ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੇ ਆਖ਼ਰੀ ਦਿਨ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਵੇਖੋ ਤਸਵੀਰਾਂ

Wednesday, Mar 16, 2022 - 06:30 PM (IST)

ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਖਾਲਸਾ ਪੰਥ ਦੀ ਚਡ਼੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਅੱਜ ਤੀਜੇ ਦਿਨ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਵਿਚ ਭਾਰੀ ਵਾਧਾ ਵਿਖਾਈ ਦਿੱਤਾ। ਸੰਗਤਾਂ ਆਪਣੇ ਵਾਹਨਾਂ 'ਤੇ ਸਵਾਰ ਹੋ ਕੇ ਗੁਰੂ ਘਰਾਂ ਦੇ ਦਰਸ਼ਨ ਕਰਨ ਉਪਰੰਤ ਅਤੇ ਕੁਝ ਸਮਾਂ ਧਾਰਮਿਕ ਦਿਵਾਨਾਂ ਵਿਚ ਹਾਜ਼ਰੀ ਭਰਨ ਤੋਂ ਬਾਅਦ ਆਪਣੇ ਵਾਹਨਾਂ 'ਤੇ ਸਵਾਰ ਹੋ ਕੇ ਅਗਲੇ ਪਡ਼ਾਅ ਲਈ ਰਵਾਨਾ ਹੋ ਰਹੀਆਂ ਸਨ। 

ਮੇਲੇ ਦੌਰਾਨ ਜ਼ਿਆਦਾਤਰ ਸੰਗਤਾਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਬਾਬਾ ਬੁੱਢਣ ਸ਼ਾਹ ਅਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਹੀ ਨਤਮਸਤਕ ਹੋ ਰਹੀਆਂ ਹਨ। ਸੰਗਤਾਂ ਆਪਣੇ ਵਾਹਨਾਂ ਤੋਂ ਇਲਾਵਾ ਪੌੜੀਆਂ ਵਾਲੇ ਰਸਤੇ ਰਾਹੀਂ ਵੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਨੂੰ ਮੱਥਾ ਟੇਕਣ ਲਈ ਜਾ ਰਹੀਆਂ ਹਨ, ਮੱਥਾ ਟੇਕਣ ਸੰਗਤਾਂ ਨੂੰ ਕਾਫੀ ਸਮਾਂ ਲਾਈਨ ਵਿਚ ਖੜ੍ਹਨਾ ਪੈ ਰਿਹਾ ਹੈ। ਸ਼ਹਿਰ ਦੇ ਦੂਜੇ ਗੁਰੂ ਘਰ ਜਿਹੜੇ ਕਿ ਇਤਿਹਾਸਕ ਹਨ, ਜਿੰਨਾਂ ਵਿਚ ਗੁਰਦੁਆਰਾ ਸੀਸ ਮਹਿਲ ਸਾਹਿਬ, ਗੁਰਦੁਆਰਾ ਚਰਨ ਕੰਵਲ ਸਾਹਿਬ, ਗੁ. ਬਿਬਾਣਗੜ੍ਹ ਸਾਹਿਬ, ਗੁਰਦੁਆਰਾ ਮੰਜੀ ਸਾਹਿਬ (ਬੀਬੀ ਵੀਰੋ ਜੀ) ਗੁ. ਕੋਟਿ ਸਾਹਿਬ ਆਦਿ ਬਾਰੇ ਜ਼ਿਆਦਾਤਰ ਸੰਗਤ ਨੂੰ ਜਾਣਕਾਰੀ ਨਹੀਂ ਹੈ। ਜਿਹੜੀ ਸੰਗਤ ਨੂੰ ਇਨ੍ਹਾਂ ਬਾਰੇ ਜਾਣਕਾਰੀ ਹੈ, ਉਹ ਇਨ੍ਹਾਂ ਗੁਰੂ ਘਰਾਂ ਵਿਚ ਹਾਜ਼ਰੀ ਲਗਵਾਉਣ ਲਈ ਜ਼ਰੂਰ ਜਾਂਦੇ ਹਨ।

