ਹੋਲੀ ’ਤੇ ਖੌਰੂ ਪਾਉਣ ਵਾਲਿਆਂ ਦੀ ਆਵੇਗੀ ਸ਼ਾਮਤ, ਜਲੰਧਰ ਸ਼ਹਿਰ ਦੀ ਪੁਲਸ ਨੇ ਕੀਤੀ ਖ਼ਾਸ ਤਿਆਰੀ

Wednesday, Mar 08, 2023 - 01:45 PM (IST)

ਹੋਲੀ ’ਤੇ ਖੌਰੂ ਪਾਉਣ ਵਾਲਿਆਂ ਦੀ ਆਵੇਗੀ ਸ਼ਾਮਤ, ਜਲੰਧਰ ਸ਼ਹਿਰ ਦੀ ਪੁਲਸ ਨੇ ਕੀਤੀ ਖ਼ਾਸ ਤਿਆਰੀ

ਜਲੰਧਰ (ਸੁਧੀਰ)-ਹੋਲੀ ਦੇ ਤਿਉਹਾਰ ਮੌਕੇ ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਮਿਸ਼ਨਰੇਟ ਪੁਲਸ ਨੇ ਵੀ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਉਨ੍ਹਾਂ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਖੌਰੂ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਸਮੂਹ ਅਧਿਕਾਰੀਆਂ ਨੂੰ ਪੁਲਸ ਫੋਰਸ ਸਮੇਤ ਆਪੋ-ਆਪਣੇ ਇਲਾਕਿਆਂ ’ਚ ਨਾਕਾਬੰਦੀ ਕਰਨ ਅਤੇ ਮਨਚਲਿਆਂ ’ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਥਾਣਿਆਂ ਦੀ ਪੁਲਸ ਤੋਂ ਇਲਾਵਾ ਟਰੈਫਿਕ ਪੁਲਸ ਮੁਲਾਜ਼ਮਾਂ ਵੱਲੋਂ ਵੀ ਸ਼ਹਿਰ ’ਚ ਕਈ ਥਾਵਾਂ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਜਨਹਿੱਤ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਦੇਖਦੇ ਹੋਏ ਵਾਹਨ ਪਾਰਕਿੰਗ ਸਥਾਨਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ, ਬੁਲੇਟ ਮੋਟਰਸਾਈਕਲਾਂ ਨਾਲ ਪਟਾਕੇ ਆਦਿ ਮਾਰਨ ’ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ। ਕਿਸੇ ਵੀ ਵਿਅਕਤੀ ਨੂੰ ਹੋਟਲ/ਮੋਟਲ/ਗੈਸਟ ਹਾਊਸ ਤੇ ਸਰਾਂ ਆਦਿ ਵਿਚ ਬਿਨਾਂ ਸ਼ਨਾਖਤੀ ਕਾਰਡ ਦੇ ਕਮਰਾ ਨਾ ਦਿੱਤਾ ਜਾਵੇ।

ਇਹ ਵੀ ਪੜ੍ਹੋ : ਖ਼ਾਲਸਾਈ ਰੰਗ 'ਚ ਰੰਗਿਆ ਸ੍ਰੀ ਅਨੰਦਪੁਰ ਸਾਹਿਬ, ਦੂਜੇ ਦਿਨ ਲੱਖਾਂ ਸੰਗਤਾਂ ਨੇ ਗੁਰੂ ਘਰਾਂ ’ਚ ਟੇਕਿਆ ਮੱਥਾ

