ਤਿਰੰਗਾ ਐੱਲ. ਈ. ਡੀ. ਲੜੀਆਂ ਅਤੇ ਹਾਈਮਸਟ ਲਾਈਟਾਂ ਨਾਲ ਸ਼ਾਹੀ ਸ਼ਹਿਰ ਆਜ਼ਾਦੀ ਦਿਹਾੜੇ ਦੇ ਰੰਗ ’ਚ ਰੰਗਿਆ
Sunday, Aug 13, 2023 - 05:24 PM (IST)
ਪਟਿਆਲਾ (ਮਨਦੀਪ ਜੋਸਨ) : ਸ਼ਾਹੀ ਸਹਿਰ ਪਟਿਆਲਾ ਅੱਜਕਲ ਰਾਤ ਵੇਲੇ ਆਜ਼ਾਦੀ ਰੰਗ ’ਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਸ਼ਹਿਰ ਦੇ ਹਰ ਐਂਟਰੀ ਪੁਆਇੰਟ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿਚਕਾਰ ਤੱਕ ਇਹ ਆਜ਼ਾਦੀ ਰੰਗ ਦੀ ਝਲਕ ਪਾ ਰਹੀਆਂ ਐੱਲ. ਈ. ਡੀ. ਲੜੀਆਂ ਨਜ਼ਰ ਆ ਰਹੀਆਂ ਹਨ। ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਦੂਰਅੰਦੇਸ਼ੀ ਸੋਚ ਅਤੇ ਖੁਦ ਨਿੱਜੀ ਦਿਲਚਸਪੀ ਲੈ ਕੇ ਤਿਆਰ ਕੀਤਾ ਫੁਹਾਰਾ ਚੌਕ ਅਲੱਗ ਹੀ ਝਲਕ ਦੇ ਰਿਹਾ ਹੈ। ਇਸ ਚੌਕ ਦੇ 3 ਫਲੋਰ ਅਲੱਗ-ਅਲੱਗ ਦੇਸ਼ ਦੇ ਤਿਰੰਗੇ ਦੇ ਰੰਗਾਂ ਵਾਂਗ ਪਾਣੀ ਸੁੱਟਦੇ ਹਨ। ਖਾਸ ਕਰ ਫੁਹਾਰਾ ਚੌਕ ਇਕ ਸੈਲਫ਼ੀ ਪੁਆਇੰਟ ਵੀ ਬਣ ਗਿਆ ਹੈ। ਆਜ਼ਾਦੀ ਦਿਹਾੜੇ ਦੀ ਖ਼ੁਸ਼ੀ ਬਖੇਰ ਰਹੇ ਫ਼ੁਹਾਰਾ ਚੌਕ ਨੇੜੇ ਰਾਹਗੀਰ ਸੈਲਫੀ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦਾ ਧੰਨਵਾਦ ਕਰ ਰਹੇ ਹਨ।
ਇਸੇ ਤਰ੍ਹਾਂ ਸ਼ਹਿਰ ਦੇ ਸਾਰੇ ਮੁੱਖ ਮਾਰਗਾਂ ਦੇ ਵਿਚਕਾਰ ਲੱਗੀਆਂ ਸਟਰੀਟ ਲਾਈਟਾਂ ਦੇ ਖੰਭਿਆ ਉੱਪਰ ਵਿਸ਼ੇਸ਼ ਤਿੰਨ ਰੰਗਾਂ ਦੀਆਂ ਐੱਲ. ਈ. ਡੀ. ਲੜੀਆਂ ਲਗਾਈਆਂ ਗਈਆਂ ਹਨ, ਸ਼ਹਿਰ ਦੇ ਮੁੱਖ ਚੌਕਾਂ ’ਚ ਹਾਈਮਸਟ ਲਾਈਟਾਂ ਦਿਨ ਚੜ੍ਹਨ ਦਾ ਭੁਲੇਖਾ ਪਾਉਂਦੀਆਂ ਹਨ। ਇਹ ਲਾਈਟਾਂ ਉਨ੍ਹਾਂ ਖਾਸ ਚੌਕਾਂ ’ਚ ਲਗਾਈਆਂ ਗਈਆਂ ਹਨ, ਜਿਨ੍ਹਾਂ ਨੇੜੇ ਚੋਰੀ ਹੋਣ ਦਾ ਖ਼ਤਰਾ ਸੀ। ਇਥੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ ਤਾਂਕਿ ਹਾਈਮਸਟ ਲਾਈਟਾਂ ਦੀ ਰੌਸ਼ਨੀ ’ਚ ਲੋਕਾਂ ਦੇ ਵਾਹਨ ਅਤੇ ਹੋਰ ਕਿਸੇ ਤਰ੍ਹਾਂ ਦੀ ਚੋਰੀ ਦੀ ਕੋਈ ਵਾਰਦਾਤ ਨਾ ਵਾਪਰੇ।
ਜਾਣਕਾਰੀ ਦਿੰਦਿਆਂ ਵਿਧਾਇਕ ਕੋਹਲੀ ਨੇ ਦੱਸਿਆ ਕਿ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿਖੇ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਸਮਾਗਮ ਮੌਕੇ ਤਿਰੰਗਾ ਝੰਡਾ ਲਹਿਰਾਉਣਗੇ। ਸ਼ਹਿਰ ਨੂੰ ਕਰੀਬ 50 ਲੱਖ ਰੁਪਏ ਬਜਟ ਨਾਲ ਆਜ਼ਾਦੀ ਦੇ ਰੰਗ ’ਚ ਰੰਗਿਆ ਗਿਆ ਹੈ ਤਾਂ ਕਿ ਆਜ਼ਾਦੀ ਦਿਹਾੜੇ ਮੌਕੇ ਵੱਖਰੀ ਹੀ ਦਿੱਖ ’ਚ ਨਜ਼ਰ ਆਵੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ, ਸਨੌਰ ਰੋਡ ਨੇੜੇ ਭੂਤਨਾਥ ਮੰਦਰ, ਬਡੂੰਗਰ ਮੜੀਆਂ, ਲਹਿਲ ਚੌਕ, ਥਾਪਰ ਯੂਨੀਵਰਸਿਟੀ, ਸੰਗਰੂਰ ਰੋਡ, ਰਾਜਿੰਦਰਾ ਹਸਪਤਾਲ, ਪੰਜਾਬੀ ਬਾਗ, ਜ਼ਿਲਾ ਅਦਾਲਤ, ਜੇਲ ਰੋਡ ਤ੍ਰਿਪੜੀ, ਸੂਲਰ ਪੁਲੀ, ਨਾਭਾ ਰੋਡ ਆਈਟੀਆਈ ਚੌਕ, ਸ਼ੀਸ਼ ਮਹਿਲ ਚੌਕ, ਲੱਕੜ ਮੰਡੀ, ਸਨੌਰੀ ਅੱਡਾ, ਵੱਡੀ ਬਾਰਾਂਦਰੀ ਅਤੇ ਫੁਹਾਰਾ ਚੌਕ ਨੇੜੇ ਇਹ ਹਾਈਮਸਟ ਲਾਈਟਾਂ ਲਗਾਈਆਂ ਗਈਆਂ ਹਨ।