ਸ਼ਬਦ ਨਾਲ ਜੁਡ਼ ਕੇ ਪ੍ਰਭੂ ਪਾਇਆ ਜਾ ਸਕਦੈ : ਬਾਬਾ ਸ਼ੇਰ ਸਿੰਘ
Friday, Mar 01, 2019 - 04:30 AM (IST)
ਹੁਸ਼ਿਆਰਪੁਰ (ਗੁਪਤਾ)-ਅੱਖਰ ਜਿਹਡ਼ਾ ਕਿ ਪਡ਼੍ਹਨ, ਲਿਖਣ ਤੇ ਬੋਲਣ ’ਚ ਆਉਂਦਾ ਹੈ ਤੇ ਅਨਹਦ ਸ਼ਬਦ ਜਿਹਡ਼ਾ ਕਿ ਦਸਵੇਂ ਦਰਵਾਜ਼ੇ ਤੋਂ ਸ਼ੁਰੂ ਹੁੰਦਾ ਹੈ ਜਿਹਡ਼ਾ ਕਿ ਸਾਡੇ ਇਨਸਾਨੀ ਜਾਮੇ ’ਚ ਦਿਨ ਰਾਤ ਵੱਜਦਾ ਰਹਿੰਦਾ ਹੈ। ਪਰਮ-ਪਿਤਾ-ਪਰਮੇਸ਼ਵਰ ਦੀ ਸ਼ਰਨ ’ਚ ਲੱਗਣ ਲਈ ਸਾਨੂੰ ਸਾਰਿਆਂ ਨੂੰ ਸ਼ਬਦ ਨਾਲ ਜੁਡ਼ਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਾਵਰ ਪੀਰ ਸੱਚੀ ਦਰਗਾਹ ਅਹਿਆਪੁਰ ਵਿਖੇ ਸਜਾਏ ਗਏ ਦਰਬਾਰ ’ਚ ਬੈਠੀ ਸੰਗਤ ਨੂੰ ਗੁਰੂ ਚਰਨਾਂ ਨਾਲ ਜੋਡ਼ਦੇ ਹੋਏ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਸ਼ੇਰ ਸਿੰਘ ਨੇ ਨਿਹਾਲ ਕਰਦੇ ਹੋਏ ਕੀਤਾ। ਉਨ੍ਹਾਂ ਆਪਣੇ ਪ੍ਰਵਚਨਾਂ ਰਾਹੀਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਾਮ ਸਿਮਰਨ ਨਾਲ ਜੁਡ਼ਨਾ ਚਾਹੀਦਾ ਹੈ, ਨਾਮ ਸਿਮਰਨ ਹੀ ਇਕ ਅਜਿਹਾ ਰਸਤਾ ਹੈ ਜਿਸ ਦਾ ਜਾਪ ਕਰਦੇ ਹੋਏ ਇਨਸਾਨ ਦੇ ਸਰੀਰ ’ਚ 9 ਦਰਵਾਜ਼ੇ ਖੁੱਲ੍ਹਦੇ ਹਨ, ਜਿਹਡ਼ੇ ਕਿ ਇਨਸਾਨ ਨੂੰ ਇਸ ਦੁਨਿਆਵੀ ਜਾਲ ’ਚ ਫਸਾਈ ਰੱਖਦੇ ਹਨ ਪਰ ਸਾਨੂੰ ਸਾਰਿਆਂ ਨੂੰ ਨਾਮ ਸਿਮਰਨ ਕਰਦੇ ਸਮਾਧੀ ਲਾ ਕੇ ਇਨ੍ਹਾਂ ਨੌ ਦਰਵਾਜ਼ਿਆਂ ਨੂੰ ਪਾਰ ਕਰਦੇ ਹੋਏ ਦਸਵੇਂ ਦਰਵਾਜ਼ੇ ’ਤੇ ਪਹੁੰਚਣਾ ਹੈ ਜਿੱਥੇ ਹਰ ਸਮੇਂ ਅਨਹਦ ਸ਼ਬਦ ਗੂੰਜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਸਵੇਂ ਦਰਵਾਜ਼ੇ ’ਤੇ ਪਹੁੰਚਣ ਲਈ ਸੰਤ ਮਹਾਪੁਰਸ਼ਾਂ ਦੇ ਦਰਸਾਏ ਮਾਰਗ ’ਤੇ ਚੱਲਦੇ ਹੋਏ ਤੇ ਸਤਿਗੁਰੂ ਦੇ ਬਖਸ਼ੇ ਹੋਏ ਨਾਮ ਸਿਮਰਨ ਦਾ ਜਾਪ ਕਰਦੇ ਹੋਏ ਹੀ ਅਕਾਲ ਪੁਰਖ ਦੀ ਸ਼ਰਨ ’ਚ ਪਹੁੰਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਸ਼ਬਦ ਦੇ ਸਹਾਰੇ ਹੀ ਸਾਰਾ ਬ੍ਰਹਮੰਡ ਖਡ਼੍ਹਾ ਹੈ ਤੇ ਇਨਸਾਨ ਦੇ ਅੰਦਰ ਵੀ ਇਹ ਸ਼ਬਦ ਗੂੰਜ ਰਿਹਾ ਹੈ। ਇਸ ਸ਼ਬਦ ਤੱਕ ਅਸੀਂ ਤਾਂ ਹੀ ਪਹੁੰਚ ਸਕਦੇ ਹਾਂ ਜੇਕਰ ਅਸੀਂ ਆਪਣੇ ਮਨ ਤੇ ਆਤਮਾ ਨੂੰ ਸਾਫ਼ ਕਰਦੇ ਨਾਮ ਸਿਮਰਨ ਦਾ ਜਾਪ ਕਰਾਂਗੇ। ਉਨ੍ਹਾਂ ਕਿਹਾ ਕਿ ਜਿਹਡ਼ੇ ਇਨਸਾਨ ਪ੍ਰਭੂ ਭਗਤੀ ਨਾਲ ਨਹੀਂ ਜੁਡ਼ੇ ਉਹ ਅੱਜ ਤੋਂ ਰੋਜ਼ਾਨਾ 2.30 ਘੰਟੇ ਨਾਮ ਸਿਮਰਨ ਜ਼ਰੂਰ ਕਰਨ ਤਾਂ ਜੋ ਇਸ ਆਵਾਗਮਨ ਤੋਂ ਹਮੇਸ਼ਾ ਲਈ ਛੁੱਟਕਾਰਾ ਮਿਲ ਸਕੇ। ਇਸ ਮੌਕੇ ਦਿਨ ਰਾਤ ਗੁਰੂ ਦਾ ਅਤੁੱਟ ਲੰਗਰ ਚੱਲਦਾ ਰਿਹਾ। ਇਸ ਸਮੇਂ ਬੀਬੀ ਬਲਜੀਤ ਕੌਰ, ਡਾ. ਮੀਰ ਹਸਨ, ਦੇਵਿਕਾ, ਪੀਰ ਕਮਲ, ਰਾਜੇਸ਼ ਜਸਰਾ, ਹਰਵਿੰਦਰ ਸਿੰਘ, ਕਾਲੀ ਮਹਿਰਾ, ਹਰਬੰਸ ਬੰਸੀ, ਕੱਵਾਲ ਸੋਨੂੰ ਤੇ ਹੋਰ ਸੰਗਤ ਨੇ ਦਰਬਾਰ ’ਚ ਆਪਣੀ ਹਾਜ਼ਰੀ ਲਵਾ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
