ਹੋਲੇ ਮਹੱਲੇ ਦੌਰਾਨ ਬੱਚੇ ਨੂੰ ਅਗਵਾ ਕਰਨ ਵਾਲੇ ਦੀ ਪੁਲਸ ਨੇ ਜਾਰੀ ਕੀਤੀ ਤਸਵੀਰ
Friday, Mar 25, 2022 - 04:47 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ) : 17 ਤੋਂ 19 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਗਏ ਕੌਮੀ ਤਿਉਹਾਰ ਹੋਲੇ-ਮਹੱਲਾ ਦੌਰਾਨ ਇੱਥੇ ਸਥਿਤ ਇਤਿਹਾਸਕ ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਲੰਗਰ ਹਾਲ ਤੋਂ ਇਕ ਵਿਅਕਤੀ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਦੇ 6 ਸਾਲਾ ਬੇਟੇ ਨੂੰ ਲੈ ਕੇ ਰਫੂਚੱਕਰ ਹੋ ਗਿਆ, ਜਿਸ ਦੀ ਸਥਾਨਕ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਸਥਾਨਕ ਚੌਕੀ ਇੰਚਾਰਜ ਏ. ਐੱਸ. ਆਈ. ਗੁਰਮੁੱਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਲਾ ਮਹੱਲਾ ਦੌਰਾਨ ਚੰਨਣ ਸਿੰਘ ਪੁੱਤਰ ਗੇਂਦਾ ਰਾਮ ਵਾਸੀ ਟੱਪਰੀਆਂ ਅਗੰਮਪੁਰ ਤੇ ਹਾਲ ਵਾਸੀ ਕਿਲ੍ਹਾ ਅਨੰਦਗੜ੍ਹ ਸਾਹਿਬ ਨੇ ਪੁਲਸ ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੀ ਪਤਨੀ ਰਾਮ ਕੌਰ ਲੜਕੀ ਰੀਨਾ ਅਤੇ 6 ਸਾਲਾ ਲੜਕੇ ਤਨਵੀਰ ਸਿੰਘ ਨਾਲ ਰਹਿੰਦਾ ਹਾਂ। ਉਨ੍ਹਾਂ ਦੱਸਿਆ ਕਿ ਲੰਗਰ ਹਾਲ ਵਿਚ ਇਕ 25 ਕੁ ਸਾਲਾ ਸਿੱਖ ਵਿਅਕਤੀ ਜੋ ਆਪਣਾ ਨਾਮ ਗਗਨ ਅਤੇ ਸ਼ੈਂਟੀ ਦੱਸਦਾ ਸੀ ਵੀ ਸੇਵਾ ਕਰਦਾ ਸੀ।
ਇਹ ਵੀ ਪੜ੍ਹੋ : ਮੰਤਰੀ ਹਰਜੋਤ ਬੈਂਸ ਨੇ ਪਟਿਆਲਾ ਜੇਲ ’ਚ ਮਾਰਿਆ ਛਾਪਾ, ਇਥੇ ਹੀ ਬੰਦ ਹਨ ਬਿਕਰਮ ਸਿੰਘ ਮਜੀਠੀਆ
ਲੰਗਰ ਵਿਚ ਸੇਵਾ ਕਰਨ ਕਾਰਨ ਉਸ ਵਿਅਕਤੀ ਦੀ ਮੇਰੇ ਲੜਕੇ ਤਨਵੀਰ ਸਿੰਘ ਨਾਲ ਕਾਫੀ ਜਾਣ ਪਛਾਣ ਹੋ ਗਈ ਸੀ। 18 ਮਾਰਚ ਨੂੰ ਉਸ ਦਾ ਲੜਕਾ ਤਨਵੀਰ ਘਰ ਵਿਚ ਮੌਜੂਦ ਨਹੀਂ ਸੀ ਤੇ ਉਸੇ ਦਿਨ ਹੀ ਉਕਤ ਵਿਅਕਤੀ ਸ਼ੈਂਟੀ ਵੀ ਉੱਥੋਂ ਗਾਇਬ ਸੀ। ਆਪਣੇ ਲੜਕੇ ਦੀ ਕਾਫੀ ਭਾਲ ਕਰਨ ਉਪਰੰਤ ਜਦੋਂ ਸਾਨੂੰ ਕੁਝ ਸਫਲਤਾ ਹਾਸਲ ਨਹੀਂ ਹੋਈ ਤਾਂ ਉਨ੍ਹਾਂ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਦੇ ਕੰਪਲੈਕਸ ਵਿਚ ਲੱਗੇ ਕੈਮਰੇ ਦੀ ਜਾਂਚ ਕੀਤੀ ਤਾਂ ਕੈਮਰੇ ਵਿਚ ਦੇਖਣ ’ਤੇ ਸਾਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਸ਼ੈਂਟੀ ਮੇਰੇ ਲੜੇਕੇ ਨੂੰ ਗੁਰਦੁਆਰਾ ਸਾਹਿਬ ਵਿਚੋਂ ਲੈ ਕੇ ਜਾ ਰਿਹਾ ਹੈ। ਚੌਕੀ ਇੰਚਾਰਜ ਗੁਰਮੁਖ ਸਿੰਘ ਨੇ ਦੱਸਿਆ ਕਿ ਚੰਨਣ ਸਿੰਘ ਵੱਲੋਂ ਉਕਤ ਕਥਿਤ ਦੋਸ਼ੀ ਖ਼ਿਲਾਫ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੁਲਸ ਵੱਲੋਂ ਨਿਹੰਗ ਸਿੰਘ ਬਾਣੇ ਵਿਚ ਨਜ਼ਰ ਆਉਣ ਵਾਲੇ ਉਕਤ ਕਥਿਤ ਮੁਲਜ਼ਮ ਜਿਸ ਦੀ ਪਛਾਣ ਸ਼ਮਸ਼ੇਰ ਸਿੰਘ ਵਾਸੀ ਤਾਜਪੁਰ ਥਾਣਾ ਰਾਏਕੋਟ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਵੱਡਾ ਐਲਾਨ, ਵਿਧਾਇਕਾਂ ਨੂੰ ਦਿੱਤਾ ਤਕੜਾ ਝਟਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?