ਪਾਣੀ ਦੀ ਨਿਕਾਸੀ ਰੋਕਣ ਨਾਲ ਮੁਹੱਲਾ ਨੀਲਕੰਠ ਵਾਸੀਆਂ ਨੂੰ ਆ ਰਹੀ ਐ ਮੁਸ਼ਕਿਲ
Sunday, Apr 14, 2019 - 05:05 AM (IST)

ਹੁਸ਼ਿਆਰਪੁਰ (ਘੁੰਮਣ)-ਟਾਂਡਾ ਰੋਡ ’ਤੇ ਵਾਰਡ ਨੰ. 50 ਅਧੀਨ ਮੁਹੱਲਾ ਨੀਲਕੰਠ ਵਾਸੀਆਂ ਨੇ ਦੋਸ਼ ਲਾਇਆ ਹੈ ਕਿ ਮੁਹੱਲੇ ਦਾ ਪਾਣੀ ਪਿਛਲੇ ਕਈ ਸਾਲਾਂ ਤੋਂ ਨਾਲ ਲੱਗਦੀ ਜ਼ਮੀਨ ਵਿਚ ਜਾ ਰਿਹਾ ਸੀ ਪਰ ਜ਼ਮੀਨ ਦੇ ਮਾਲਕ ਵੱਲੋਂ ਪਾਣੀ ਦੀ ਨਿਕਾਸੀ ਰੋਕ ਦੇਣ ਨਾਲ ਮੁਹੱਲਾ ਛੱਪਡ਼ ਦਾ ਰੂਪ ਧਾਰਨ ਕਰ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਵਾਸੀਆਂ ਦੇ ਕਹਿਣ ’ਤੇ ਇੰਟਕ ਦੋਆਬਾ ਜ਼ੋਨ ਦੇ ਪ੍ਰਧਾਨ ਕਰਮਵੀਰ ਬਾਲੀ ਨੇ ਹੋਰ ਇੰਟਕ ਵਰਕਰਾਂ ਨਾਲ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਲੋਕਾਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁਹੱਲੇ ਵਿਚ ਪਾਣੀ ਦਾ ਛੱਪਡ਼ ਲੱਗਿਆ ਹੋਇਆ ਹੈ। ਇਸ ਤਰ੍ਹਾਂ ਮੱਖੀਆਂ-ਮੱਛਰ ਪੈਦਾ ਹੋ ਰਹੇ ਹਨ ਅਤੇ ਕਈ ਬੀਮਾਰੀਆਂ ਲੱਗਣ ਦਾ ਡਰ ਬਣਿਆ ਹੋਇਆ ਹੈ। ਬਾਲੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਸਬੰਧ ’ਚ 15 ਅਪ੍ਰੈਲ ਨੂੰ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨਾਲ ਮੁਲਾਕਾਤ ਕਰ ਕੇ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਜਾਵੇਗੀ। ਜੇਕਰ ਫਿਰ ਵੀ ਨਿਗਮ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਮੁਹੱਲਾ ਵਾਸੀਆਂ ਅਤੇ ਇੰਟਕ ਵਰਕਰਾਂ ਨੂੰ ਨਾਲ ਲੈ ਕੇ ਨਗਰ ਨਿਗਮ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਬਲਵੀਰ ਕੌਰ, ਦਰਸ਼ਨਾ ਦੇਵੀ, ਲਾਲੀ, ਰਤਨ ਕੌਰ, ਅਲਕਾ ਰਾਣੀ, ਜੋਗਿੰਦਰ ਕੌਰ, ਨੀਰਜ ਸ਼ਰਮਾ, ਅਸ਼ੋਕ ਕੁਮਾਰ, ਵਾਸੂਦੇਵ ਆਦਿ ਸਮੇਤ ਕਈ ਮੁਹੱਲਾ ਵਾਸੀ ਹਾਜ਼ਰ ਸਨ।