ ਬੈਰਕ ਨੰਬਰ-1 'ਚ ਬੰਦ ਹਨ। 

PunjabKesari
ਜਾਣੋ ਕਿਵੇਂ ਫਸਿਆ ਜੋਤੀ ਕਤਲ ਦੇ ਕੇਸ 'ਚ 
ਜ਼ਿਕਰਯੋਗ ਹੈ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਪਹਿਲਾਂ ਜੋਤੀ ਦੇ ਪਿਤਾ ਅਤੇ ਕੁਝ ਸਾਲ ਬਾਅਦ ਉਸ ਦੇ ਭਰਾ ਦੀ ਚੰਡੀਗੜ੍ਹ 'ਚ ਖੁੱਲ੍ਹੇਆਮ ਹੱਤਿਆ ਕਰ ਦਿੱਤੀ ਗਈ ਸੀ। ਵਿਰੋਧ 'ਚ ਬਦਲੇ ਦੀ ਨੀਅਤ ਨਾਲ ਜੋਤੀ ਨੇ ਆਪਣੇ ਵਿਰੋਧੀ ਗਰੁੱਪ 'ਤੇ ਹਮਲਾ ਕੀਤਾ। ਜੋਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਵੱਡੇ ਭਰਾ ਦੇ ਕਾਤਲ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਦੋਂ ਇਹ ਕਤਲ ਕੀਤਾ ਗਿਆ ਸੀ ਤਾਂ ਜੋਤੀ ਉਸ ਸਮੇਂ ਦੁਬਈ 'ਚ ਸੀ। ਵਿਰੋਧੀ ਗਰੁੱਪ ਦੇ ਇਕ ਵਿਅਕਤੀ ਦੇ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ 'ਚ ਜੋਤੀ ਨੂੰ ਹੁਸ਼ਿਆਰਪੁਰ ਪੁਲਸ ਕੁਝ ਮਹੀਨੇ ਪਹਿਲਾਂ ਹੀ ਦੁਬਈ ਤੋਂ ਫੜ ਕੇ ਹੁਸ਼ਿਆਰਪੁਰ ਲਿਆਈ ਸੀ। ਜੋਤੀ ਸਮੇਤ ਉਸ ਦੇ ਦੋਵੇਂ ਸਾਥੀ ਹੁਣ ਹੁਸ਼ਿਆਰਪੁਰ ਦੀ ਜੇਲ 'ਚ ਬੰਦ ਹਨ। 

PunjabKesari
ਜੇਲ ਪ੍ਰਸ਼ਾਸਨ 'ਤੇ ਵੀ ਉੱਠ ਸਕਦੇ ਨੇ ਸਵਾਲ 
ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਇਹ ਤਿੰਨੋਂ ਨਾਮੀ ਗੈਂਗਸਟਰ ਜੇਲ 'ਚ ਬੰਦ ਹਨ ਤਾਂ ਮੋਬਾਇਲ 'ਤੇ ਇਹ ਵੀਡੀਓ ਕਿਵੇਂ ਬਣੀ ਅਤੇ ਜੇਲ 'ਚੋਂ ਕਿਵੇਂ ਵਾਇਰਲ ਹੋਈ ਅਤੇ ਇਨ੍ਹਾਂ ਗੈਂਗਸਟਰਾਂ ਨੂੰ ਜੇਲ 'ਚ ਮੋਬਾਇਲ ਕਿਵੇਂ ਮਿਲਿਆ। ਜੇਕਰ ਇਹ ਵੀਡੀਓ ਜੇਲ 'ਚ ਬਣੀ ਹੈ ਅਤੇ ਉਥੋਂ ਹੀ ਅਪਲੋਡ ਕੀਤੀ ਗਈ ਹੈ ਤਾਂ ਜੇਲ ਪ੍ਰਸ਼ਾਸਨ 'ਤੇ ਸਵਾਲ ਉੱਠਣਾ ਲਾਜ਼ਮੀ ਹੈ।

PunjabKesari

ਜਦੋਂ ਇਸ ਮਾਮਲੇ ਸਬੰਧੀ ਐੱਸ. ਐੱਸ. ਪੀ. ਜੇ. ਏਲਿਨਚੇਲੀਅਨ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਗੈਂਗਸਟਰਾਂ ਵੱਲੋਂ ਇਹ ਵੀਡੀਓ ਕਿਵੇਂ ਬਣਾਈ ਗਈ ਹੈ ਅਤੇ ਕਿਵੇਂ ਵਾਇਰਲ ਕੀਤੀ ਗਈ ਹੈ, ਇਸ ਸਬੰਧੀ ਉਹ ਸਾਰੀ ਜਾਂਚ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।


author

shivani attri

Content Editor

Related News