ਵਿਧਾਇਕ ਗਿਲਜੀਆਂ ਵੱਲੋਂ ਸਮਾਜਕ ਵਿਕਾਸ ਦੇ ਕੰਮਾਂ ’ਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਦਾ ਸਨਮਾਨ
Tuesday, Jan 29, 2019 - 11:07 AM (IST)

ਹੁਸ਼ਿਆਰਪੁਰ (ਪੰਡਿਤ)-ਨਗਰ ਕੌਂਸਲ ਉਡ਼ਮੁਡ਼ ਟਾਂਡਾ ਵਿਚ ਕਰਵਾਏ ਇਕ ਸਮਾਗਮ ਦੌਰਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਟਾਂਡਾ ਇਲਾਕੇ ਵਿਚ ਸਮਾਜਕ ਵਿਕਾਸ ਦੇ ਕੰਮਾਂ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਹਸਤੀਆਂ ਦਾ ਸਨਮਾਨ ਕੀਤਾ ਗਿਆ। ਵਿਧਾਇਕ ਗਿਲਜੀਆਂ ਨੇ ਭਾਈ ਮਨਜੀਤ ਸਿੰਘ ਖਾਲਸਾ, ਜਤਿੰਦਰਪਾਲ ਸਿੰਘ ਜੇ. ਪੀ., ਨਰਿੰਦਰ ਅਰੋਡ਼ਾ, ਕੋਚ ਬ੍ਰਿਜ ਮੋਹਨ ਸ਼ਰਮਾ ਅਤੇ ਕੋਚ ਕੁਲਵੰਤ ਸਿੰਘ ਨੂੰ ਸਨਮਾਨਤ ਕੀਤਾ। ਕੌਂਸਲ ਦੇ ਮੀਤ ਪ੍ਰਧਾਨ ਗੁਰਸੇਵਕ ਮਾਰਸ਼ਲ ਨੇ ਉਕਤ ਸਨਮਾਨਤ ਹਸਤੀਆਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਕਰੇਗਾ ਖਾਲਸਾ ਗਤਕਾ ਅਖਾਡ਼ਾ ਟਾਂਡਾ ਦੇ ਪ੍ਰਧਾਨ ਮਨਜੀਤ ਸਿੰਘ ਖਾਲਸਾ ਅਤੇ ਗ੍ਰੀਨ ਏਡ ਸੰਸਥਾ ਚਲਾਉਣ ਵਾਲੇ ਜੇ. ਪੀ. ਨੇ ਟਾਂਡਾ ਇਲਾਕੇ ਵਿਚ ਵਾਤਾਵਰਣ ਸੁਰੱਖਿਆ ਦੀ ਅਲਖ ਜਗਾਈ ਹੈ ਅਤੇ ਨਗਰ ਵਿਚ ਮਿਸ਼ਨ ਗ੍ਰੀਨ ਕਲੀਨ ਤਹਿਤ ਹਜ਼ਾਰਾਂ ਪੌਦੇ ਲਾ ਕੇ ਉਨ੍ਹਾਂ ਦੀ ਦੇਖਭਾਲ ਦਾ ਮਿਸ਼ਨ ਸ਼ੁਰੂ ਕੀਤਾ ਹੈ। ਸਟੇਟ ਅੈਵਾਰਡੀ ਟੀਚਰ ਨਰਿੰਦਰ ਅਰੋਡ਼ਾ ਨੇ ਸਰਕਾਰੀ ਸਕੂਲਾਂ ਵਿਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਦੇ ਹੋਏ ਸਰਕਾਰੀ ਸਕੂਲ ਝਾਂਸ ਨੂੰ ਪੰਜਾਬ ਦਾ ਮਿਸਾਲੀ ਸਕੂਲ ਬਣਾਇਆ ਹੈ। ਅੈਥਲੈਟਿਕਸ ਕੋਚ ਕੁਲਵੰਤ ਸਿੰਘ ਪੰਜਾਬ ਪੁਲਸ ਅਤੇ ਬਾਸਕਟਬਾਲ ਕੋਚ ਬ੍ਰਿਜ ਮੋਹਨ ਸ਼ਰਮਾ ਪੰਜਾਬ ਪੁਲਸ ਨੇ ਟਾਂਡਾ ਇਲਾਕੇ ਵਿਚ ਖਿਡਾਰੀਆਂ ਦੀ ਨਰਸਰੀ ਤਿਆਰ ਕਰਦੇ ਹੋਏ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਹਨ। ਵਿਧਾਇਕ ਗਿਲਜੀਆਂ ਨੇ ਉਕਤ ਹਸਤੀਆਂ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਸਰਕਾਰੀ ਉੱਦਮ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਸਮਾਜ ਦਾ ਵਿਕਾਸ ਹੋ ਸਕਦਾ ਹੈ। ਇਸ ਮੌਕੇ ਜ਼ਿਲਾ ਪ੍ਰੀਸ਼ਦ ਮੈਂਬਰ ਰਵਿੰਦਰ ਪਾਲ ਸਿੰਘ ਗੋਰਾ, ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਈ.ਓ. ਕਮਲਜਿੰਦਰ ਸਿੰਘ, ਰਾਜੇਸ਼ ਲਾਡੀ, ਦੇਸ ਰਾਜ ਡੋਗਰਾ ਸਾਬਕਾ ਪ੍ਰਧਾਨ, ਜਗਜੀਵਨ ਜੱਗੀ, ਜਗਦੀਸ਼ ਸੈਣੀ, ਰੂਪ ਲਾਲ, ਮੈਨੇਜਰ ਲਖਵਿੰਦਰ ਸਿੰਘ ਮੁਲਤਾਨੀ, ਰਾਜ ਕੁਮਾਰ ਰਾਜੂ, ਪੰਕਜ ਸਚਦੇਵਾ, ਗਿੰਨੀ ਅਰੋਡ਼ਾ, ਇੰਦਰਜੀਤ ਮੁਲਤਾਨੀ, ਗੁਰਮੁਖ ਸਿੰਘ, ਕਿਸ਼ਨ ਬਿੱਟੂ, ਆਕਾਸ਼ ਕੁਮਾਰ, ਕਮਲ ਚੋਪਡ਼ਾ, ਰਸ਼ਪਾਲ ਸਿੰਘ, ਡਾਕਟਰ ਰਾਜਾ ਦਿਆਲ, ਰਾਕੇਸ਼ ਬਿੱਟੂ, ਸੁਰਿੰਦਰਜੀਤ ਸਿੰਘ ਬਿੱਲੂ, ਦਵਿੰਦਰ ਬਿੱਲੂ, ਦਲਜੀਤ ਸਿੰਘ, ਅਨਿਲ ਪਿੰਕਾ ਆਦਿ ਮੌਜੂਦ ਸਨ।