ਗੰਨੇ ਦੇ ਬਕਾਇਆ ਭੁਗਤਾਨ ਲਈ ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Wednesday, Mar 27, 2019 - 04:27 AM (IST)

ਗੰਨੇ ਦੇ ਬਕਾਇਆ ਭੁਗਤਾਨ ਲਈ ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
ਹੁਸ਼ਿਆਰਪੁਰ (ਪੰਡਿਤ, ਮੋਮੀ, ਗੁਪਤਾ, ਕੁਲਦੀਸ਼)-ਕਿਸਾਨਾਂ ਦੀ ਗੰਨੇ ਦੀਆਂ ਮਿੱਲਾਂ ਵੱਲ ਬਕਾਇਆ ਰਾਸ਼ੀ ਦੇ ਮੁੱਦੇ ’ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਹੁਸ਼ਿਆਰਪੁਰ ਅਤੇ ਸ੍ਰੀ ਹਰਗੋਬਿੰਦਪੁਰ ਦੀ ਇਕ ਮੀਟਿੰਗ ਕੁਲਦੀਪ ਸਿੰਘ ਟਾਹਲੀ ਤੇ ਗੁਰਪ੍ਰੀਤ ਸਿੰਘ ਸ੍ਰੀ ਹਰਗੋਬਿੰਦਪੁਰ ਦੀ ਸਾਂਝੀ ਪ੍ਰਧਾਨਗੀ ਹੇਠ ਪਿੰਡ ਰਡ਼ਾ ਮੰਡ ਵਿਖੇ ਹੋਈ । ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਮਿੱਲਾਂ ਵੱਲ ਕਿਸਾਨਾਂ ਦੀ ਬਕਾਇਆ ਰਾਸ਼ੀ ਅਤੇ ਬੰਜਰਤੋਡ਼ ਕਿਸਾਨਾਂ ਦੇ ਮਾਲਕੀ ਦੇ ਹੱਕਾਂ ਦਾ ਮਸਲਾ ਵਿਚਾਰਿਆ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਖੰਡ ਮਿੱਲਾਂ ਵੱਲ ਕਿਸਾਨਾਂ ਦਾ ਪਿਛਲੇ ਸੀਜ਼ਨ ਦਾ ਸਾਢੇ ਚਾਰ ਸੌ ਕਰੋਡ਼ ਅਤੇ ਨਵੇਂ ਸੀਜ਼ਨ ਦਾ ਲਗਭਗ ਗਿਆਰਾਂ ਸੌ ਕਰੋਡ਼ ਰੁਪਏ ਬਕਾਇਆ ਹੈ, ਜੋ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਪਰ ਗੰਨਾ ਮਿੱਲਾਂ ਕਿਸਾਨਾਂ ਨੂੰ ਇਹ ਰਾਸ਼ੀ ਨਹੀਂ ਦੇ ਰਹੀਆਂ, ਜਿਸ ਕਾਰਨ ਕਿਸਾਨ ਆਰਥਿਕ ਮੰਦਹਾਲੀ ਵਿਚੋਂ ਲੰਘ ਰਹੇ ਹਨ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਇਹ ਪੈਸਾ ਜਲਦ ਤੋਂ ਜਲਦ ਕਿਸਾਨਾਂ ਨੂੰ ਦਿਵਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਬੇਟ ਖੇਤਰ ਦੇ ਬੰਜਰਤੋਡ਼ ਕਿਸਾਨਾਂ ਦੇ ਮੁੱਦੇ ਨੂੰ ਵਿਚਾਰਦਿਆਂ ਜੰਗਲਾਤ ਵਿਭਾਗ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਤੋਂ ਬੇਦਖਲ ਕਰਨ ਦੀਆਂ ਕੋਸ਼ਿਸ਼ਾਂ ਦੀ ਪੁਰਜ਼ੋਰ ਨਿੰਦਾ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗੰਨਾ ਕਾਸ਼ਤਕਾਰ ਕਿਸਾਨਾਂ ਦਾ ਬਕਾਇਆ ਉਨ੍ਹਾਂ ਨੂੰ ਨਹੀਂ ਮਿਲਦਾ ਅਤੇ ਬੰਜਰਤੋਡ਼ ਕਿਸਾਨਾਂ ਦੇ ਮਾਲਕੀ ਹੱਕ ਉਨ੍ਹਾਂ ਨੂੰ ਨਹੀਂ ਮਿਲਦੇ ਤਾਂ ਕਿਸਾਨਾਂ ਵੱਲੋਂ 29 ਮਾਰਚ ਨੂੰ ਡੀ. ਸੀ. ਦਫ਼ਤਰ ਗੁਰਦਾਸਪੁਰ ਵਿਖੇ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਫਿਰੋਜ਼ਪੁਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ ਆਦਿ ਥਾਵਾਂ ਉੱਤੇ ਵੀ ਮੋਰਚਾ ਖੋਲ੍ਹਿਆ ਜਾਵੇਗਾ। ਇਸ ਮੌਕੇ ਕਿਸਾਨਾਂ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਬਿਆਸ ਦਰਿਆ ਦੇ ਪੁਲ ’ਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ ਫੱਤਾ ਕੁੱਲਾ, ਸੁਰਿੰਦਰ ਸੋਨੀ, ਨਿਸ਼ਾਨ ਸਿੰਘ ਗੰਧੋਵਾਲ, ਬਲਜੀਤ ਸਿੰਘ, ਦੀਦਾਰ ਸਿੰਘ, ਹਰਬੰਸ ਸਿੰਘ ਰਡ਼ਾ ਮੰਡ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਪ੍ਰਧਾਨ ਭਜਨ ਕੌਰ, ਕਸ਼ਮੀਰ ਕੌਰ, ਸਕੱਤਰ ਸੁਖਵਿੰਦਰ ਕੌਰ, ਸੁਦੇਸ਼ ਕੌਰ ਟਾਹਲੀ, ਕਰਤਾਰ ਸਿੰਘ ਆਦਿ ਵੀ ਮੌਜ਼ੂਦ ਸਨ। 26 ਐੱਚ ਐੱਸ ਪੀ ਐੱਚ ਪੰਡਤ 9

Related News