CM ਮਾਨ ਨੂੰ ਮਿਲੇ ਨਾਈਜੀਰੀਆ ਦੇ ਹਾਈ ਕਮਿਸ਼ਨਰ, ਪੰਜਾਬ ਤੇ ਨਾਈਜੀਰੀਆ ਦੇ ਮਜ਼ਬੂਤ ਸਬੰਧਾਂ 'ਤੇ ਦਿੱਤਾ ਜ਼ੋਰ

Thursday, Oct 20, 2022 - 08:44 PM (IST)

CM ਮਾਨ ਨੂੰ ਮਿਲੇ ਨਾਈਜੀਰੀਆ ਦੇ ਹਾਈ ਕਮਿਸ਼ਨਰ, ਪੰਜਾਬ ਤੇ ਨਾਈਜੀਰੀਆ ਦੇ ਮਜ਼ਬੂਤ ਸਬੰਧਾਂ 'ਤੇ ਦਿੱਤਾ ਜ਼ੋਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਈਜੀਰੀਆ ਅਤੇ ਪੰਜਾਬ ਦਰਮਿਆਨ ਵੱਖ-ਵੱਖ ਖੇਤਰਾਂ 'ਚ ਮਜ਼ਬੂਤ ਸਹਿਯੋਗ 'ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਭਾਰਤ 'ਚ ਨਾਈਜੀਰੀਆ ਦੇ ਹਾਈ ਕਮਿਸ਼ਨਰ ਅਹਿਮਦ ਸੁਲੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਾਈਜੀਰੀਆ ਅਤੇ ਪੰਜਾਬ ਦੋਵਾਂ ਲਈ ਦੁਵੱਲੇ ਲਾਭ ਦੀ ਵੱਡੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਨਾਈਜੀਰੀਆ ਅਤੇ ਪੰਜਾਬ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੋਵੇਂ ਸਫ਼ਲਤਾ ਦੀ ਇੱਕ ਨਵੀਂ ਕਹਾਣੀ ਲਿਖ ਸਕਣ।

PunjabKesari

ਭਗਵੰਤ ਮਾਨ ਨੇ ਕਿਹਾ ਕਿ ਨਾਈਜੀਰੀਆ ਅਤੇ ਪੰਜਾਬ ਨੂੰ ਆਪਸੀ ਸਹਿਯੋਗ ਦੇ ਨਵੇਂ ਦਿਸਹੱਦੇ ਸਿਰਜਣ ਲਈ ਹੋਰ ਸੰਭਾਵਨਾਵਾਂ ਦਾ ਪਤਾ ਲਗਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਉਨ੍ਹਾਂ ਦਾ ਇਕੋ-ਇਕ ਏਜੰਡਾ ਖੇਤੀ ਲਾਗਤਾਂ ਨੂੰ ਘਟਾ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਹਿਲਾਂ ਹੀ ਸਖ਼ਤ ਉਪਰਾਲੇ ਕਰ ਰਹੀ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਖੇਤੀ ਦੀਆਂ ਲਗਾਤਾਰ ਵਧ ਰਹੀਆਂ ਲਾਗਤਾਂ ਨੂੰ ਘਟਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਸੰਕਟ 'ਚੋਂ ਕੱਢਿਆ ਜਾ ਸਕੇ।

PunjabKesari

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਸੰਦਾਂ ਦੀ ਦਰਾਮਦ-ਬਰਾਮਦ ਦੇ ਖੇਤਰ 'ਚ ਆਪਸੀ ਸਹਿਯੋਗ ਵਧਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਫਸਲਾਂ ਅਤੇ ਖਾਦਾਂ 'ਤੇ ਆਧਾਰਤ ਵਪਾਰ ਵਧਾਉਣ ਦੀ ਸੰਭਾਵਨਾ ਵੀ ਤਲਾਸ਼ੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਨਾਈਜੀਰੀਆ ਅਤੇ ਪੰਜਾਬ ਦੇ ਆਪਸੀ ਸਹਿਯੋਗ ਰਾਹੀਂ ਸੂਬੇ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣਾ ਸਮੇਂ ਦੀ ਲੋੜ ਹੈ।    

ਇਹ ਵੀ ਪੜ੍ਹੋ : ਮੰਤਰੀ ਜਿੰਪਾ ਵੱਲੋਂ ਵਿਸ਼ਵ ਬੈਂਕ ਦੀ ਟੀਮ ਨਾਲ ਮੀਟਿੰਗ, ਕਿਹਾ-ਸਾਫ਼ ਪਾਣੀ ਦੀ ਸਪਲਾਈ ਸੂਬਾ ਸਰਕਾਰ ਦੀ ਮੁੱਖ ਤਰਜੀਹ


author

Mandeep Singh

Content Editor

Related News