ਦੂਜੇ ਪਾਸੇ ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ ਕਿ ਕਮਿਸ਼ਨਰੇਟ ਦੀ ਹੱਦ ਵਿਚ ਆਉਣ ਵਾਲੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਾਰਮਿਕ ਸਥਾਨ, ਹਸਪਤਾਲ, ਭੀੜ-ਭੜੱਕੇ ਵਾਲੇ ਬਾਜ਼ਾਰ ਤੇ ਹੋਰ ਵਾਹਨ ਪਾਰਕਿੰਗ ਸਥਾਨ ਆਦਿ (ਕੰਪਲੈਕਸ ਦੇ ਅੰਦਰ ਜਾਂ ਬਾਹਰ) ਦੇ ਮਾਲਕ/ਪ੍ਰਬੰਧਕ ਸੀ. ਸੀ. ਟੀ. ਵੀ. ਕੈਮਰੇ ਲੁਆਉਣ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ ਇਸ ਤਰ੍ਹਾਂ ਨਾਲ ਲਾਏ ਜਾਣ ਕਿ ਪਾਰਕਿੰਗ ’ਚ ਆਉਣ/ਨਿਕਲਣ ਵਾਲੇ ਵਾਹਨ ਦੀ ਨੰਬਰ ਪਲੇਟ ਤੇ ਵਾਹਨ ਦੇ ਚਾਲਕ ਦੀ ਨੰਬਰ ਪਲੇਟ ਰਿਕਾਰਡ ਹੋ ਜਾਵੇ ਤੇ ਵਿਅਕਤੀ ਦਾ ਚਿਹਰਾ ਸਪੱਸ਼ਟ ਰੂਪ ਨਾਲ ਦਿਖਾਈ ਦੇਵੇ ਅਤੇ ਕੈਮਰਿਆਂ ਦੀ 45 ਦਿਨਾਂ ਦੀ ਰਿਕਾਰਡਿੰਗ ਦੀ ਸੀ. ਡੀ. ਬਣਾ ਕੇ ਹਰ 15 ਦਿਨਾਂ ’ਚ ਸੁਰੱਖਿਆ ਸ਼ਾਖਾ, ਪੁਲਸ ਕਮਿਸ਼ਨਰ ਆਫਿਸ ਜਲੰਧਰ ’ਚ ਜਮ੍ਹਾ ਕਰਵਾਉਣੀ ਹੋਵੇਗੀ। ਇਸੇ ਤਰ੍ਹਾਂ ਵਾਹਨ ਪਾਰਕ ਕਰਨ ਵਾਲੇ ਵਾਹਨ ਮਾਲਕਾਂ ਦਾ ਰਿਕਾਰਡ ਵੀ ਰਜਿਸਟਰ ’ਚ ਨੋਟ ਕੀਤਾ ਜਾਵੇ, ਜੇਕਰ ਵਾਹਨ ਨੂੰ ਇਕ ਦਿਨ ਤੋਂ ਵਧ ਸਮੇਂ ਲਈ ਲਈ ਪਾਰਕ ਕਰਨਾ ਹੈ ਤਾਂ ਵਾਹਨ ਦੇ ਮਾਲਕ ਨੂੰ ਵਾਹਨ ਦਾ ਰਜਿਸਟ੍ਰੇਸ਼ਨ ਤੇ ਡਰਾਈਵਿੰਗ ਲਾਇਸੈਂਸ ਦੀ ਫੋਟੋ ਕਾਪੀ ਲੈ ਕੇ ਰਿਕਾਰਡ ਦੇ ਤੌਰ ’ਤੇ ਰੱਖਣੀ ਹੋਵੇਗੀ।

ਕਮਿਸ਼ਨਰੇਟ ਪੁਲਸ ਨੇ ਵਾਹਨਾਂ ’ਚ ਹਥਿਆਰ ਰੱਖਣ ’ਤੇ ਲਾਈ ਪਾਬੰਦੀ
ਇਕ ਹੋਰ ਹੁਕਮ ਜ਼ਰੀਏ ਕਮਿਸ਼ਨਰੇਟ ਪੁਲਸ ਜਲੰਧਰ ਦੀ ਹੱਦ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਹਥਿਆਰ ਜਿਵੇਂ ਬੇਸਬਾਲ, ਤੇਜ਼ਧਾਰ ਹਥਿਆਰ ਜਾਂ ਕਿਸੇ ਵੀ ਖਤਰਨਾਕ ਹਥਿਆਰ ਨੂੰ ਵਾਹਨ ਵਿਚ ਰੱਖਣ ’ਤੇ ਰੋਕ ਲਾ ਦਿੱਤੀ ਗਈ ਹੈ। ਇਸੇ ਤਰ੍ਹਾਂ ਕਮਿਸ਼ਨਰੇਟ ਪੁਲਸ ਦੀ ਹੱਦ ਅੰਦਰ ਕਿਸੇ ਵੀ ਤਰ੍ਹਾਂ ਦਾ ਜਲੂਸ ਕੱਢਣ, ਪ੍ਰੋਗਰਾਮ/ਜਲੂਸ ਵਿਚ ਹਥਿਆਰ ਲਿਜਾਣ, 5 ਜਾਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਅਤੇ ਕਿਸੇ ਵੀ ਤਰ੍ਹਾਂ ਦੇ ਨਾਅਰੇ ਲਾਉਣ ’ਤੇ ਰੋਕ ਲਾ ਦਿੱਤੀ ਗਈ ਹੈ।

