ਭੰਗੜਾ ਕਪਤਾਨ ਤੇ ਸਰਪੰਚ ਸੁੱਖਾ ਗਾਖਲ ਨੂੰ ਅੰਤਿਮ ਵਿਦਾਇਗੀ ਦੇਣ ਪੁੱਜੇ ਹੌਬੀ ਧਾਲੀਵਾਲ
Wednesday, Aug 30, 2023 - 11:40 PM (IST)
ਕਾਲਾ ਸੰਘਿਆਂ (ਨਿੱਝਰ) : ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਭੰਗੜਾ ਟੀਮ ਦੀ ਸ਼ਾਨ ਰਹੇ ਸੋਹਣੇ-ਸੁਨੱਖੇ ਗੱਭਰੂ, ਮਾਂ ਦੇ ਲਾਡਲੇ ਪੁੱਤ ਅਤੇ ਪਿੰਡ ਗਾਖਲ ਜ਼ਿਲ੍ਹਾ ਜਲੰਧਰ ਦੇ ਮੌਜੂਦਾ ਸਰਪੰਚ ਸੁਖਵੰਤ ਸਿੰਘ ਗਾਖਲ ਉਰਫ਼ ਸੁੱਖਾ ਗਾਖਲ (ਸਾਢੇ 50 ਸਾਲ), ਜੋ ਕਿ ਬੀਤੇ ਦਿਨੀਂ ਅਚਨਚੇਤ ਅਕਾਲ ਚਲਾਣਾ ਕਰ ਗਏ ਸਨ, ਨੂੰ ਬੁੱਧਵਾਰ ਦੁਪਹਿਰ ਵੇਲੇ ਪਰਿਵਾਰ, ਰਿਸ਼ਤੇਦਾਰਾਂ ਅਤੇ ਵੱਡੀ ਤਾਦਾਦ 'ਚ ਪੁੱਜੇ ਉਸ ਦੇ ਮਿੱਤਰਾਂ-ਪਿਆਰਿਆਂ ਵੱਲੋਂ ਭਰੇ ਮਨ ਨਾਲ ਜਿੱਥੇ ਅੰਤਿਮ ਵਿਦਾਇਗੀ ਦਿੱਤੀ ਗਈ, ਉੱਥੇ ਹੀ ਕੁਝ ਸਿਆਣੇ ਲੋਕ ਭਰ ਜਵਾਨੀ ਵਿੱਚ ਦਿਨੋ-ਦਿਨ ਮੌਤਾਂ ਦੀ ਵੱਧ ਰਹੀ ਗਿਣਤੀ 'ਤੇ ਚਿੰਤਾ ਵੀ ਪ੍ਰਗਟਾ ਰਹੇ ਸਨ। ਪੀੜਤ ਪਰਿਵਾਰ ਖਾਸ ਕਰਕੇ ਮਾਂ ਦਾ ਦੁੱਖ ਝੱਲਿਆ ਨਹੀਂ ਸੀ ਜਾ ਰਿਹਾ ਤੇ ਉਹ ਆਪਣੇ ਜਿਗਰ ਦੇ ਟੋਟੇ ਨੂੰ ਆਵਾਜ਼ਾਂ ਮਾਰ-ਮਾਰ ਉਸ ਤੋਂ ਅੱਖੋਂ ਓਹਲੇ ਨਾ ਹੋਣ ਲਈ ਪੁਕਾਰ ਰਹੀ ਸੀ।
ਇਹ ਵੀ ਪੜ੍ਹੋ : ਸੂਬੇ 'ਚ ਭਵਿੱਖ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਭਾਜਪਾ 'ਆਪ' ਦੇ ਵਧਦੇ ਗ੍ਰਾਫ ਤੋਂ ਚਿੰਤਤ
ਇਸ ਮੌਕੇ ਫ਼ਿਲਮੀ ਅਦਾਕਾਰ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਗਾਇਕ, ਪੱਤਰਕਾਰ, ਸਰਪੰਚ-ਪੰਚ ਤੇ ਉਸ ਦੇ ਜੀਵਨ ਕਾਲ ਦੌਰਾਨ ਅੰਗ-ਸੰਗ ਰਹੇ ਭੰਗੜੇ ਵਾਲੇ ਨੌਜਵਾਨ ਸਾਥੀ ਆਪਣੇ ਪਿਆਰੇ ਸਾਥੀ ਨੂੰ ਵਿਦਾ ਕਰਨ ਵਾਲਿਆਂ ਵਿੱਚ ਸ਼ਾਮਲ ਸਨ, ਜਿਨ੍ਹਾਂ 'ਚ ਪ੍ਰਮੁੱਖ ਤੌਰ 'ਤੇ ਫ਼ਿਲਮੀ ਅਦਾਕਾਰ ਤੇ ਭਾਜਪਾ ਆਗੂ ਹੌਬੀ ਧਾਲੀਵਾਲ, ਕਰਤਾਰਪੁਰ ਦੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਦੀਪਕ ਬਾਲੀ, ਬਲਾਕ ਸੰਮਤੀ ਜਲੰਧਰ ਦੇ ਸਾਬਕਾ ਚੇਅਰਮੈਨ ਜਸਵੰਤ ਸਿੰਘ ਪੱਪੂ ਗਾਖਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਘਬੀਰ ਸਿੰਘ ਗਿੱਲ, ਭਾਜਪਾ ਆਗੂ ਗੋਰਾ ਗਿੱਲ, ਸਾਬਕਾ ਕੌਂਸਲਰ ਬਲਬੀਰ ਸਿੰਘ ਬਿੱਟੂ, ਜੁਝਾਰ ਸਿੰਘ ਗੋਨਾ ਚੱਕ, ਢਾਡੀ ਸੁਖਬੀਰ ਸਿੰਘ ਬੁੱਢੀ ਪਿੰਡ, ਗਾਇਕ ਦਲਵਿੰਦਰ ਦਿਆਲਪੁਰੀ, ਜਗਤਾਰ ਸਿੰਘ ਜੱਗਾ ਜੱਲੋਵਾਲ, ਜਸਪਾਲ ਸਿੰਘ ਗਾਖਲ, ਤੇਜਪਾਲ ਸਿੰਘ, ਹਰਪ੍ਰੀਤ ਸਿੰਘ ਫੋਲੜੀਵਾਲ, ਨੱਥਾ ਸਿੰਘ ਗਾਖਲ ਆਦਿ ਦੇ ਨਾਂ ਜ਼ਿਕਰਯੋਗ ਹਨ। ਸੁੱਖਾ ਗਾਖਲ ਨਮਿੱਤ ਅੰਤਿਮ ਅਰਦਾਸ 3 ਸਤੰਬਰ ਨੂੰ ਪਿੰਡ ਗਾਖਲ ਜ਼ਿਲ੍ਹਾ ਜਲੰਧਰ ਵਿਖੇ ਹੋਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8