ਇਹ ਵੀ ਪੜ੍ਹੋ: ਹੋਲੇ-ਮਹੱਲੇ ਦੇ ਦੂਜੇ ਦਿਨ ਵੱਖ-ਵੱਖ ਗੁਰੂਧਾਮਾਂ ’ਚ ਲੱਖਾਂ ਦੀ ਤਦਾਦ ’ਚ ਸੰਗਤ ਹੋਈ ਨਤਮਸਤਕ

PunjabKesari

ਦੁਕਾਨਾਂ 'ਤੇ ਰੌਣਕਾਂ 
ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਆਈ ਹੋਈ ਸੰਗਤ ਨਿਸ਼ਾਨੀ ਵਜੋਂ ਕੋਈ ਨਾ ਕੋਈ ਸਮਾਨ ਖ਼ਰੀਦ ਕੇ ਆਪਣੇ ਘਰ ਨੂੰ ਲੈ ਕੇ ਜਾ ਰਹੀ ਹੈ। ਬੇਸ਼ੱਕ ਇਸ ਸਮੇਂ ਦੁਕਾਨਾਂ ਉਪਰ ਸਮਾਨ ਮਹਿੰਗਾ ਮਿਲ ਰਿਹਾ ਹੈ।       
ਸੰਗਤ ਲਈ ਚੱਲ ਰਹੇ ਹਨ ਲੰਗਰ- ਹੋਲਾ ਮਹੱਲਾ ਮੇਲੇ ਦੌਰਾਨ ਬਾਹਰੋਂ ਆਉਣ ਵਾਲੀ ਸੰਗਤ ਲਈ ਸ਼ਰੋਮਣੀ ਗੁ. ਪ੍ਰਬੰਧਕ ਕਮੇਟੀ, ਸਤਲਾਣੀ ਸਾਹਿਬ ਸੰਪਰਦਾ, ਬਾਬਾ ਫੇਰੂਮਾਨ ਦੇ ਡੇਰੇ, ਦਰਗਾਹ ਬਾਬਾ ਬੁੱਢਣ ਸ਼ਾਹ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਪਿੰਡਾਂ ਦੀ ਸੰਗਤ ਵੱਲੋਂ ਕਈ ਥਾਂਵਾਂ ਤੇ ਕਈ ਪ੍ਰਕਾਰ ਦੇ ਗੁਰੂ ਦੇ ਲੰਗਰ ਲਗਾਏ ਗਏ ਹਨ। ਕੁਝ ਥਾਂਵਾਂ ਤੇ ਗੰਨੇ ਦੇ ਰਸ ਦਾ ਲੰਗਰ, ਚਾਹ ਪਕੌੜਿਆਂ ਦਾ ਲੰਗਰ, ਗਾਜਰ ਹਲਵੇ ਦਾ ਲੰਗਰ, ਦੇਸੀ ਘੀ ਦੀਆਂ ਜਲੇਬੀਆਂ ਦੇ ਲੰਗਰ ਚਲ ਰਹੇ ਹਨ।

