ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੀਮਾਰੀਆਂ ਦੂਰ ਕਰਦਾ ਹੈ ਇਤਿਹਾਸਕ ਸ਼ੀਸ਼ਾ
Wednesday, Apr 10, 2019 - 01:19 PM (IST)

ਤਲਵੰਡੀ ਸਾਬੋ (ਮੁਨੀਸ਼) : ਸਿੱਖ ਕੌਮ ਦੇ ਚੌਥੇ ਤਖ਼ਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਥਿਤ ਇਤਿਹਾਸਕ ਸ਼ੀਸ਼ਾ ਹੈ। ਸੰਗਤ ਦਾ ਵਿਸ਼ਵਾਸ ਹੈ ਕਿ ਇਹ ਸ਼ੀਸ਼ਾ ਬੀਮਾਰੀਆਂ ਦੂਰ ਕਰਦਾ ਹੈ। ਵਿਸਾਖੀ ਤੋਂ ਪਹਿਲਾਂ ਵੱਡੀ ਗਿਣਤੀ 'ਚ ਸੰਗਤਾਂ ਤਖ਼ਤ ਸਾਹਿਬ ਵਿਖੇ ਸ਼ੀਸ਼ੇ ਦੇ ਦਰਸ਼ਨ ਕਰਨ ਲਈ ਪੁੱਜ ਰਹੀਆਂ ਹਨ।
ਇਤਿਹਾਸਕ ਸ਼ੀਸ਼ੇ ਦਾ ਇਤਿਹਾਸ
ਸਿੱਖ ਕੌਮ ਦੇ ਪੰਜ ਤਖ਼ਤ ਸਾਹਿਬਾਨਾਂ 'ਚੋਂ ਮਾਲਵੇ ਅੰਦਰ ਸਥਿਤ ਚੌਥਾ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਇਤਿਹਾਸਕ ਪੱਖੋਂ ਵਿਸ਼ੇਸ਼ ਸਥਾਨ ਰੱਖਦਾ ਹੈ। ਜਿਥੇ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੰਮਾ ਸਮਾਂ ਇਸ ਧਰਤੀ 'ਤੇ ਰਹਿ ਕੇ ਬਹੁਤ ਸਾਰੇ ਬਚਨ ਕੀਤੇ ਹਨ, ਜੋ ਕਿ ਅੱਜ ਵੀ ਪੂਰੇ ਹੋ ਰਹੇ ਹਨ। ਇਨ੍ਹਾਂ 'ਚ ਹੀ ਇਕ ਹੈ ਤਖ਼ਤ ਸਾਹਿਬ ਵਿਖੇ ਇਤਿਹਾਸਕ ਸ਼ੀਸ਼ਾ, ਜਿਸ ਨੂੰ ਦੇਖ ਕੇ ਬੀਮਾਰ ਲੋਕਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਇਤਿਹਾਸਕਾਰਾਂ ਮੁਤਾਬਕ ਜਦੋਂ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਸਨ ਤਾਂ ਇਥੇ ਦਿੱਲੀ ਦੀ ਸੰਗਤ ਨੇ ਗੁਰੂ ਜੀ ਨੂੰ ਸ਼ੀਸ਼ਾ ਭੇਟ ਕੀਤਾ ਅਤੇ ਕਿਹਾ ਕਿ ਗੁਰੂ ਜੀ ਜਦੋਂ ਦਸਤਾਰ ਸਜਾਉਂਦੇ ਹੋ ਤਾਂ ਦਸਤਾਰ ਦੇ ਪੇਚ ਵਿੰਗੇ-ਟੇਢੇ ਹੋ ਜਾਂਦੇ ਹਨ ਤਾਂ ਸ਼ੀਸ਼ੇ 'ਚ ਦੇਖ ਕੇ ਠੀਕ ਕਰ ਲਿਆ ਕਰੋ। ਗੁਰੂ ਜੀ ਦੂਰ-ਦ੍ਰਿਸ਼ਟੀ ਦੇ ਮਾਲਕ ਸਨ ਜਿਨ੍ਹਾਂ ਨੇ ਸ਼ੀਸ਼ਾ ਦੇਖ ਕੇ ਬਚਨ ਕਰਦਿਆਂ ਕਿਹਾ ਕਿ ਦਸਤਾਰ ਤਾਂ ਆਮ ਸ਼ੀਸ਼ੇ ਨਾਲ ਵੀ ਸਿੱਧੀ ਹੋ ਜਾਵੇਗੀ ਪਰ ਇਹ ਸ਼ੀਸ਼ਾ ਜਿਨ੍ਹਾਂ ਨੂੰ ਲਕਵੇ ਦੀ ਬੀਮਾਰੀ ਨਾਲ ਮੂੰਹ ਵਿੰਗੇ ਹੁੰਦੇ ਹਨ, ਉਨ੍ਹਾਂ ਦੇ ਮੂੰਹ ਸਿੱਧੇ ਕਰਿਆ ਕਰੇਗਾ। ਰੋਜ਼ਾਨਾ ਦੇਸ਼-ਵਿਦੇਸ਼ ਤੋਂ ਸੰਗਤਾਂ ਸ਼ੀਸ਼ਾ ਦੇਖਣ ਲਈ ਆਉਂਦੀਆਂ ਹਨ।
ਸ਼ੀਸ਼ਾ ਦੇਖਣ ਦੀ ਵਿਧੀ
ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਦੱਸਿਆ ਕਿ ਹਰੇਕ ਬੀਮਾਰ ਵਿਅਕਤੀ ਪੰਜ ਮਿੰਟ ਸ਼ੀਸ਼ੇ ਅੱਗੇ ਬੈਠ ਕੇ ਲਗਾਤਾਰ ਤਿੰਨ ਦਿਨ ਛੋਲੇ ਚੱਬਦਾ ਹੈ ਤਾਂ ਉਨ੍ਹਾਂ ਨੂੰ ਲਕਵੇ ਦੀ ਬੀਮਾਰੀ ਤੋਂ ਛੁਟਕਾਰਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਸ਼ੀਸ਼ਾ ਤਖ਼ਤ ਸਾਹਿਬ ਦੇ ਨਾਲ ਇਕ ਸੁੰਦਰ ਅਲਮਾਰੀ 'ਚ ਸੁਸ਼ੋਭਿਤ ਕੀਤਾ ਹੋਇਆ ਹੈ। ਬੀਮਾਰ ਵਿਅਕਤੀਆਂ ਤੋਂ ਇਲਾਵਾ ਆਮ ਸੰਗਤਾਂ ਵੀ ਸ਼ੀਸ਼ੇ ਦੇ ਦਰਸ਼ਨ-ਦੀਦਾਰ ਕਰਦੀਆਂ ਹਨ। ਤਖ਼ਤ ਸਾਹਿਬ ਦੇ ਮੈਨੇਜਰ ਭਾਈ ਕਰਨ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਸ਼ੀਸ਼ੇ ਦੇ ਦਰਸ਼ਨ ਕਰਨ ਆਉਂਦੇ ਬੀਮਾਰ ਵਿਅਕਤੀ ਅਤੇ ਉਨ੍ਹਾਂ ਨਾਲ ਆਉਣ ਵਾਲੇ ਵਿਅਕਤੀਆਂ ਦੇ ਰਹਿਣ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।
ਉਧਰ, ਪਟਿਆਲਾ ਤੋਂ ਆਏ ਇਕ ਬੀਮਾਰ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਤਖ਼ਤ ਸਾਹਿਬ ਵਿਖੇ ਇਤਿਹਾਸਕ ਸ਼ੀਸ਼ਾ ਹੈ, ਜਿਸ ਨੂੰ ਦੇਖ ਕੇ ਲਕਵੇ ਦੀ ਬੀਮਾਰੀ ਦੂਰ ਹੁੰਦੀ ਹੈ ਸੋ ਅਸੀਂ ਦਰਸ਼ਨ-ਦੀਦਾਰ ਲਈ ਆਏ ਸੀ ਜਿਨ੍ਹਾਂ ਨੂੰ ਆ ਕੇ ਹੁਣ ਵਧੀਆ ਲੱਗਾ ਅਤੇ ਤਖ਼ਤ ਸਾਹਿਬ ਦੇ ਪ੍ਰਬੰਧ ਵੀ ਬਹੁਤ ਵਧੀਆ ਕੀਤੇ ਹੋਏ ਹਨ।