ਡਿਊਟੀ ਸਮੇਂ ਦੌਰਾਨ ਗੋਲਫ ਦਾ ਲੁਤਫ ਲੈਣ ਵਾਲੇ ਪੁਲਸ ਅਫਸਰ ਗ੍ਰਹਿ ਮੰਤਰੀ ਰੰਧਾਵਾ ਦੇ ਨਿਸ਼ਾਨੇ ’ਤੇ

Saturday, Oct 02, 2021 - 06:35 PM (IST)

ਪਟਿਆਲਾ (ਰਾਜੇਸ਼ ਪੰਜੌਲਾ) : ਸੂਬੇ ਦੇ ਨਵੇਂ ਬਣੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਸ਼ਾਨੇ ’ਤੇ ਹੁਣ ਚੰਡੀਗਡ਼੍ਹ ਦਾ ਗੋਲਫ ਕਲੱਬ ਵੀ ਹੈ। ਉਨ੍ਹਾਂ ਕੋਲ ਰਿਪੋਰਟਾਂ ਪਹੁੰਚੀਆਂ ਹਨ ਕਿ ਵੱਡੀ ਗਿਣਤੀ ’ਚ ਪੁਲਸ ਅਫਸਰ ਡਿਊਟੀ ਸਮੇਂ ਦੌਰਾਨ ਗੋਲਫ ਦਾ ਲੁਤਫ ਉਠਾਉਂਦੇ ਹਨ ਅਤੇ ਆਪਣੀ ਡਿਊਟੀ ’ਤੇ ਮਨਮਰਜ਼ੀ ਨਾਲ ਜਾਂਦੇ ਹਨ। ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਖੂਫੀਆ ਵਿਭਾਗ ਦੀ ਡਿਊਟੀ ਲਾਈ ਹੈ ਕਿ ਉਹ ਗੋਲਫ ਕਲੱਬ ’ਤੇ ਨਜ਼ਰ ਰੱਖਣ ਕਿ ਕਿਹਡ਼ੇ ਕਿਹਡ਼ੇ ਅਫਸਰ ਸਵੇਰੇ ਅਤੇ ਸ਼ਾਮ ਨੂੰ ਡਿਊਟੀ ਸਮੇਂ ਦੌਰਾਨ ਵੀ ਗੋਲਫ ਖੇਡਦੇ ਹਨ। ਰੰਧਾਵਾ ਨੇ ਪੰਜਾਬ ਪੁਲਸ ਦੇ ਹੈੱਡ ਕੁਆਰਟਰ ’ਤੇ ਛਾਪੇਮਾਰੀ ਕੀਤੀ ਸੀ। ਪੰਜਾਬ ਸਰਕਾਰ ਨੇ ਸਮੂਹ ਅਫਸਰਾਂ ਨੂੰ 9 ਵਜੇ ਆਪਣੇ ਦਫ਼ਤਰਾਂ ’ਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਪੁਲਸ ਵਿਭਾਗ ’ਚ ਇਹ ਹੁਕਮ ਸਖਤੀ ਨਾਲ ਲਾਗੂ ਕੀਤੇ ਜਾਣੇ ਹਨ। ਲੰਮੇ ਸਮੇਂ ਤੋਂ ਚੰਡੀਗਡ਼੍ਹ ਵਿਖੇ ਤਾਇਨਾਤ ਵੱਡੇ ਪੁਲਸ ਅਫਸਰ ਆਪਣੀ ਮਰਜ਼ੀ ਨਾਲ ਦਫ਼ਤਰ ’ਚ ਜਾਂਦੇ ਹਨ। ਜ਼ਿਆਦਾਤਰ ਅਫਸਰ 11 ਵਜੇ ਤੋਂ ਬਾਅਦ ਦਫ਼ਤਰ ਜਾਂਦੇ ਹਨ ਅਤੇ ਦੁਪਹਿਰ ਤੋਂ ਬਾਅਦ ਦਫ਼ਤਰ ਜਾਂਦੇ ਹੀ ਨਹੀਂ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਨਸਾਫ ਦੀ ਗੁਹਾਰ ਲੈ ਕੇ ਪਹੁੰਚਣ ਵਾਲੇ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਉਨ੍ਹਾਂ ਕੋਲ ਗ੍ਰਹਿ ਵਿਭਾਗ ਨਹੀਂ ਸੀ ਤਾਂ ਉਸ ਸਮੇਂ ਉਨ੍ਹਾਂ ਕੋਲ ਅਕਸਰ ਇਹ ਸ਼ਿਕਾਇਤਾਂ ਆਉਂਦੀਆਂ ਸਨ ਕਿ ਪੁਲਸ ਹੈੱਡ ਕੁਆਰਟਰ ਚੰਡੀਗਡ਼੍ਹ ਸਮੇਤ ਪੁਲਸ ਦੇ ਹੋਰ ਦਫ਼ਤਰਾਂ ’ਚ ਤਾਇਨਾਤ ਅਧਿਕਾਰੀ ਸਮੇਂ ਸਿਰ ਦਫ਼ਤਰ ਨਹੀਂ ਆਉਂਦੇ। ਕਈ ਅਫਸਰਾਂ ਦੀ ਰੂਟੀਨ ਬਣੀ ਹੋਈ ਹੈ ਕਿ ਉਹ ਸਵੇਰੇ 10 ਵਜੇ ਤੱਕ ਗੋਲਫ ਦਾ ਲੁਤਫ ਲੈਂਦੇ ਹਨ। ਰੰਧਾਵਾ ਇਹ ਸਿਸਟਮ ਬੰਦ ਕਰਨ ਦੇ ਹੱਕ ’ਚ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੁਲਸ ਅਧਿਕਾਰੀਆਂ ਨੂੰ 9 ਤੋਂ ਲੈ ਕੇ 5 ਵਜੇ ਤੱਕ ਦਫ਼ਤਰ ’ਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪਾਕਿ ਤੋਂ ਪੰਜਾਬ ਨੂੰ ਖ਼ਤਰੇ ਸਬੰਧੀ ਬਖੇੜਾ ਖੜ੍ਹਾ ਕਰਨ ਵਾਲਿਆਂ ਨੂੰ ਰੰਧਾਵਾ ਦਾ ਜਵਾਬ