PunjabKesari

ਪੁਲਸ ਵੱਲੋਂ ਸਖ਼ਤ ਪ੍ਰਬੰਧ
ਜਿਲ੍ਹਾ ਪੁਲਸ ਮੁਖੀ ਵੱਲੋਂ ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਥਾਂਵਾਂ 'ਤੇ ਪੁਲਸ ਬਲ ਤਾਇਨਾਤ ਕੀਤੇ ਗਏ ਹਨ, ਜੋ 24 ਘੰਟੇ ਵੱਖ-ਵੱਖ ਸ਼ਿਫ਼ਟਾਂ ਵਿਚ ਆਪਣੀ ਡਿਊਟੀ ਨਿਭਾ ਰਹੇ ਹਨ। ਪੁਲਸ ਵੱਲੋਂ ਘਨੌਲੀ, ਭਰਤਗੜ੍ਹ ਅਤੇ ਬੁੰਗਾ ਸਾਹਿਬ ਵਿਖੇ ਪੁਲਸ ਨਾਕੇ ਲਗਾਏ ਗਏ ਹਨ। ਮੇਲੇ ਵਿਚ ਸ਼ਾਮਲ ਨਾ ਹੋਣ ਵਾਲੇ ਵਾਹਨਾਂ ਦਾ ਬਦਲਵਾਂ ਰੂਟ ਨਿਰਧਾਰਿਤ ਕੀਤਾ ਗਿਆ ਹੈ। ਨੰਗਲ ਦੀ ਸਾਈਡ ਜਾਣ ਵਾਲੇ ਵਾਹਨਾਂ ਨੂੰ ਬੁੰਗਾ ਸਾਹਿਬ-ਤੋਂ ਵਾਇਆ ਨੂਰਪੁਰ ਬੇਦੀ ਅੱਗੇ ਭੇਜਿਆ ਜਾ ਰਿਹਾ ਹੈ। ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਨੂੰ ਜਾਣ ਵਾਲੀ ਲਿੰਕ ਸੜਕ ਦੀ ਹੇਠਲੀ ਸਾਈਡ ਵੀ ਪੁਲਸ ਵੱਲੋਂ ਬੈਰੀਗੇਟ ਲਗਾ ਕੇ ਵੱਡੇ ਵਾਹਨਾਂ ਨੂੰ ਉੱਪਰ ਜਾਣ ਤੋਂ ਰੋਕ ਦਿੱਤਾ ਗਿਆ ਹੈ।

PunjabKesari

ਆਖ਼ਰੀ ਉਮੀਦ ਸੰਸਥਾ ਵੱਲੋਂ ਖੂਨਦਾਨ ਕੈਂਪ 
ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਇਤਿਹਾਸਕ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਆਖ਼ਰੀ ਉਮੀਦ ਸੰਸਥਾ ਜਲੰਧਰ ਦੀ ਟੀਮ ਵੱਲੋਂ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਅੋਹਰੀ ਹਸਪਤਾਲ ਸ਼ਹੀਦ ਊਧਮ ਸਿੰਘ ਨਗਰ ਜਲੰਧਰ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਨਾਲ ਜੁੜੇ ਨੌਜਵਾਨਾਂ ਵੱਲੋਂ ਸੰਗਤਾਂ ਨੂੰ ਖ਼ੂਨਦਾਨ ਮਹਾਦਾਨ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਸੀ ਅਤੇ ਕੈਂਪ ਵਿਚ ਖ਼ੂਨਦਾਨ ਕਰਨ ਲਈ ਸੰਗਤਾਂ ਵਿਚ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਸੀ। ਕੈਂਪ ਦੌਰਾਨ 100 ਦੇ ਕਰੀਬ ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਇਕੱਠਾ ਕੀਤਾ ਗਿਆ ਖੂਨ ਔਹਰੀ ਹਸਪਤਾਲ ਜਲੰਧਰ ਦੇ ਬਲੱਡ ਬੈਂਕ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੀ ਟੀਮ ’ਚ ਜਸਵਿੰਦਰ ਸਿੰਘ, ਦੀਪਕ ਆਹੂਜਾ, ਸੰਤੋਖ ਸਿੰਘ, ਕਮਲ, ਅਨਿਲ, ਸੋਨੀਆ, ਸੀਤਲ, ਰਤਨ ਕੌਰ ਅਤੇ ਸੰਦੀਪ ਕੌਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:  ਸ੍ਰੀ ਕੀਰਤਪੁਰ ਸਾਹਿਬ 'ਚ ਅਖੰਡ ਪਾਠ ਦੇ ਭੋਗ ਨਾਲ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਹੋਈ ਸਮਾਪਤੀ

PunjabKesari

PunjabKesari

ਇਹ ਵੀ ਪੜ੍ਹੋ:  ਸੜਕ ਹਾਦਸੇ ਨੇ ਬੁਝਾਏ 2 ਘਰਾਂ ਦੇ ਚਿਰਾਗ, ਹੋਲੇ-ਮਹੱਲੇ 'ਤੇ ਜਾ ਰਹੇ 2 ਸਕੇ ਭਰਾਵਾਂ ਸਣੇ 3 ਮੁੰਡਿਆਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News