''ਆਪ'' ਨੇ ਹਾਈਕੋਰਟ ਦੇ ਜੱਜ ਤੋਂ ਮੰਗੀ ਅੰਮ੍ਰਿਤਸਰ ਡਰੱਗ ਫੈਕਟਰੀ ਮਾਮਲੇ ਦੀ ਜਾਂਚ

02/01/2020 5:55:34 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੰਮ੍ਰਿਤਸਰ 'ਚ ਵੱਡੀ ਮਾਤਰਾ 'ਚ ਫੜੀ ਗਈ ਨਸ਼ੀਲੇ ਪਦਾਰਥਾਂ ਦੀ ਖੇਪ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਤੋਂ ਸਮਾਂਬੱਧ ਜਾਂਚ ਕਰਵਾਈ ਜਾਵੇ ਤਾਂ ਕਿ ਇਸ ਡਰੱਗ ਮਾਫ਼ੀਆ ਦੇ ਮਗਰਮੱਛਾਂ 'ਤੇ ਤੱਥਾਂ-ਸਬੂਤਾਂ ਨਾਲ ਹੱਥ ਪਾਇਆ ਜਾ ਸਕੇ। ਚੀਮਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ 'ਚ ਫੜੀ ਗਈ ਇਸ ਡਰੱਗ ਫ਼ੈਕਟਰੀ ਦਾ ਸਿੱਧਾ ਸਿਆਸੀ ਸਬੰਧ ਜਗ ਜ਼ਾਹਿਰ ਹੋ ਗਿਆ ਹੈ। ਇਸ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਜਵਾਨੀ ਖਾ ਰਹੇ ਡਰੱਗ ਮਾਫ਼ੀਆ ਨੂੰ ਸਿਆਸਤਦਾਨਾਂ ਦੀ ਸਿੱਧੀ ਸਰਪ੍ਰਸਤੀ ਹਾਸਲ ਹੈ ਅਤੇ ਸੂਬੇ 'ਚ ਬਾਦਲਾਂ ਦੇ ਰਾਜ ਦੌਰਾਨ ਨਸ਼ਿਆਂ ਦੀ ਜੜ੍ਹ ਲੱਗੀ ਸੀ, ਜਿਸ ਨੂੰ ਕੈਪਟਨ ਸਰਕਾਰ ਵੀ 3 ਸਾਲਾਂ ਤੱਕ ਪਾਲਦੀ ਰਹੀ।

ਚੀਮਾ ਨੇ ਕਿਹਾ ਕਿ ਜਿਸ ਘਰ 'ਚ ਇਹ ਡਰੱਗ ਫ਼ੈਕਟਰੀ ਚੱਲ ਰਹੀ ਸੀ, ਉਹ ਅਕਾਲੀ ਦਲ (ਬਾਦਲ) ਦਾ ਸੀਨੀਅਰ ਆਗੂ ਅਤੇ ਐੱਸ. ਐੱਸ. ਐੱਸ. ਬੋਰਡ ਦਾ ਸਾਬਕਾ ਮੈਂਬਰ ਅਨਵਰ ਮਸੀਹ ਹੈ। ਵਿਰੋਧੀ ਧਿਰ ਦੇ ਨੇਤਾ ਨੇ ਸਵਾਲ ਕੀਤਾ ਕਿ ਇੰਨੇ ਧੜੱਲੇ ਨਾਲ ਚੱਲ ਰਹੀ ਡਰੱਗ ਫ਼ੈਕਟਰੀ ਦੀ ਭਿਣਕ ਪੁਲਸ-ਪ੍ਰਸ਼ਾਸਨ ਜਾਂ ਸੱਤਾਧਾਰੀ ਸਿਆਸਤਦਾਨਾਂ ਨੂੰ ਨਾ ਹੋਵੇ, ਇਹ ਹੋ ਨਹੀਂ ਸਕਦਾ? ਇਸ ਲਈ ਇਸ ਮਾਮਲੇ ਦੀ ਹਾਈਕੋਰਟ ਦੇ ਜੱਜ ਦੀ ਅਗਵਾਈ ਵਾਲੀ ਕਮੇਟੀ ਬਾਰੀਕੀ ਨਾਲ ਜਾਂਚ ਕਰੇ ਤਾਂ ਕਿ ਇਹ ਸੱਚ ਸਾਹਮਣੇ ਆ ਸਕੇ ਕਿ ਕੈਪਟਨ ਸਰਕਾਰ 'ਚ ਕਿਹੜੀ-ਕਿਹੜੀ ਕੜੀ 3 ਸਾਲਾਂ ਤੱਕ ਇਸ ਫ਼ੈਕਟਰੀ ਅਤੇ ਫ਼ੈਕਟਰੀ ਮਾਲਕ ਨੂੰ ਸਰਪ੍ਰਸਤੀ ਦਿੰਦੀ ਰਹੀ ਹੈ।


Gurminder Singh

Content Editor

Related News