ਹਾਈ ਕੋਰਟ ਦੇ ਫੈਸਲੇ ਨੇ ਜਮਹੂਰੀਅਤ ਦਾ ਘਾਣ ਹੋਣ ਤੋਂ ਬਚਾਇਆ : ਬਾਦਲ

09/15/2018 11:56:51 PM

ਚੰਡੀਗੜ੍ਹ,(ਅਸ਼ਵਨੀ)— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਅਕਾਲੀ-ਭਾਜਪਾ ਨੂੰ ਰੈਲੀ ਕਰਨ ਦੀ ਆਗਿਆ ਦੇਣ ਵਾਲਾ ਫੈਸਲਾ ਸੁਣਾਉਣ ਵਾਸਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜਮਹੂਰੀਅਤ 'ਤੇ ਇਕ ਘਾਤਕ ਹਮਲਾ ਕੀਤਾ ਸੀ। ਹਾਈ ਕੋਰਟ ਦੇ ਫੈਸਲੇ ਨਾ ਸਿਰਫ ਇਸ ਹਮਲੇ ਨੂੰ ਰੋਕਿਆ ਹੈ, ਸਗੋਂ ਪੰਜਾਬ ਵਿਚ ਅਮਨ ਅਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਅਕਾਲੀ-ਭਾਜਪਾ ਦੇ ਹੱਥ ਮਜ਼ਬੂਤ ਕੀਤੇ ਹਨ। ਬਾਦਲ ਨੇ ਐਲਾਨ ਕੀਤਾ ਕਿ ਇਹ ਰੈਲੀ ਨਿਰਧਾਰਿਤ ਸਮੇਂ ਅਨੁਸਾਰ ਨੂੰ ਉਸੇ ਥਾਂ 'ਤੇ ਕੀਤੀ ਜਾਵੇਗੀ। ਅਸੀਂ ਹਾਈ ਕੋਰਟ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਾਂਗੇ ਕਿਉਂਕਿ ਅਸੀਂ ਪੰਜਾਬ ਵਿਚ ਅਮਨ ਅਤੇ ਫਿਰਕੂ ਸਦਭਾਵਨਾ ਬਣਾਏ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ।

ਸਾਬਕਾ ਮੁੱਖ ਮੰਤਰੀ ਨੇ ਸਿੱਖ-ਵਿਰੋਧੀ ਕਾਂਗਰਸ ਪਾਰਟੀ ਅਤੇ ਸਿੱਖ ਮੁਖੌਟਿਆਂ ਪਿੱਛੇ ਲੁਕੇ ਇਸ ਦੇ ਪਿੱਠੂਆਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਕਾਂਗਰਸੀ ਏਜੰਟਾਂ ਦਾ ਪਰਦਾਫਾਸ਼ ਕਰਾਂਗੇ, ਜਿਹੜੇ ਪੰਥ ਨੂੰ ਅੰਦਰੋਂ ਤੋੜਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਖੇਡ ਦੀ ਸਾਫ ਦਿਸਦੀ ਹੈ। ਇਹ ਸਰਕਾਰ ਫਿਰਕੂ ਘੜਮੱਸ ਪੈਦਾ ਕਰਨ ਲਈ ਕੁੱਝ ਅਖੌਤੀ ਧਾਰਮਿਕ ਜਥੇਬੰਦੀਆਂ ਨੂੰ ਆਪਣੇ ਪਿੱਠੂਆਂ ਵਜੋਂ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਲੋਕਾਂ ਦਾ ਧਿਆਨ ਇਸ ਦੀਆਂ ਨਾਕਾਮੀਆਂ ਤੋਂ ਲਾਂਭੇ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚਲੀ ਕਾਂਗਰਸ ਸਰਕਾਰ ਸੂਬੇ ਅੰਦਰ ਫਿਰਕੂ ਅੱਗ ਦੀ ਧੂਣੀ ਬਾਲ ਕੇ ਰੱਖਣਾ ਚਾਹੁੰਦੀ ਹੈ ਤਾਂ ਕਿ ਲੋਕ ਇਸ ਕੋਲੋਂ ਉਨ੍ਹਾਂ ਵਾਅਦਿਆਂ ਬਾਰੇ ਨਾ ਪੁੱਛਣ ਜਿਹੜੇ ਇਹ ਤੋੜ ਚੁੱਕੀ ਹੈ। ਇਨ੍ਹਾਂ ਵਾਅਦਿਆਂ 'ਚ ਹਰ ਘਰ ਨੂੰ ਰੁਜ਼ਗਾਰ, ਗਰੀਬਾਂ ਲਈ ਮਕਾਨ, ਸ਼ਗਨ ਸਕੀਮ ਅਤੇ ਪੈਨਸ਼ਨ ਦੀ ਰਾਸ਼ੀ ਨੂੰ ਦੁੱਗਣਾ ਕਰਨਾ ਅਤੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨਾ ਸ਼ਾਮਲ ਹਨ।


Related News