ਕੈਪਟਨ ਸਰਕਾਰ ਖਿਲਾਫ਼ 12 ਨੂੰ ਅਰਥੀ ਫੂਕ ਪ੍ਰਦਰਸ਼ਨ ਦਾ ਐਲਾਨ

Wednesday, Apr 10, 2019 - 04:34 AM (IST)

ਕੈਪਟਨ ਸਰਕਾਰ ਖਿਲਾਫ਼ 12 ਨੂੰ ਅਰਥੀ ਫੂਕ ਪ੍ਰਦਰਸ਼ਨ ਦਾ ਐਲਾਨ
ਹੁਸ਼ਿਆਰਪੁਰ (ਘੁੰਮਣ)-ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਜ਼ਿਲਾ ਹੁਸ਼ਿਆਰਪੁਰ ਵੱਲੋਂ ਸਰਕਾਰ ਦੀ ਵਾਅਦਾ ਖਿਲਾਫ਼ੀ ਦੇ ਵਿਰੋਧ ’ਚ 12 ਅਪ੍ਰੈਲ ਨੂੰ ਅਰਥੀ ਫੂਕ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਸੰਘਰਸ਼ ਕਮੇਟੀ ਦੇ ਕਨਵੀਨਰ ਰਾਮਜੀ ਦਾਸ ਚੌਹਾਨ, ਨਿਤਿਨ ਮਹਿਰਾ, ਪ੍ਰਵੇਸ਼ ਕੁਮਾਰ, ਮੁਕੇਸ਼ ਕੁਮਾਰ, ਕੁਲਵਰਨ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਰਕਾਰ ਵੱਲੋਂ ਸੰਘਰਸ਼ ਕਮੇਟੀ ਨਾਲ ਮੀਟਿੰਗਾਂ ਕਰਨ ਉਪਰੰਤ ਵੀ ਮੰਗਾਂ ਨੂੰ ਲਟਕਾਉਣ ਦੇ ਵਿਰੋਧ ਵਿਚ ਚੱਲ ਰਹੇ ਸੰਘਰਸ਼ ਨੂੰ ਅੱਗੇ ਤੋਰਦੇ ਹੋਏ ਜ਼ਿਲਾ ਪੱਧਰੀ ਅਰਥੀ ਫੂਕ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਸੂਬਾਈ ਫੈਸਲੇ ਤਹਿਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਜ਼ਿਲਾ ਇਕਾਈ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ 12 ਅਪ੍ਰੈਲ ਨੂੰ ਦੁਪਹਿਰ 2.30 ਵਜੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋਡ਼ਾ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ ਅਤੇ ਸਰਕਾਰ ਦੀ ਅਰਥੀ ਫੂਕੀ ਜਾਵੇਗੀ। ਲੋਕਾਂ ਦੀ ਅਦਾਲਤ ’ਚ ਬੇਨਕਾਬ ਹੋਵੇਗਾ ਸਰਕਾਰ ਦਾ ਚਿਹਰਾ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮ ਮੰਗਾਂ ਦਾ ਹੱਲ ਨਾ ਕੀਤਾ ਤਾਂ ਕਾਂਗਰਸ ਸਰਕਾਰ ਦਾ ਮੁਲਾਜ਼ਮ, ਪੈਨਸ਼ਨਰ, ਕਿਸਾਨ, ਲੋਕ ਵਿਰੋਧੀ ਚਿਹਰਾ ਲੋਕ ਸਭਾ ਚੋਣਾਂ ਦੌਰਾਨ ਪਿੰਡ-ਪਿੰਡ ਜਾ ਕੇ ਲੋਕਾਂ ਦੀ ਕਚਹਿਰੀ ’ਚ ਨੰਗਾ ਕੀਤਾ ਜਾਵੇਗਾ। ਕੀ ਹਨ ਮੁਲਾਜ਼ਮ ਮੰਗਾਂ ਇਸ ਮੌਕੇ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਹਰ ਪ੍ਰਕਾਰ ਦੇ ਕੱਚੇ ਕਾਮਿਆਂ ਦੀਆਂ ਸੇਵਾਵਾਂ ਨੂੰ ਪੂਰੇ ਗ੍ਰੇਡਾਂ ਅਤੇ ਭੱਤਿਆਂ ਸਹਿਤ ਰੈਗੂਲਰ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆਂ ਦਾ ਨਕਦ ਰੂਪ ਵਿਚ ਭੁਗਤਾਨ ਤੁਰੰਤ ਕੀਤਾ ਜਾਵੇ, ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਜਨਵਰੀ 2016 ਤੋਂ ਤੁਰੰਤ ਲਾਗੂ ਕੀਤਾ ਜਾਵੇ, 1-1-2004 ਤੋਂ ਭਰਤੀ ਮੁਲਾਜ਼ਮਾਂ ਤੇ ਕੰਟਰੀਬਿਊਟਰੀ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਆਂਗਣਵਾਡ਼ੀ, ਮਿੱਡ-ਡੇ ਮੀਲ, ਆਸ਼ਾ ਵਰਕਰਾਂ ਤੇ ਘੱਟੋ-ਘੱਟ ਉਜਰਤ ਲਾਗੂ ਕੀਤੀ ਜਾਵੇ, ਖਜ਼ਾਨਿਆਂ ’ਤੇ ਲਾਈ ਰੋਕ ਨੂੰ ਤੁਰੰਤ ਹਟਾਇਆ ਜਾਵੇ, ਸਾਲਾਨਾ 2400 ਰੁਪਏ ਕੱਟਿਆ ਜਾਂਦਾ ਜਜ਼ੀਆ ਟੈਕਸ ਬੰਦ ਕੀਤਾ ਜਾਵੇ, ਮੁਲਾਜ਼ਮ ਦੋਖੀ ਪੱਤਰ ਵਾਪਸ ਲਏ ਜਾਣ, ਦਰਜਾ ਚਾਰ, ਡਰਾਈਵਰਾਂ ਅਤੇ ਹੋਰ ਵਰਦੀਧਾਰੀ ਮੁਲਾਜ਼ਮਾਂ ਨੂੰ ਨਕਦ ਵਰਦੀ ਭੱਤਾ ਦਿੱਤਾ ਜਾਵੇ। ਇਸ ਮੌਕੇ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਸਤੀਸ਼ ਰਾਣਾ ਤੋਂ ਇਲਾਵਾ ਮਨਜੀਤ ਸੈਣੀ, ਇੰਦਰਜੀਤ ਵਿਰਦੀ, ਅਮਰ ਸਿੰਘ, ਮਲਕੀਤ ਸਿੰਘ, ਅਮਰਜੀਤ ਕੁਮਾਰ, ਸੁਖਦੇਵ ਜਾਜਾ, ਸੁੱਚਾ ਸਿੰਘ ਸਤਨੌਰ, ਸੂਰਜ ਪ੍ਰਕਾਸ਼ ਸਿੰਘ, ਜਸਵੰਤ ਸਿੰਘ ਵੀ ਹਾਜ਼ਰ ਸਨ।

Related News