ਸ੍ਰੀ ਆਨੰਦਪੁਰ ਸਾਹਿਬ ਵਿਖੇ 'ਹੋਲਾ ਮਹੱਲਾ' ਸ਼ੁਰੂ, ਖਾਲਸਾਈ ਰੰਗ 'ਚ ਰੰਗੀ ਧਰਤੀ

03/05/2020 9:57:12 AM

ਸ੍ਰੀ ਆਨੰਦਪੁਰ ਸਾਹਿਬ : ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ 6 ਰੋਜ਼ਾ ਕੌਮੀ ਜੋੜ ਮੇਲਾ ਇਤਿਹਾਸਕ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਵਿਖੇ ਨਗਾਰਿਆਂ ਦੀ ਗੂੰਜ ਨਾਲ ਸ਼ੁਰੂ ਹੋ ਗਿਆ ਹੈ। ਹੋਲਾ ਮਹੱਲਾ 5 ਤੋਂ 7 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ 8 ਤੋਂ 10 ਮਾਰਚ ਤੱਕ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਲਈ ਜ਼ਿਲਾ ਪ੍ਰਸ਼ਾਸਨ, ਪੁਲਸ ਅਤੇ ਐੱਸ. ਜੀ. ਪੀ. ਸੀ. ਨੇ ਪ੍ਰਬੰਧ ਪੁਖਤਾ ਕਰ ਲਏ ਹਨ। ਜ਼ਿਲਾ ਮੈਜਿਸਟ੍ਰੇਟ ਵਿਨੇ ਬਬਲਾਨੀ ਨੇ ਧਾਰਾ-144 ਦੇ ਤਹਿਤ ਹੋਲਾ ਮਹੱਲਾ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਇਹ ਪਾਬੰਦੀਆਂ 5 ਤੋਂ 10 ਮਾਰਚ ਤੱਕ ਪ੍ਰਭਾਵੀ ਰਹਿਣਗੀਆਂ, ਜਿਸ ਦੇ ਤਹਿਤ ਹੋਲਾ ਮਹੱਲਾ ਦੇ ਦੌਰਾਨ ਜ਼ਿਲੇ ਭਰ 'ਚ ਸਤਲੁਜ ਦਰਿਆ ਅਤੇ ਨਹਿਰਾਂ 'ਚ ਨਹਾਉਣ ਨੂੰ ਲੈ ਕੇ ਪੂਰਨ ਤੌਰ 'ਤੇ ਪਾਬੰਦੀ ਰਹੇਗੀ। ਇਸੇ ਤਰ੍ਹਾਂ ਹੋਲੇ ਮਹੱਲੇ ਦੌਰਾਨ ਪੇਸ਼ੇਵਰ ਭਿਖਾਰੀਆਂ ਦੀ ਐਂਟਰੀ 'ਤੇ ਵੀ ਪੂਰੀ ਮਨਾਹੀ ਹੈ।

PunjabKesari
ਡਿਪਟੀ ਕਮਿਸ਼ਨਰ ਨੇ ਖਿੱਚੀ ਪੂਰੀ ਤਿਆਰੀ
ਪ੍ਰਸ਼ਾਸਨ ਵਲੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਇਸ ਪਵਿੱਤਰ ਤਿਉਹਾਰ ਨੂੰ ਨਿਰਵਿਘਨਤਾ ਨਾਲ ਨੇਪਰੇ ਚਾੜ੍ਹਨ ਲਈ ਇੰਨੇ ਜ਼ਿਆਦਾ ਗੰਭੀਰ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਵਲੋਂ ਸਿਰਫ 15 ਦਿਨਾਂ 'ਚ ਹੀ ਜਿੱਥੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਉੱਥੇ ਹੀ ਹੁਣ ਤੱਕ 2 ਵਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਮੈਨੇਜਰ ਜਸਬੀਰ ਸਿੰਘ ਨਾਲ ਵੀ ਮੀਟਿੰਗਾਂ ਕਰਕੇ ਵਿਚਾਰਾਂ ਕਰ ਚੁੱਕੇ ਹਨ। ਇਨ੍ਹਾਂ ਮੀਟਿੰਗਾਂ ਦੌਰਾਨ ਉਨ੍ਹਾਂ ਵਲੋਂ ਇਸ ਪਵਿੱਤਰ ਤਿਉਹਾਰ ਨੂੰ ਵਿਲੱਖਣਤਾ ਦੇਣ ਦੇ ਮੰਤਵ ਨਾਲ ਇਸ ਵਾਰ ਹੋਲਾ ਮਹੱਲਾ ਪਲਾਸਟਿਕ ਮੁਕਤ ਮਨਾਉਣ ਦੇ ਖੁਦ ਯਤਨ ਕੀਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਵਲੋਂ ਵੀ ਇਸ ਸਬੰਧੀ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਤਹਿਤ ਦੇਸ਼-ਵਿਦੇਸ਼ ਤੋਂ ਇੱਥੇ ਨਤਮਸਤਕ ਹੋਣ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼, ਲੰਗਰ, ਗੱਠੜੀ ਘਰ, ਜੋੜੇ ਘਰ ਸਮੇਤ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ  ਗਏ ਹਨ।

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪ੍ਰਬੰਧਾਂ ਦਾ ਗਿ. ਰਘਬੀਰ ਨੇ ਲਿਆ ਜਾਇਜ਼ਾ

PunjabKesari
ਗੁਰੂ ਨਗਰੀ ਦੇ 20 ਕਿਲੋਮੀਟਰ ਦੇ ਘੇਰੇ ਅੰਦਰ ਸ਼ਰਧਾਲੂਆਂ ਦਾ ਬੀਮਾ ਕਰਨ ਦਾ ਫੈਸਲਾ
ਉਨ੍ਹਾਂ ਦੱਸਿਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗੁ. ਸੀਸ ਗੰਜ ਸਾਹਿਬ, ਗੁ. ਭੋਰਾ ਸਾਹਿਬ, ਗੁ. ਕਿਲਾ ਫਤਹਿਗੜ੍ਹ ਸਾਹਿਬ ਸਮੇਤ ਸਾਰੇ ਇਤਿਹਾਸਿਕ ਗੁ. ਸਾਹਿਬਾਨ ਨੂੰ ਰੰਗ-ਰੋਗਨ ਕਰਨ ਉਪਰੰਤ ਸੁੰਦਰ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਤਖਤ ਸਾਹਿਬ ਦੀ ਹਦੂਦ ਅੰਦਰ ਵੱਡੀ ਪੱਧਰ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਗਰੀ ਦੇ 20 ਕਿਲੋਮੀਟਰ ਦੇ ਘੇਰੇ ਅੰਦਰ ਵਾਪਰਨ ਵਾਲੀ ਕਿਸੇ ਅਣਸੁਖਾਵੀਂ ਦੁਰਘਟਨਾ ਨੂੰ ਦੇਖਦੇ ਸ਼ਰਧਾਲੂਆਂ ਦਾ ਬੀਮਾ ਕਰਨ ਦਾ ਵੀ ਫੈਸਲਾ ਕੀਤਾ ਹੈ।

PunjabKesari
ਤਖਤ ਸਾਹਿਬ ਵਿਖੇ 3 ਦਿਨਾਂ ਲਈ ਸੱਜਣਗੇ ਦੀਵਾਨ, ਹੋਵੇਗਾ ਅੰਮ੍ਰਿਤ ਸੰਚਾਰ
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੋਲੇ-ਮਹੱਲੇ ਦੌਰਾਨ ਤਿੰਨੇ ਦਿਨ ਤਖਤ ਸਾਹਿਬ ਵਿਖੇ ਲਗਾਤਾਰ ਧਾਰਮਕ ਦੀਵਾਨ ਸਜਣਗੇ, ਜਿਸ 'ਚ ਪੰਥ ਪ੍ਰਸਿੱਧ ਕਥਾ ਵਾਚਕ, ਉੱਚ ਕੋਟੀ ਦੇ ਰਾਗੀ ਅਤੇ ਢਾਡੀ ਜਥਿਆਂ ਵਲੋਂ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਹੋਲੇ ਮਹੱਲੇ ਦੌਰਾਨ ਤਿੰਨੋਂ ਦਿਨ ਤਖਤ ਸਾਹਿਬ ਦੀ ਉਪਰਲੀ ਮੰਜ਼ਿਲ ਵਿਖੇ ਜਿੱਥੇ ਅੰਮ੍ਰਿਤ ਸੰਚਾਰ ਹੋਵੇਗਾ, ਉੱਥੇ ਹੀ ਸੰਗਤਾਂ ਨੂੰ ਗੁਰੂ ਸਾਹਿਬਾਨ ਵੇਲੇ ਦੇ ਇਤਿਹਾਸਕ ਸ਼ਸਤਰਾਂ ਦੇ ਦਿਨ 'ਚ 2 ਟਾਈਮ ਸਵੇਰੇ ਅਤੇ ਸ਼ਾਮ ਨੂੰ ਦਰਸ਼ਨ ਵੀ ਕਰਵਾਏ ਜਾਣਗੇ।


Babita

Content Editor

Related News