ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਗਊ ਮਾਤਾ

01/17/2018 12:36:39 AM

ਜਲਾਲਾਬਾਦ(ਗੋਇਲ)—ਹਿੰਦੂ ਧਰਮ 'ਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਗਊ ਮਾਤਾ 'ਚ ਸਾਰੇ ਦੇਵੀ-ਦੇਵਤਾ ਵਾਸ ਕਰਦੇ ਹਨ ਤੇ ਗਊ ਦੀ ਸੇਵਾ ਕਰਨ 'ਤੇ ਹਰ ਸੁੱਖ ਮਿਲਦਾ ਹੈ ਪਰ ਧਰਮ ਕਰਮ 'ਚ ਹਮੇਸ਼ਾ ਅੱਗੇ ਰਹਿਣ ਵਾਲੇ ਜਲਾਲਾਬਾਦ ਖੇਤਰ ਵਿਚ ਗਊ ਮਾਤਾ ਦਾ ਨਿਰਾਦਰ ਹੋ ਰਿਹਾ ਹੈ ਅਤੇ ਉਸ ਨੂੰ ਆਪਣਾ ਢਿੱਡ ਭਰਨ ਲਈ ਗਲੀਆਂ ਅਤੇ ਬਾਜ਼ਾਰਾਂ 'ਚ ਭਟਕਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਸਥਾਨਕ ਬੱਗਾ ਬਾਜ਼ਾਰ, ਰੇਲਵੇ ਸਟੇਸ਼ਨ ਰੋਡ, ਪੁਰਾਣੀ ਸਬਜ਼ੀ ਮੰਡੀ ਰੋਡ, ਪੀ. ਐੱਨ. ਬੀ. ਰੋਡ, ਸ਼੍ਰੀ ਰਾਮਲੀਲਾ ਚੌਕ, ਦਾਣਾ ਮੰਡੀ ਅਤੇ ਮੁਕਤਸਰ ਰੋਡ ਸਮੇਤ ਵੱਖ-ਵੱਖ ਬਾਜ਼ਾਰਾਂ ਅਤੇ ਮੁਹੱਲਿਆਂ 'ਚ ਗਊ ਨੂੰ ਬੇਸਹਾਰਾ ਘੁੰਮਦੇ ਹੋਏ ਵੇਖਿਆ ਜਾ ਸਕਦਾ ਹੈ। ਇਹ ਗਊ ਜੋ ਸਾਨੂੰ ਦੁੱਧ ਸਮੇਤ ਹੋਰ ਸਿਹਤ ਲਈ ਫਾਇਦੇਮੰਦ ਚੀਜ਼ਾਂ ਦਿੰਦੀ ਹੈ, ਨੂੰ ਅੱਜ ਆਪਣਾ ਢਿੱਡ ਭਰਨ ਲਈ ਗਲੀਆਂ 'ਚ ਪਈ ਗੰਦਗੀ ਅਤੇ ਥੈਲੀਆਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਕੁਝ ਲਾਲਚੀ ਕਿਸਮ ਦੇ ਲੋਕ ਆਪਣੀ ਗਾਂ ਨੂੰ ਸਵੇਰੇ ਛੱਡ ਦਿੰਦੇ ਹਨ ਅਤੇ ਸ਼ਾਮ ਨੂੰ ਫਿਰ ਬੰਨ੍ਹ ਕੇ ਦੁੱਧ ਚੋਅ ਲੈਂਦੇ ਹਨ।ਸਥਾਨਕ ਗਊਸ਼ਾਲਾ ਸੇਵਾ ਸੰਮਤੀ ਤੇ ਹੋਰਨਾਂ ਜਥੇਬੰਦੀਆਂ ਵੱਲੋਂ ਗਊ ਦੀ ਦਸ਼ਾ ਸੁਧਾਰਨ ਲਈ ਯਤਨ ਕੀਤੇ ਜਾ ਰਹੇ ਹਨ ਪਰ ਵੇਖਣ 'ਚ ਆਇਆ ਹੈ ਕਿ ਗ੍ਰਾਮੀਣ ਖੇਤਰ ਦੇ ਲੋਕ ਟਰਾਲੀਆਂ 'ਚ ਗਊਆਂ ਨੂੰ ਲੱਦ ਕੇ ਇਥੇ ਛੱਡ ਦਿੰਦੇ ਹਨ, ਜਿਸ ਕਾਰਨ ਜਲਾਲਾਬਾਦ 'ਚ ਬੇਸਹਾਰਾ ਗਊਆਂ ਵਿਚ ਵਾਧਾ ਹੋ ਰਿਹਾ ਹੈ। ਗਊਸ਼ਾਲਾ ਸੇਵਾ ਸੰਮਤੀ ਦੇ ਸਰਪ੍ਰਸਤ ਕੇਵਲ ਕ੍ਰਿਸ਼ਨ ਮਿੱਢਾ ਅਤੇ ਪ੍ਰਧਾਨ ਰਾਜੀਵ ਦਾਹੂਜਾ ਨੇ ਕਿਹਾ ਕਿ ਸੰਮਤੀ ਵੱਲੋਂ ਗਊਸ਼ਾਲਾ 'ਚ ਗਊਆਂ ਨੂੰ ਰੱਖ ਕੇ ਹੋਰ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ ਪਰ ਆਮ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਅਤੇ ਫਰਜ਼ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ ਤਾਂ ਕਿ ਗਊ ਮਾਤਾ ਦੀ ਹਾਲਤ ਨੂੰ ਸੁਧਾਰਿਆ ਜਾ ਸਕੇ। 


Related News