ਜਾਣੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿਉਂ ਬਖਸ਼ਿਆ ''ਹੋਲਾ-ਮਹੱਲਾ'' (ਤਸਵੀਰਾਂ)
Tuesday, Mar 10, 2020 - 05:48 PM (IST)
ਸ੍ਰੀ ਅਨੰਦਪੁਰ ਸਾਹਿਬ— ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੂਰੇ ਸ਼ਾਨੋ-ਸ਼ੋਕਤ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿੰਨ ਦਿਨਾਂ ਤਿਓਹਾਰ 'ਚ ਖਾਲਸੇ ਦਾ ਜੋਸ਼ ਦੇਖਦੇ ਹੀ ਬਣਦਾ ਹੈ। ਹਰ ਪਾਸੇ ਸ਼ਾਸ਼ਤਰਾਂ ਨਾਲ ਸਜੇ ਸਿੰਘ ਅਤੇ ਲੱਖਾਂ ਦੀ ਗਿਣਤੀ 'ਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਯਾਦ ਦਿਵਾਉਂਦਾ ਹੈ। ਫੁੱਲਾਂ ਅਤੇ ਲਾਈਟਾਂ ਨਾਲ ਸਜੀ ਖਾਲਸੇ ਦੀ ਜਨਮ ਭੂਮੀ ਇਕ ਅਲੌਕਿਕ ਹੀ ਦ੍ਰਿਸ਼ ਪੇਸ਼ ਕਰ ਰਹੀ ਹੈ।
ਇਕ ਝਾਤ ਮਾਰਦੇ ਹਾਂ ਹੋਲੇ-ਮਹੱਲੇ ਦੇ ਇਤਿਹਾਸਿਕ ਪਿਛੋਕੜ 'ਤੇ
ਹੋਲਾ-ਮਹੱਲਾ ਦੋ ਸ਼ਬਦ ਦਾ ਸੁਮੇਲ ਹੈ, ਜਿਸ ਦੇ ਅਖਰੀ ਅਰਥ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ 'ਚ ਹੱਲਾ, ਹਮਲਾ ਜਾਂ ਹਮਲੇ ਦੀ ਥਾਂ ਕੀਤੇ ਗਏ ਹਨ। ਇਸ ਤਿਓਹਾਰ ਨੂੰ ਅੱਜ ਵੀ ਪੁਰਾਤਨ ਰਵਾਇਤਾਂ ਅਨੁਸਾਰ ਹੀ ਮਨਾਇਆ ਜਾਂਦਾ ਹੈ। 1701ਈਂ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ 'ਚ ਜੁਝਾਰੂ ਗੁਣ ਪੈਦਾ ਕਰਨ ਅਤੇ ਸਮੇਂ ਦੇ ਹਾਕਮ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਆਵਾਜ਼ ਚੁੱਕਣ ਲਈ ਇਸ ਨਿਵੇਕਲੇ ਤਿਓਹਾਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਗੁਰੂ ਸਾਹਿਬ ਦੇ ਇਸ ਯਤਨ ਸਦਕਾ ਸਿੱਖ ਪੱਕੇ ਤੌਰ 'ਤੇ ਸੈਨਿਕ ਅਭਿਆਸ ਨਾਲ ਜੁੜ ਗਏ।
ਹੋਲੀ ਦੇ ਬਿਲਕੁਲ ਉਲਟ ਇਸ ਤਿਓਹਾਰ ਦਾ ਸਬੰਧ ਯੁੱਧ ਪ੍ਰਕਿਰਿਆ ਨਾਲ ਜੁੜਿਆ ਹੋਇਆ ਹੈ। ਇਸ ਦਿਨ ਦਸਮ ਪਾਤਸ਼ਾਹ ਸਿੱਖਾਂ ਦੇ ਦੋ ਦਲ ਬਣਾ ਕੇ ਉਨ੍ਹਾਂ ਦੀ ਬਨਾਵਟੀ ਜੰਗ ਕਰਵਾਉਦੇਂ ਸਨ। ਗੁਰੂ ਸਾਹਿਬ ਵੱਲੋਂ ਇਨ੍ਹਾਂ ਦੋਹਾ ਦਲਾਂ ਨੂੰ ਲੋਹਗੜ੍ਹ ਦਾ ਕਿਲਾ ਜਿੱਤਣ ਲਈ ਪ੍ਰੇਰਿਆ ਜਾਂਦਾ ਸੀ। ਜਿਹੜਾ ਦਲ ਕਿਲੇ 'ਤੇ ਕਬਜਾ ਕਰ ਲੈਂਦਾ, ਉਸ ਨੂੰ ਗੁਰੂ ਸਾਹਿਬ ਵੱਲੋਂ ਵਿਸ਼ੇਸ਼ ਇਨਾਮ ਅਤੇ ਸਿਰੋਪਾਓ ਦਿੱਤਾ ਜਾਂਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖਾਂ ਨੂੰ ਉਤਸ਼ਾਹਤ ਕਰਨ ਨਾਲ ਸਿੱਖ ਸੈਨਿਕ ਅਭਿਆਸ ਨੂੰ ਹੋਰ ਤਰਜੀਹ ਦੇਣ ਲੱਗ ਪਏ ਅਤੇ ਉਨ੍ਹਾਂ ਨੇ ਸੈਨਿਕ ਅਭਿਆਸ ਹੋਰ ਤੇਜ਼ ਕਰ ਦਿੱਤਾ।
ਨਿਹੰਗ ਸਿੰਘ ਫੌਜਾਂ ਘੋੜਿਆਂ 'ਤੇ ਸਵਾਰ ਹੋ ਕੇ ਦਿਖਾਉਂਦੀਆਂ ਨੇ ਆਪਣੇ ਜੌਹਰ
ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਇਸ ਰਵਾਇਤ ਨੂੰ ਉਸੇ ਤਰ੍ਹਾਂ ਹੀ ਕਾਇਮ ਰੱਖਦੇ ਹੋਏ ਅੱਜ ਵੀ ਸਿੱਖਾਂ ਵੱਲੋਂ ਸ਼ਾਸਤਰ ਵਿਦਿਆ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਮਹੱਲੇ ਦੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਨਗਾਰਿਆਂ ਦੀ ਚੋਟ 'ਤੇ ਜੈਕਾਰੇ ਛੱਡਦੀਆਂ ਹੋਈਆਂ ਨਿਹੰਗ ਸਿੰਘ ਫੌਜਾਂ ਘੋੜਿਆਂ 'ਤੇ ਸਵਾਰ ਹੋ ਕੇ ਸ਼ਾਸਤਰਾਂ ਦੇ ਜੌਹਰ ਦਿਖਾਉਂਦੀਆਂ ਖੁੱਲ੍ਹ ਮੈਦਾਨ 'ਚ ਜਾ ਪਹੁੰਚਦੀਆਂ ਹਨ।
ਉਨ੍ਹਾਂ ਦੇ ਨਾਲ ਹੀ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੀ ਮੈਦਾਨ 'ਚ ਪਹੁੰਚ ਕੇ ਉਨ੍ਹਾਂ ਦੇ ਜੌਹਰ ਦੇਖਦਾ ਹੈ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕਰਦਾ ਹੈ। ਦਿਨ ਦੇ ਪਿਛਲੇ ਪਹਿਰ ਸਿੰਘਾਂ ਵੱਲੋਂ ਦਿਖਾਏ ਜਾ ਰਹੇ ਸ਼ਾਸਤਰਾਂ ਦੇ ਜੌਹਰ ਖਤਮ ਹੋਣ ਤੋਂ ਬਾਅਦ ਸਾਰੀ ਸੰਗਤ ਸ੍ਰੀ ਕੇਸਗੜ੍ਹ ਸਾਹਿਬ ਵਾਪਸ ਪਹੁੰਚਦੀ ਹੈ, ਜਿਸ ਤੋਂ ਬਾਅਦ ਹੋਲ-ਮਹੱਲੇ ਦੀ ਸਮਾਪਤੀ ਹੁੰਦੀ ਹੈ। ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ 'ਚ ਹੋਲਾ-ਮਹੱਲਾ ਸਮਾਪਤ ਹੋ ਜਾਂਦਾ ਹੈ।
ਬਜ਼ੁਰਗਾਂ ਦੇ ਕਹਿਣ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸਨ
'ਆਤਮਾ ਗਰੰਥ ਵਿਚ, ਸਰੀਰ ਪੰਥ ਵਿਚ'
ਸੱਚਮੁੱਚ ਹੀ ਹੋਲਾ-ਮਹੱਲੇ ਦੇ ਦਿਨ ਸਾਰੇ ਪਾਸੇ ਤਿਆਰ ਬਰ ਤਿਆਰ ਸਿੰਘ ਸਿੰਘਣੀਆਂ 'ਚੋਂ ਪਰਮਾਤਮਾ ਦੀ ਝਲਕ ਪੈਂਦੀ ਹੈ, ਜੋ ਗੁਰੂ ਸਾਹਿਬ ਦੇ ਇਨ੍ਹਾਂ ਬਚਨਾਂ ਦੀ ਗਵਾਹੀ ਭਰਦੀ ਹੈ।