ਹਿੰਦੂ ਤੇ ਦਲਿਤ ਵਿਧਾਇਕ ਕੈਪਟਨ ਨਾਲ ਡਟੇ ਰਹੇ, ਸਿਰਫ ਜਾਟ-ਸਿੱਖ ਵਿਧਾਇਕਾਂ ’ਚ ਦਰਾਰ ਆਈ
Saturday, Aug 28, 2021 - 11:48 AM (IST)
ਜਲੰਧਰ (ਧਵਨ) : ਪੰਜਾਬ ਵਿਚ ਕਾਂਗਰਸ ਅੰਦਰ ਆ ਰਹੇ ਉਤਰਾਅ-ਚੜ੍ਹਾਅ ਵਿਚ ਸਭ ਤੋਂ ਦਿਲਚਸਪ ਗੱਲ ਇਹ ਸਾਹਮਣੇ ਆਈ ਹੈ ਕਿ ਹਿੰਦੂ ਤੇ ਦਲਿਤ ਵਿਧਾਇਕ ਪੂਰੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨਾਲ ਡਟੇ ਰਹੇ, ਜਦੋਂਕਿ ਦਰਾਰ ਸਿਰਫ ਜਾਟ-ਸਿੱਖ ਵਿਧਾਇਕਾਂ ’ਚ ਵੇਖਣ ਨੂੰ ਮਿਲੀ। ਕਾਂਗਰਸ ’ਚ ਇਹ ਚਰਚਾ ਸੁਣਨ ਨੂੰ ਮਿਲੀ ਹੈ ਕਿ ਸਮੁੱਚੀ ਹਿੰਦੂ ਤੇ ਦਲਿਤ ਕਾਂਗਰਸ ਲੀਡਰਸ਼ਿਪ ਨੇ ਕੈਪਟਨ ਨੂੰ ਜੋ ਸਮਰਥਨ ਦਿੱਤਾ ਹੈ, ਉਸ ਦੇ ਕਾਇਲ ਕੈਪਟਨ ਵੀ ਹੋਏ ਹਨ। ਕੈਪਟਨ ਖਿਲਾਫ ਬਗਾਵਤ ਕਰਨ ਵਾਲਿਆਂ ਵਿਚ ਜਾਟ-ਸਿੱਖ ਮੰਤਰੀ ਹੀ ਸਭ ਤੋਂ ਅੱਗੇ ਰਹੇ, ਜਿਨ੍ਹਾਂ ਵਿਚ ਸੁਖਜਿੰਦਰ ਰੰਧਾਵਾ, ਤ੍ਰਿਪਤ ਰਾਜਿੰਦਰ ਬਾਜਵਾ, ਸੁੱਖ ਸਰਕਾਰੀਆ ਆਦਿ ਦਾ ਨਾਂ ਸਭ ਤੋਂ ਅੱਗੇ ਰਿਹਾ ਹੈ। ਇਹ 3 ਮੰਤਰੀ ਉਹ ਸਨ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਸਭ ਤੋਂ ਵੱਧ ਤਾਕਤ ਦਿੱਤੀ ਹੋਈ ਸੀ। ਉਨ੍ਹਾਂ ਨੂੰ ਜ਼ਿਆਦਾ ਮਜ਼ਬੂਤੀ ਦੇਣਾ ਹੀ ਸਿਆਸੀ ਤੌਰ ’ਤੇ ਮੁੱਖ ਮੰਤਰੀ ਲਈ ਚੰਗਾ ਤਜਰਬਾ ਸਾਬਤ ਨਹੀਂ ਹੋਇਆ, ਜਦੋਂਕਿ ਹਿੰਦੂ ਤੇ ਦਲਿਤ ਕਾਂਗਰਸੀ ਵਿਧਾਇਕ ਤੇ ਮੰਤਰੀ ਤਾਂ ਕੈਪਟਨ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਦੇ ਰਹੇ। ਹੁਣ ਭਵਿੱਖ ਵਿਚ ਕਾਂਗਰਸ ਦੀ ਰਾਜਨੀਤੀ ਨੂੰ ਲੈ ਕੇ ਮੁੱਖ ਮੰਤਰੀ ਨੂੰ ਸਾਵਧਾਨੀ ਨਾਲ ਅੱਗੇ ਵਧਣਾ ਪਵੇਗਾ।
ਇਹ ਵੀ ਪੜ੍ਹੋ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਐਲਾਨ, ਭਾਜਪਾ ਦੀ ਪੰਜਾਬ ’ਚ ਇਕ ਵੀ ਮੀਟਿੰਗ ਨਹੀਂ ਹੋਣ ਦੇਣਗੇ
ਕੈਪਟਨ ਨੇ ਭਾਵੇਂ ਹੁਣ ਮੌਜੂਦਾ ਸੰਕਟ ਨੂੰ ਆਪਣੇ ਪੱਖ ’ਚ ਕਰਨ ਲਈ ਪਿਛਲੇ ਕੁਝ ਦਿਨਾਂ ਵਿਚ ਕਾਫੀ ਮਿਹਨਤ ਕੀਤੀ, ਜਿਸ ਕਾਰਣ ਕੱਲ ਉਨ੍ਹਾਂ ਨੂੰ 58 ਵਿਧਾਇਕਾਂ, 8 ਸੰਸਦ ਮੈਂਬਰਾਂ ਅਤੇ 30 ਹਾਰੇ ਹੋਏ ਵਿਧਾਇਕਾਂ ਦਾ ਭਾਰੀ ਸਮਰਥਨ ਮਿਲ ਗਿਆ। ਇਸ ਦੇ ਬਾਵਜੂਦ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੂੰ ਆਉਣ ਵਾਲੇ ਦਿਨਾਂ ਵਿਚ ਸਾਵਧਾਨੀ ਨਾਲ ਅੱਗੇ ਵਧਣਾ ਪਵੇਗਾ ਅਤੇ ਕਾਂਗਰਸ ਦੀਆਂ ਸਿਆਸੀ ਸਥਿਤੀਆਂ ’ਤੇ ਨਜ਼ਰ ਰੱਖਣ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਨਾਲ ਵੀ ਨਜਿੱਠਣਾ ਪਵੇਗਾ।
ਇਹ ਵੀ ਪੜ੍ਹੋ : ਸੋਨੀਆ ਵੱਲੋਂ ਸ਼ੱਕ ਦੀ ਸਥਿਤੀ ਨੂੰ ਸਾਫ ਕਰਨ ਨਾਲ ਕਾਂਗਰਸੀਆਂ ਤੇ ਅਫਸਰਸ਼ਾਹੀ ਨੇ ਲਿਆ ਸੁੱਖ ਦਾ ਸਾਹ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