ਪਿੰਡਾਂ ’ਚ ਠੀਕਰੀ ਪਹਿਰੇ ਲਾਉਣ ਦੇ ਦਿੱਤੇ ਹੁਕਮ
ਡਿਪਟੀ ਕਮਿਸ਼ਨਰ ਪੁਲਸ ਨੇ ਕਮਿਸ਼ਨਰੇਟ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੇ ਸਾਰੇ ਪਿੰਡਾਂ ਵਿਚ ਰਾਤ 8 ਤੋਂ ਸਵੇਰੇ 5 ਵਜੇ ਤੱਕ ਠੀਕਰੀ ਪਹਿਰਾ ਲਾਉਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਪੰਚਾਇਤਾਂ ਨੂੰ ਕਿਹਾ ਕਿ ਜਿਹੜੇ ਲੋਕ ਰਾਤ ਨੂੰ ਪਹਿਰਾ ਦੇਣਗੇ, ਉਨ੍ਹਾਂ ਦੀ ਜਾਣਕਾਰੀ ਆਪਣੇ ਇਲਾਕੇ ਦੇ ਸਬੰਧਤ ਐੱਸ. ਐੱਚ. ਓ. ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਦੁਕਾਨਦਾਰ/ਦਰਜ਼ੀ ਬਿਨਾਂ ਖਰੀਦਦਾਰ ਦੀ ਪਛਾਣ ਦੇ ਫੌਜੀ/ਅਰਧ ਸੈਨਿਕ ਬਲ/ਪੁਲਸ ਦੀ ਬਣੀ ਵਰਦੀ ਜਾਂ ਸਿਲਾਈ ਹੋਈ ਕੱਪੜੇ ਦੀ ਵਰਦੀ ਨਹੀਂ ਵੇਚੇਗਾ। ਵਰਦੀ ਖਰੀਦਣ ਵਾਲੇ ਵਿਅਕਤੀ ਦੇ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਫੋਟੋ ਪਛਾਣ ਪੱਤਰ ਦੀ ਸਵੈ-ਤਸਦੀਕ ਫੋਟੋ ਕਾਪੀ ਰੱਖਣਗੇ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੌਜਵਾਨ ਦੇ ਹੋਏ ਕਤਲ ਮਗਰੋਂ ਸ਼ਹਿਰ ਪੁਲਸ ਛਾਉਣੀ 'ਚ ਤਬਦੀਲ

ਔਰਤਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਲਾਏ ਜਾਣਗੇ ਕੈਂਪ
ਪੰਜਾਬ ਪੁਲਸ ਹਮੇਸ਼ਾ ਔਰਤਾਂ ਦੇ ਅਧਿਕਾਰਾਂ ਅਤੇ ਸੁਰੱਖਿਆ ਲਈ ਵਚਨਬੱਧ ਹੈ। ਇਸੇ ਵਚਨਬੱਧਤਾ ਨੂੰ ਧਿਆਨ ਵਿਚ ਰੱਖਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਆਈ. ਪੀ. ਐੱਸ. ਵੱਲੋਂ ਔਰਤਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਹੱਲ ਦਾ ਫ਼ੈਸਲਾ ਲੈਂਦੇ ਹੋਏ ਕਮਿਸ਼ਨਰੇਟ ਪੁਲਸ ਵੱਲੋਂ 9 ਤੋਂ 12 ਮਾਰਚ ਤੱਕ ਸਵੇਰੇ 9 ਵਜੇ ਤੋਂ ਸ਼ਹਿਰ ਦੇ ਸਾਰੇ ਪੁਲਸ ਥਾਣਿਆਂ ’ਚ ਸ਼ਾਮ 5 ਵਜੇ ਤੱਕ ਰਾਹਤ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਕੈਂਪਾਂ ’ਚ ਔਰਤਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਸੁਣਿਆ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਪ੍ਰਸ਼ਾਸਨ ਵੱਲੋਂ ਕਰੀਬ 270 ਇਮੀਗਰੇਸ਼ਨ ਕੰਸਲਟੈਂਸੀ ਤੇ IELTS ਸੈਂਟਰਾਂ ਖ਼ਿਲਾਫ਼ ਹੋਵੇਗੀ ਕਾਰਵਾਈ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News