ਦਾਗੀ ਪੁਲਸ ਅਫਸਰਾਂ ਨੂੰ ਘਰ ਤੋਰਨ ਦੀ ਤਿਆਰੀ
ਸੁਖਜਿੰਦਰ ਸਿੰਘ ਰੰਧਾਵਾ ਨੇ ਬਤੌਰ ਸਹਿਕਾਰਤਾ ਦੇ ਜੇਲ ਮੰਤਰੀ ਕਈ ਸਖਤ ਫੈਸਲੇ ਲਏ ਸਨ, ਜਿਸ ਕਾਰਨ ਅਕਸਰ ਉਨ੍ਹਾਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਮੁੱਖ ਮੰਤਰੀ ਦਫ਼ਤਰ ਨਾਲ ਵਿਗਡ਼ ਜਾਂਦੀ ਸੀ। ਸਹਿਕਾਰਤਾ ਤੇ ਜੇਲ ਵਿਭਾਗ ਦੇ ਕਈ ਦਾਗੀ ਅਫਸਰਾਂ ਨੂੰ ਉਨ੍ਹਾਂ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਹੁਣ ਗ੍ਰਹਿ ਵਿਭਾਗ ਮਿਲਣ ਤੋਂ ਬਾਅਦ ਉਨ੍ਹਾਂ ਨੇ ਪੁਲਸ ਵਿਚ ਵੀ ਕਲੀਨ ਮੁਹਿੰਮ ਸ਼ੁਰੂ ਕਰਨ ਦਾ ਮਨ ਬਣਾਇਆ ਹੈ। ਸੂਤਰਾਂ ਅਨੁਸਾਰ ਅਧਿਕਾਰੀਆਂ ਤੋਂ ਲਿਸਟ ਮੰਗੀ ਗਈ ਹੈ ਕਿ ਜਿਹਡ਼ੇ ਪੁਲਸ ਅਫਸਰਾਂ ’ਤੇ ਵਿਜੀਲੈਂਸ ਦੇ ਕੇਸ ਜਾਂ ਹੋਰ ਸੰਗੀਨ ਕੇਸ ਹਨ ਜਾਂ ਜਿਨ੍ਹਾਂ ਨੂੰ ਇਨਕੁਆਰੀਆਂ ’ਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਉਨ੍ਹਾਂ ਦੀ ਲਿਸਟ ਅਤੇ ਪੂਰੀਆਂ ਫਾਈਲਾਂ ਤਬਲ ਕਰ ਲਈਆਂ ਹਨ। ਆਉਣ ਵਾਲੇ ਸਮੇਂ ਵਿਚ ਕਈ ਦਾਗੀ ਪੁਲਸ ਅਫਸਰਾਂ ’ਤੇ ਸਖਤ ਫੈਸਲੇ ਲੈ ਕੇ ਉਨ੍ਹਾਂ ਨੂੰ ਘਰ ਤੋਰਿਆ ਜਾ ਸਕਦਾ ਹੈ। ਰੰਧਾਵਾ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਦਾਗੀ ਅਫਸਰਾਂ ’ਚ ਬੇਹੱਦ ਘਬਰਾਹਟ ਪਾਈ ਜਾ ਰਹੀ ਹੈ। ਰੰਧਾਵਾ ਦਾ ਪੁਰਾਣਾ ਟਰੈਕ ਰਿਕਾਰਡ ਦੱਸਦਾ ਹੈ ਕਿ ਉਹ ਭ੍ਰਿਸ਼ਟਾਚਾਰੀ ਅਤੇ ਦਾਗੀ ਅਫਸਰਾਂ ਨੂੰ ਨਹੀਂ ਬਖਸ਼ਦੇ ਅਤੇ ਕਿਸੇ ਵੀ ਸਿਫਾਰਿਸ਼ ਦੀ ਪ੍ਰਵਾਹ ਨਹੀਂ ਕਰਦੇ। ਸਹਿਕਾਰਤਾ ਤੇ ਜੇਲ ਵਿਭਾਗ ਵਿਚ ਜਦੋਂ ਉਨ੍ਹਾਂ ਨੇ ਕੁੱਝ ਅਫਸਰਾਂ ਨੂੰ ਡਿਸਮਿਸ ਕੀਤਾ ਸੀ ਤਾਂ ਉਸ ਸਮੇਂ ਸੀ. ਐੱਮ. ਦਫ਼ਤਰ ਵੱਲੋਂ ਦਬਾਅ ਪਾ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਰੰਧਾਵਾ ਨੇ ਸੀ. ਐੱਮ. ਦਫ਼ਤਰ ਦੀ ਵੀ ਨਹੀਂ ਸੁਣੀ ਸੀ ਅਤੇ ਐਕਸ਼ਨ ਲੈ ਕੇ ਉਨ੍ਹਾਂ ਨੂੰ ਡਿਸਮਿਸ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News