ਕੁਲ ਹਿੰਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਦਰਸ਼ਨ ''ਚ ਵੱਡੀ ਗਿਣਤੀ ''ਚ ਪੰਜਾਬ ਦੇ ਕਿਸਾਨਾਂ ਕੀਤੀ ਸ਼ਮੂਲੀਅਤ

07/22/2018 7:41:15 AM

ਚੰਡੀਗੜ੍ਹ (ਭੁੱਲਰ) - 20 ਸੂਬਿਆਂ ਤੋਂ 200 ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਬਣੀ ਹੋਈ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਦਿੱਲੀ ਵਿਚ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕੀਤਾ। ਮੰਡੀ ਹਾਊਸ ਤੋਂ ਸੰਸਦ ਮਾਰਗ ਤੱਕ (ਮੋਦੀ ਦਾ ਐੱਮ. ਐੱਸ. ਪੀ. ਧੋਖਾ ਹੈ) ਦੇ ਨਾਅਰੇ ਲਾਉਂਦਿਆਂ ਹਜ਼ਾਰਾਂ ਹੀ ਕਿਸਾਨਾਂ ਨੇ ਮੁਜ਼ਾਹਰੇ ਵਿਚ ਭਾਗ ਲਿਆ। ਜ਼ਿਕਰਯੋਗ ਹੈ ਕਿ ਇਸ ਵਿਚ ਪੰਜਾਬ ਦੇ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਨ੍ਹਾਂ ਦੀ ਅਗਵਾਈ ਜਗਮੋਹਨ ਸਿੰਘ ਪਟਿਆਲਾ ਅਤੇ ਡਾ. ਦਰਸ਼ਨਪਾਲ ਬੀ. ਕੇ. ਯੂ. ਡਕੌਂਦਾ, ਡਾ. ਸਤਨਾਮ ਸਿੰਘ ਤੇ ਰਘਬੀਰ ਸਿੰਘ ਜਮਹੂਰੀ ਕਿਸਾਨ ਸਭਾ, ਨਿਰਭੈ ਸਿੰਘ ਢੁਡੀਕੇ ਕਿਰਤੀ ਕਿਸਾਨ ਯੂਨੀਅਨ, ਗੁਰਨਾਮ ਸਿੰਘ ਭੀਖੀ ਪੰਜਾਬ ਕਿਸਾਨ ਯੂਨੀਅਨ, ਇੰਦਰਜੀਤ ਸਿੰਘ ਕੋਟਬੁੱਢਾ, ਹਰਿੰਦਰ ਸਿੰਘ ਟਾਂਡਾ ਕਿਸਾਨ ਸੰਘਰਸ਼ ਕਮੇਟੀ ਕਰ ਰਹੇ ਸਨ। ਉਨ੍ਹਾਂ ਨੇ ਮੋਦੀ ਵਲੋਂ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕੀਤੇ ਜਾ ਰਹੇ ਝੂਠੇ ਦਾਅਵਿਆਂ ਦੀ ਨਿਖੇਧੀ ਕੀਤੀ ।
ਮੁਜ਼ਾਹਰੇ ਤੋਂ ਬਾਅਦ ਸੰਸਦ ਮਾਰਗ ਵਿਚ ਰੈਲੀ ਕੀਤੀ ਗਈ, ਜਿਸ ਵਿਚ ਮੋਦੀ ਸਰਕਾਰ ਪ੍ਰਤੀ ਕਿਸਾਨਾਂ ਦੀ ਬੇਭਰੋਸਗੀ ਨੂੰ ਪ੍ਰਗਟ ਕੀਤਾ ਗਿਆ । ਰੈਲੀ ਨੂੰ ਕਿਸਾਨ ਅਵਿਸ਼ਵਾਸ ਪ੍ਰਸਤਾਵ ਸਭਾ ਦਾ ਨਾਂ ਦਿੱਤਾ ਗਿਆ ਸੀ।  ਰੈਲੀ ਨੂੰ ਸੰਬੋਧਨ ਕਰਦਿਆਂ ਤਾਲਮੇਲ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ 28 ਮਾਰਚ 2018 ਨੂੰ ਸੰਵਿਧਾਨ ਕਲੱਬ ਵਿਖੇ ਗੋਲਮੇਜ਼ ਕਾਨਫਰੰਸ ਕੀਤੀ ਸੀ, ਜਿਸ ਵਿਚ 22 ਰਾਜਨੀਤਕ ਪਾਰਟੀਆਂ ਨੇ ਤਾਲਮੇਲ ਕਮੇਟੀ ਦੀ ਤਰਕ ਤੋਂ ਬਾਅਦ ਦੋ ਬਿੱਲਾਂ ਨੂੰ ਪਾਰਲੀਮੈਂਟ ਵਿਚ ਪੇਸ਼ ਕੀਤੇ ਜਾਣ ਦੀ ਹਮਾਇਤ ਕਰਨ ਲਈ ਇਸ ਮਤੇ ਉਤੇ ਦਸਤਖ਼ਤ ਕੀਤੇ। ਇਹ ਬਿੱਲ ਕਰਜ਼ੇ ਤੋਂ ਮੁਕਤੀ ਅਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਜ਼ਾਮਨੀ ਬਾਰੇ ਹਨ। ਇਹ ਬਿੱਲ 20 ਜੁਲਾਈ 2018 ਨੂੰ ਲੋਕ ਸਭਾ ਅਤੇ ਰਾਜ ਸਭਾ ਵਿਚ ਪੇਸ਼ ਕੀਤੇ ਜਾਣੇ ਸਨ ਪ੍ਰੰਤੂ ਅਵਿਸ਼ਵਾਸ ਮਤੇ ਉਤੇ ਬਹਿਸ ਕਾਰਨ ਹੁਣ ਇਹ ਬਿੱਲ ਲੋਕ ਸਭਾ ਵਿਚ ਨਹੀਂ ਰੱਖੇ ਜਾ ਰਹੇ।


Related News