ਪਾਕਿਸਤਾਨ ''ਚ ਧੋਖੇ ਨਾਲ ਉਜਾੜਿਆ ਜਾ ਰਿਹੈ ਹਿੰਦੂਆਂ ਦਾ ਕਾਰੋਬਾਰ
Wednesday, Jul 10, 2019 - 03:07 PM (IST)

ਅੰਮ੍ਰਿਤਸਰ (ਕੱਕੜ) : ਪਾਕਿਸਤਾਨ ਦਾ ਘੱਟ-ਗਿਣਤੀ ਹਿੰਦੂ ਵਰਗ ਵੰਡ ਦੇ ਬਾਅਦ ਤੋਂ ਹੀ ਪਾਕਿਸਤਾਨ ਦੀਆਂ ਵੱਖ-ਵੱਖ ਸਰਕਾਰਾਂ ਦੇ ਜ਼ੁਲਮ ਸਹਿਣ ਕਰ ਰਿਹਾ ਹੈ ਅਤੇ ਕਿਸੇ ਵੀ ਸੂਰਤ 'ਚ ਪਾਕਿਸਤਾਨ ਛੱਡਣਾ ਚਾਹੁੰਦਾ ਹੈ ਪਰ ਉਨ੍ਹਾਂ ਲਈ ਇਹ ਵੀ ਸੰਭਵ ਨਹੀਂ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਤਾ ਲੱਗਾ ਹੈ ਕਿ ਬੀਤੇ ਕਈ ਸਾਲਾਂ ਤੋਂ ਪਾਕਿਸਤਾਨ 'ਚ ਰਹਿਣ ਵਾਲੇ ਹਿੰਦੂਆਂ ਦੇ ਕਾਰੋਬਾਰ ਨੂੰ ਵੀ ਧੋਖੇ ਨਾਲ ਉਜਾੜਿਆ ਜਾ ਰਿਹਾ ਹੈ, ਅੱਤਵਾਦ ਦੀ ਅੱਗ 'ਚ ਸੜ ਰਹੇ ਪਾਕਿਸਤਾਨ ਨੂੰ ਦੇਸ਼ ਦੁਨੀਆ 'ਚ ਜੋ ਥੋੜ੍ਹੀ ਬਹੁਤ ਪਛਾਣ ਬਚੀ ਹੈ। ਉਸ 'ਚ ਹੀ ਘੱਟ-ਗਿਣਤੀ ਹਿੰਦੂ ਭਾਈਚਾਰੇ ਦੀ ਅਹਿਮ ਭੂਮਿਕਾ ਹੈ ਪਰ ਫਿਰ ਵੀ ਉਨ੍ਹਾਂ ਨੂੰ ਅਪਮਾਨਤ ਕਰਨ 'ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਤਾ ਲੱਗਿਆ ਹੈ ਕਿ ਭਾਰਤੀ ਫਿਲਮੀ ਅਦਾਕਾਰਾਂ ਦੀਆਂ ਹਵੇਲੀਆਂ ਵੀ ਮਿੱਟੀ ਕਰ ਦਿੱਤੀਆਂ ਗਈਆਂ ਹਨ। ਆਲੀਸ਼ਾਨ ਪੁਸ਼ਤੈਨੀ ਹਵੇਲੀਆਂ 'ਤੇ ਪਾਕਿਸਤਾਨ ਦੇ ਭੂ-ਮਾਫੀਆ ਦਾ ਕਬਜ਼ਾ ਹੋ ਰਿਹਾ ਹੈ। ਸੂਬਾ ਸਿੰਧ ਦੇ ਹਿੰਦੂ ਦੁਕਾਨਦਾਰਾਂ ਨੂੰ ਆਪਣੀ ਦੁਕਾਨਾਂ ਛੱਡਣ ਜਾਂ ਕੌਡੀਆਂ ਦੇ ਮੁੱਲ 'ਤੇ ਵੇਚਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਜਿਹੇ 'ਚ ਹਿੰਦੂ ਭਾਈਚਾਰੇ ਦਾ ਸਾਥ ਦੇਣ ਵਾਲਾ ਕੋਈ ਵੀ ਨਹੀਂ ਹੈ ਅਤੇ ਨਾ ਹੀ ਕੋਈ ਮਾਨਵਾਧਿਕਾਰ ਸੰਗਠਨ ਦੀ ਇਸ ਮਾਮਲੇ 'ਚ ਸੁਣਵਾਈ ਹੋ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਰਾਚੀ 'ਚ ਰਹਿਣ ਵਾਲੇ ਜ਼ਿਆਦਾਤਰ ਹਿੰਦੂ ਜੋ ਕਿ ਪਿਸੇ ਹੋਏ ਮਸਾਲਿਆਂਂ, ਸੁੱਕੇ ਮੇਵੇ, ਫਲ-ਸਬਜ਼ੀਆਂ, ਫ਼ੈਸ਼ਨ ਡਿਜ਼ਾਈਨਿੰਗ, ਖੇਡਾਂ ਦਾ ਸਾਮਾਨ ਅਤੇ ਵੱਖ-ਵੱਖ ਲਘੂ ਉਦਯੋਗਾਂ ਦੇ ਨਾਲ ਜੁੜੇ ਸਨ। ਉਨ੍ਹਾਂ ਦੇ ਕਾਰੋਬਾਰ ਸਥਾਨਾਂ 'ਤੇ ਜਬਰਨ ਕਬਜ਼ਾ, ਦੁਕਾਨਾਂ ਨੂੰ ਢਾਹ ਕੇ ਉਨ੍ਹਾਂ ਨੂੰ ਰੋਟੀ-ਰੋਜ਼ੀ ਤੋਂ ਵਾਂਝਾ ਕੀਤਾ ਗਿਆ ਹੈ। ਬੇਸ਼ੱਕ ਵੰਡ ਦੇ ਬਾਅਦ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ 'ਚ ਜਿਥੇ ਕਿ ਹਿੰਦੂ ਭਾਈਚਾਰੇ ਦਾ ਵਡਮੁੱਲਾ ਯੋਗਦਾਨ ਰਿਹਾ ਪਰ ਉਸ ਯੋਗਦਾਨ ਨੂੰ ਪਾਕਿ ਦੀਆਂ ਵੱਖ-ਵੱਖ ਸਰਕਾਰਾਂ ਨੇ ਕੱਟੜਤਾਵਾਦ ਦੀ ਸ਼ਹਿ 'ਤੇ ਪਾਕਿਸਤਾਨ 'ਚ ਰਹਿਣ ਵਾਲੇ ਹਿੰਦੂਆਂ ਨੂੰ ਤਰਸਯੋਗ ਜੀਵਨ ਜੀਣ ਦੇ ਲਾਇਕ ਬਣਾ ਦਿੱਤਾ ਹੈ ਅਤੇ ਸੂਬਾ ਸਿੰਧ 'ਚ ਰਹਿਣ ਵਾਲੇ ਹਿੰਦੂ ਹੁਣ ਵੀ ਆਪਣੇ ਕਾਰੋਬਾਰ ਤੇ ਸੁਰੱਖਿਆ ਪ੍ਰਤੀ ਬੁਰਾ ਜੀਵਨ ਬਤੀਤ ਕਰਨ ਨੂੰ ਮਜਬੂਰ ਹਨ।