ਬੇਰਛਾ ਦੇ ਸੋਹਣ ਲਾਲ ਦੀ ਮਲੇਸ਼ੀਆ ਵਿਖੇ ਭੇਤਭਰੀ ਹਾਲਤ ’ਚ ਮੌਤ

Tuesday, Mar 26, 2019 - 04:44 AM (IST)

ਬੇਰਛਾ ਦੇ ਸੋਹਣ ਲਾਲ ਦੀ ਮਲੇਸ਼ੀਆ ਵਿਖੇ ਭੇਤਭਰੀ ਹਾਲਤ ’ਚ ਮੌਤ
ਹੁਸ਼ਿਆਰਪੁਰ (ਝਾਵਰ)-ਥਾਣਾ ਦਸੂਹਾ ਦੇ ਪਿੰਡ ਬੇਰਛਾ ਦੇ 35 ਸਾਲਾ ਵਿਅਕਤੀ ਸੋਹਣ ਲਾਲ ਪੁੱਤਰ ਕਰਮ ਚੰਦ, ਜੋ ਰੋਜ਼ੀ-ਰੋਟੀ ਦੀ ਭਾਲ ’ਚ ਤਕਰੀਬਨ ਇਕ ਸਾਲ ਪਹਿਲਾਂ ਮਲੇਸ਼ੀਆ ਗਿਆ ਸੀ, ਦੀ ਉੱਥੇ ਭੇਤਭਰੀ ਹਾਲਤ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਪਿਤਾ ਕਰਮ ਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਲਡ਼ਕਾ ਸੋਹਣ ਲਾਲ 7 ਅਪ੍ਰੈਲ ਨੂੰ ਛੁੱਟੀ ਲੈ ਕੇ ਵਾਪਸ ਪਿੰਡ ਆ ਰਿਹਾ ਸੀ। ਉਸ ਨੇ ਰੋਂਦਿਆਂ ਕੁਰਲਾਉਂਦਿਆਂ ਦੱਸਿਆ ਕਿ ਅਸੀਂ ਤਾਂ ਲਾਵਾਰਿਸ ਹੋ ਗਏ ਹਾਂ। ਮੇਰਾ ਪੁੱਤਰ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਨੂੰ ਅਣਹੋਣੀ ਨੇ ਘੇਰ ਲਿਆ। ਉਨ੍ਹਾਂ ਦੱਸਿਆ ਕਿ ਸੋਹਣ ਲਾਲ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਮੌਕੇ ਮ੍ਰਿਤਕ ਦੀ ਮਾਤਾ ਨਰਿੰਜਨ ਕੌਰ ਤੇ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਪਿੰਡ ਦੇ ਸਰਪੰਚ ਸਤਪਾਲ ਸਿੰਘ ਫੌਜੀ ਅਤੇ ਪੰਚ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਹ ਕੇਂਦਰ ਸਰਕਾਰ ਤੱਕ ਪਹੁੰਚ ਕਰ ਰਹੇ ਹਨ, ਜਦਕਿ ਉਨ੍ਹਾਂ ਸਾਬਕਾ ਐੱਮ. ਪੀ. ਤੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਅਤੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਸੋੋਹਣ ਲਾਲ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾਵੇ ਅਤੇ ਉਸ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ।

Related News