ਚੋਣਾਂ ਦੀਆਂ ਤਿਆਰੀਆਂ ’ਚ ਕਮੀ ਨਹੀਂ ਰਹਿਣੀ ਚਾਹੀਦੀ : ਜ਼ਿਲਾ ਚੋਣ ਅਫ਼ਸਰ
Sunday, Apr 14, 2019 - 05:04 AM (IST)

ਹੁਸ਼ਿਆਰਪੁਰ (ਘੁੰਮਣ)-ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਚੋਣ ਤਿਆਰੀਆਂ ਵਿਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਦੀਆਂ ਤਿਆਰੀਆਂ ਯਕੀਨੀ ਬਣਾਈਆਂ ਜਾਣ। ਉਹ ਅੱਜ ਮੀਟਿੰਗ ਦੌਰਾਨ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਨਿਰਦੇਸ਼ ਦੇ ਰਹੇ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਸੂਦਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅੰਮ੍ਰਿਤ ਸਿੰਘ ਵੀ ਹਾਜ਼ਰ ਸਨ। ਜ਼ਿਲਾ ਚੋਣ ਅਫ਼ਸਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਸਬੰਧੀ 19 ਮਈ ਨੂੰ ਵੋਟਾਂ ਪੈਣਗੀਆਂ ਅਤੇ ਸਾਰੇ ਪ੍ਰਬੰਧ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਮੁਕੰਮਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ ਦੀ ਪਹਿਲੀ ਰੈਂਡੇਮਾਈਜ਼ੇਸ਼ਨ ਹੋ ਚੁੱਕੀ ਹੈ, ਇਸ ਲਈ ਰਿਹਰਸਲਾਂ ਦੌਰਾਨ ਪੋਲਿੰਗ ਸਟਾਫ ਨੂੰ ਹਰੇਕ ਪਹਿਲੂ ਤੋਂ ਜਾਣੂ ਕਰਵਾਇਆ ਜਾਵੇ, ਤਾਂ ਕਿ ਚੋਣਾਂ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਈ.ਵੀ.ਐੱਮ. ਅਤੇ ਵੀ.ਵੀ. ਪੈਟ ਮਸ਼ੀਨਾਂ ਦਾ ਰੱਖ-ਰਖਾਅ ਅਤੇ ਚੋਣ ਾਂ ਵਾਲੇ ਦਿਨ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਮਸ਼ੀਨਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੁਰੱਖਿਅਤ ਸਟਰਾਂਗ ਰੂਮਾਂ ਵਿਚ ਪਹੁੰਚਾਇਆ ਜਾਵੇ। ਸ਼੍ਰੀਮਤੀ ਈਸ਼ਾ ਕਾਲੀਆ ਨੇ ਏ.ਆਰ.ਓਜ਼ ਵੱਲੋਂ ਕੀਤੀਆਂ ਚੋਣ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਜਿੱਥੇ ਤਿਆਰੀਆਂ ਵਿਚ ਕੋਈ ਕਮੀ ਨਾ ਰਹੇ, ਉਥੇ ਹੀ ਸਵੀਪ ਮੁਹਿੰਮ ਤਹਿਤ ਗਤੀਵਿਧੀਆਂ ਵੀ ਹੋਰ ਤੇਜ਼ ਕੀਤੀਆਂ ਜਾਣ, ਤਾਂ ਜੋ ਵੋਟਰ ਜਾਗਰੂਕਤਾ ਦਾ ਸੁਨੇਹਾ ਘਰ-ਘਰ ਪਹੁੰਚਾਇਆ ਜਾ ਸਕੇ। ਉਨ੍ਹਾਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ, ਦਿਵਿਆਂਗ ਜਨਾਂ ਅਤੇ ਵੋਟ ਬਣਾਉਣ ਤੋਂ ਅਜੇ ਤੱਕ ਵਾਂਝੇ ਹੋਰ ਵਿਅਕਤੀਆਂ ਨੂੰ ਪਹਿਲ ਦੇ ਆਧਾਰ ’ਤੇ ਵੋਟਾਂ ਬਣਵਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਵੋਟ ਬਣਵਾਉਣ ਤੋਂ ਇਲਾਵਾ ਬਿਨਾਂ ਕਿਸੇ ਡਰ ਅਤੇ ਭੈਅ ਦੇ ਵੋਟ ਦੇ ਅਧਿਕਾਰ ਦੀ ਵਰਤੋਂ ਵੀ ਕੀਤੀ ਜਾਵੇ। ਇਸ ਤੋਂ ਪਹਿਲਾਂ ਏ. ਡੀ. ਸੀ. ਅੰਮ੍ਰਿਤ ਸਿੰਘ ਵੱਲੋਂ ਏ.ਆਰ.ਓਜ਼ ਨੂੰ ਪੋਲ ਡੇਅ ਮੈਨੇਜਮੈਂਟ ਸਬੰਧੀ ਟਰੇਨਿੰਗ ਵੀ ਦਿੱਤੀ ਗਈ। ਇਸ ਮੌਕੇ ਐੱਸ. ਡੀ. ਐੱਮ.-ਕਮ-ਸਹਾਇਕ ਰਿਟਰਨਿੰਗ ਅਫ਼ਸਰ ਮੁਕੇਰੀਆਂ ਸ਼੍ਰੀ ਅਦਿੱਤਿਆ ਉੱਪਲ, ਆਈ. ਏ. ਐੱਸ. ਗੌਤਮ ਜੈਨ, ਐੱਸ. ਡੀ. ਐੱਮ.-ਕਮ-ਸਹਾਇਕ ਰਿਟਰਨਿੰਗ ਅਫ਼ਸਰ ਹੁਸ਼ਿਆਰਪੁਰ ਅਮਿਤ ਸਰੀਨ, ਐੱਸ. ਡੀ. ਐੱਮ.-ਕਮ-ਸਹਾਇਕ ਰਿਟਰਨਿੰਗ ਅਫ਼ਸਰ ਦਸੂਹਾ ਸ਼੍ਰੀਮਤੀ ਜੋਤੀ ਬਾਲਾ, ਐੱਸ. ਡੀ. ਐੱਮ.-ਕਮ-ਸਹਾਇਕ ਰਿਟਰਨਿੰਗ ਅਫ਼ਸਰ ਗਡ਼੍ਹਸ਼ੰਕਰ ਹਰਬੰਸ ਸਿੰਘ, ਸਹਾਇਕ ਕਮਿਸ਼ਨਰ (ਜ) ਅਮਿਤ ਮਹਾਜਨ, ਏ. ਈ. ਟੀ. ਸੀ.-ਕਮ-ਸਹਾਇਕ ਰਿਟਰਨਿੰਗ ਅਫ਼ਸਰ ਚੱਬੇਵਾਲ ਅਵਤਾਰ ਸਿੰਘ ਕੰਗ, ਸਕੱਤਰ ਆਰ. ਟੀ. ਏ.-ਕਮ-ਸਹਾਇਕ ਰਿਟਰਨਿੰਗ ਅਫ਼ਸਰ ਕਰਨ ਸਿੰਘ, ਡੀ. ਡੀ. ਪੀ. ਓ.-ਕਮ-ਸਹਾਇਕ ਰਿਟਰਨਿੰਗ ਅਫ਼ਸਰ ਸਰਬਜੀਤ ਸਿੰਘ ਬੈਂਸ ਅਤੇ ਤਹਿਸੀਲਦਾਰ ਚੋਣਾਂ ਕਰਨੈਲ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।