ਸੋਢਲ ਰੋਡ ''ਤੇ ਗੁੰਡਾਗਰਦੀ: ਮਾਂ ਕਰਦੀ ਰਹੀ ਪੁੱਤ ਲਈ ਤਰਲੇ, ਹਮਲਾਵਰਾਂ ਨੇ ਪਿਓ-ਪੁੱਤ ਨੂੰ ਕੀਤਾ ਲਹੂ-ਲੁਹਾਨ

Monday, Jun 01, 2026 - 07:30 AM (IST)

ਸੋਢਲ ਰੋਡ ''ਤੇ ਗੁੰਡਾਗਰਦੀ: ਮਾਂ ਕਰਦੀ ਰਹੀ ਪੁੱਤ ਲਈ ਤਰਲੇ, ਹਮਲਾਵਰਾਂ ਨੇ ਪਿਓ-ਪੁੱਤ ਨੂੰ ਕੀਤਾ ਲਹੂ-ਲੁਹਾਨ

ਜਲੰਧਰ (ਸ.ਹ.) : ਸੋਢਲ ਰੋਡ ’ਤੇ ਸਥਿਤ ਸਿਲਵਰ ਪਲਾਜ਼ਾ ਮਾਰਕੀਟ ਵਿਚ ਸ਼ਨੀਵਾਰ ਦੇਰ ਰਾਤ ਪੁਰਾਣੀ ਰੰਜਿਸ਼ ਕਾਰਨ ਕੁਝ ਨੌਜਵਾਨਾਂ ਵੱਲੋਂ ਪਿਓ-ਪੁੱਤ ’ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲ ਦੇ ਬੱਟ ਨਾਲ ਵਾਰ ਕਰ ਕੇ ਦੋਵਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਨੌਜਵਾਨ ਦੀ ਮਾਂ ਆਪਣੇ ਪੁੱਤ ਨੂੰ ਛੁਡਵਾਉਣ ਲਈ ਹਮਲਾਵਰਾਂ ਅੱਗੇ ਤਰਲੇ ਕਰਦੀ ਰਹੀ ਪਰ ਇਕ ਨੌਜਵਾਨ ਨੇ ਉਲਟਾ ਔਰਤ ’ਤੇ ਹੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਪਰਿਵਾਰ ਨੇ ਮੋਬਾਈਲ ਵਿਚ ਵੀਡੀਓ ਬਣਾ ਲਈ। ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਨਾ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ: ਗਰਮੀ ਦੀਆਂ ਛੁੱਟੀਆਂ ਕੱਟਣ ਨਾਨਕੇ ਜਾ ਰਹੇ ਵਿਦਿਆਰਥੀ ਨਾਲ ਵਾਪਰ ਗਈ ਅਣਹੋਣੀ

ਜ਼ਖ਼ਮੀ ਸੋਨੂੰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸਿਲਵਰ ਪਲਾਜ਼ਾ ਮਾਰਕੀਟ ਵਿਚ ਖਾਣਾ ਖਾਣ ਆਏ ਸਨ। ਇਸੇ ਦੌਰਾਨ ਕੁਝ ਨੌਜਵਾਨ ਉਨ੍ਹਾਂ ਦੇ ਬੇਟੇ ਨਿਖਿਲ ਦਾ ਨਾਂ ਲੈ ਕੇ ਉਸ ਨਾਲ ਇਕਾਂਤ ਵਿਚ ਗੱਲ ਕਰਨ ਬਾਰੇ ਕਹਿਣ ਲੱਗੇ। ਜਿਵੇਂ ਹੀ ਨਿਖਿਲ ਉਨ੍ਹਾਂ ਨਾਲ ਗੱਲ ਕਰਨ ਗਿਆ, ਦੋਸ਼ੀਆਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਅਤੇ ਪਿਸਤੌਲ ਦੇ ਬੱਟ ਨਾਲ ਹਮਲਾ ਕਰ ਦਿੱਤਾ। ਬੇਟੇ ਨੂੰ ਬਚਾਉਣ ਲਈ ਉਹ (ਸੋਨੂੰ) ਅੱਗੇ ਵਧੇ ਤਾਂ ਬਦਮਾਸ਼ਾਂ ਨੇ ਉਨ੍ਹਾਂ ਦੇ ਹੱਥ ’ਤੇ ਵੀ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਹਮਲੇ ਦੌਰਾਨ ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਮਦਦ ਲਈ ਅੱਗੇ ਆਏ। ਲੋਕਾਂ ਨੂੰ ਆਉਂਦੇ ਦੇਖ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਅੱਜ ਤੋਂ ਬਦਲਣਗੇ ਇਹ 6 ਵੱਡੇ ਨਿਯਮ: LPG, UPI ਤੇ ਬੈਂਕਿੰਗ ਸਣੇ ਆਮ ਆਦਮੀ ਦੀ ਜੇਬ 'ਤੇ ਪਵੇਗਾ ਸਿੱਧਾ ਅਸਰ

ਸੋਨੂੰ ਨੇ ਇਸ ਸਬੰਧ ਵਿਚ ਥਾਣਾ ਨੰਬਰ 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਥਾਣਾ ਨੰਬਰ 8 ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸਿਲਵਰ ਪਲਾਜ਼ਾ ਮਾਰਕੀਟ ਵਿਚ ਪਿਓ-ਪੁੱਤ ’ਤੇ ਹਮਲੇ ਦੀ ਸੂਚਨਾ ਮਿਲੀ ਸੀ। ਪੁਲਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਛਾਣੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News