ਸਰਦ ਰੁੱਤ ਦੀਆਂ ਬਾਰਿਸ਼ਾਂ ਨਾਲ ਆਲੂਆਂ ਦੀ ਫ਼ਸਲ ਤਬਾਹ, ਕਿਸਾਨਾਂ ’ਚ ਹਾਹਾਕਾਰ

Tuesday, Mar 26, 2019 - 04:44 AM (IST)

ਸਰਦ ਰੁੱਤ ਦੀਆਂ ਬਾਰਿਸ਼ਾਂ ਨਾਲ ਆਲੂਆਂ ਦੀ ਫ਼ਸਲ ਤਬਾਹ, ਕਿਸਾਨਾਂ ’ਚ ਹਾਹਾਕਾਰ
ਹੁਸ਼ਿਆਰਪੁਰ (ਘੁੰਮਣ)-ਸਰਦ ਰੁੱਤ ਦੀਆਂ ਬਾਰਿਸ਼ਾਂ ਨਾਲ ਆਲੂਆਂ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨਾਂ ’ਚ ਹਾਹਾਕਾਰ ਮਚੀ ਹੋਈ ਹੈ। ਇਸ ਸਬੰਧ ’ਚ ਅੱਜ ਜ਼ਿਲਾ ਪ੍ਰਧਾਨ ਸਵਰਨ ਸਿੰਘ ਧੁੱਗਾ ਦੀ ਅਗਵਾਈ ’ਚ ਕਿਸਾਨਾਂ ਦੇ ਇਕ ਵਫ਼ਦ ਨੇ ਐੱਸ. ਡੀ. ਐੱਮ. ਅਮਿਤ ਸਰੀਨ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਗ-ਪੱਤਰ ਸੌਂਪਿਆ। ਵਫ਼ਦ ’ਚ ਜ਼ਿਲਾ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ ਤੋਂ ਇਲਾਵਾ ਮਲਕੀਤ ਸਿੰਘ ਸਲੇਮਪੁਰ, ਇੰਦਰ ਸਿੰਘ ਛਾਉਣੀ ਕਲਾਂ, ਸਤਪਾਲ ਚੱਬੇਵਾਲ, ਪਰਵਿੰਦਰ ਸਿੰਘ ਸਤਨੌਰ, ਭੁਪਿੰਦਰ ਸਿੰਘ ਹੁੱਕਡ਼ਾਂ, ਹਰਜਾਪ ਸਿੰਘ ਬੁੱਲ੍ਹੋਵਾਲ ਅਤੇ ਪ੍ਰਿੰ. ਪਿਆਰਾ ਸਿੰਘ ਵੀ ਸ਼ਾਮਲ ਸਨ। ਕਿਸਾਨਾਂ ਨੇ ਕਿਹਾ ਕਿ ਮੀਂਹ ਨਾਲ ਆਲੂਆਂ ਦੀ ਫ਼ਸਲ ਦੀ ਜੋ ਤਬਾਹੀ ਹੋਈ ਹੈ, ਸਰਕਾਰ ਉਸ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀਡ਼ਤ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕਡ਼ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ। ਕੀ ਹਨ ਕਿਸਾਨਾਂ ਦੀਆਂ ਹੋਰ ਮੰਗਾਂਵਫ਼ਦ ਨੇ ਦੱਸਿਆ ਕਿ ਮੰਗ-ਪੱਤਰ ਵਿਚ ਹੋਰਨਾਂ ਮੰਗਾਂ ਵਿਚ ਗੰਨੇ ਦੇ ਬਕਾਏ ਦਾ ਤੁਰੰਤ ਭੁਗਤਾਨ ਕੀਤਾ ਜਾਵੇ, ਗੰਨਾ ਖਤਮ ਹੋਣ ਤੱਕ ਸ਼ੂਗਰ ਮਿੱਲਾਂ ਚਲਾਈਆਂ ਜਾਣ, ਗੰਨੇ ਦੀ ਖਰੀਦ ਮੌਕੇ ਪਹਿਲਾਂ ਮਿੱਲ ਏਰੀਏ ਦਾ ਗੰਨਾ ਚੁੱਕਿਆ ਜਾਵੇ, ਸੀ-2 ਫਾਰਮੂਲੇ ਮੁਤਾਬਕ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਸਾਰੇ ਫ਼ਲਾਂ, ਸਬਜ਼ੀਆਂ ਤੇ ਲੱਕਡ਼ ਨੂੰ ਐੱਮ. ਐੱਸ. ਪੀ. ਦੇ ਦਾਇਰੇ ’ਚ ਲਿਆਂਦਾ ਜਾਵੇ, ਜ਼ਿਲਾ ਜਲੰਧਰ ਤੇ ਹੁਸ਼ਿਆਰਪੁਰ ਦੀ ਆਲੂ ਦੀ ਪੈਦਾਵਾਰ ਦੀ ਦੁਰਦਸ਼ਾ ਤੋਂ ਬਚਾਉਣ ਲਈ ਪ੍ਰੋਸੈਸਿੰਗ ਉਦਯੋਗ ਲਗਾਏ ਜਾਣ, ਆਵਾਰਾ ਜਾਨਵਰਾਂ ਤੇ ਪਸ਼ੂਆਂ ਵੱਲੋਂ ਕੀਤੇ ਜਾ ਰਹੇ ਫ਼ਸਲਾਂ ਦੇ ਉਜਾਡ਼ੇ ਨੂੰ ਰੋਕਣ ਦੀ ਵਿਵਸਥਾ ਕੀਤੀ ਜਾਵੇ ਆਦਿ ਮੰਗਾਂ ਸ਼ਾਮਲ ਹਨ।

Related News