ਹੈਰੋਇਨ ਸਮੱਗਲਰ ਰਣਜੀਤ ਸਿੰਘ ਚੀਤਾ 5 ਦਿਨ ਦੇ ਪੁਲਸ ਰਿਮਾਂਡ ‘ਤੇ

Sunday, May 10, 2020 - 02:20 PM (IST)

ਅੰਮ੍ਰਿਤਸਰ (ਸੰਜੀਵ) : ਪੰਜਾਬ ਪੁਲਸ ਵੱਲੋਂ ਹਰਿਆਣਾ ਵਿਚ ਗ੍ਰਿਫਤਾਰ ਕੀਤੇ ਗਏ ਹੈਰੋਇਨ ਸਮੱਗਲਰ ਰਣਜੀਤ ਸਿੰਘ ਚੀਤਾ ਅਤੇ ਉਸ ਦੇ ਭਰਾ ਗਗਨਦੀਪ ਸਿੰਘ ਨੂੰ ਅੰਮ੍ਰਿਤਸਰ ’ਚ ਮਾਣਯੋਗ ਜੱਜ ਅਰਜੁਨ ਸਿੰਘ ਦੀ ਅਦਾਲਤ ’ਚ ਪੇਸ਼ ਕਰਕੇ 5 ਦਿਨ ਦੇ ਪੁਲਸ ਰਿਮਾਂਡ ‘ਤੇ ਲਿਆ ਗਿਆ ਹੈ ।

ਇਹ ਵੀ ਪੜ੍ਹੋ : ਪੰਜਾਬ ''ਚ ਨਾਰਕੋ ਟੈਰੇਰਿਜ਼ਮ ਦਾ ਪਹਿਲਾ ਮਾਮਲਾ, ਹਿਜ਼ਬੁਲ ਮੁਜ਼ਾਹਿਦੀਨ ਦੇ 2 ਹੋਰ ਅੱਤਵਾਦੀ ਗ੍ਰਿਫਤਾਰ    

ਨਾਰਕੋ ਨੈੱਟਵਰਕ ਦਾ ‘ਚੀਤਾ‘ ਗ੍ਰਿਫਤਾਰ
ਦੇਸ਼ ‘ਚ ਪਾਕਿਸਤਾਨ-ਸਪਾਂਸਰਡ ਨਾਰਕੋ ਅੱਤਵਾਦ ਨੈੱਟਵਰਕ ਖਿਲਾਫ਼ ਇਕ ਹੋਰ ਵੱਡੀ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਸ ਨੇ ਸ਼ਨੀਵਾਰ ਸਵੇਰੇ ਆਈ. ਐੱਸ. ਆਈ.-ਕੰਟਰੋਲਡ ਨੈੱਟਵਰਕ ਦੀ ਇਕ ਵੱਡੀ ਮੱਛੀ ਰਣਜੀਤ ਸਿੰਘ ਉਰਫ ਰਾਣਾ ਉਰਫ਼ ਚੀਤਾ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੇ ਹਾਲ ਹੀ ‘ਚ ਕਸ਼ਮੀਰ ‘ਚ ਸੁਰੱਖਿਆ ਬਲਾਂ ਵਲੋਂ ਮਾਰੇ ਗਏ ਹਿਜਬੁਲ ਮੁਜ਼ਾਹਦੀਨ ਦੇ ਕਮਾਂਡਰ ਨਾਇਕੂ ਨਾਲ ਸਬੰਧ ਸਨ। ਰਣਜੀਤ ਚੀਤੇ ਖਿਲਾਫ਼ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹੋਣ ਦੇ ਨਾਲ-ਨਾਲ ਉਹ ਪੰਜਾਬ ਤੇ ਜੰਮੂ-ਕਸ਼ਮੀਰ ‘ਚ ਭਾਰਤ-ਪਾਕਿ ਸਰਹੱਦ ‘ਤੇ ਆਈ. ਸੀ. ਪੀ. ਅਟਾਰੀ ਦੇ ਕਾਨੂੰਨੀ ਜ਼ਮੀਨੀ ਰਸਤੇ ਰਾਹੀਂ ਵੱਡੀ ਗਿਣਤੀ ‘ਚ ਨਸ਼ਿਆਂ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਸਮੱਗਲਿੰਗ ਨਾਲ ਜੁੜੇ ਨੈੱਟਵਰਕ ਨਾਲ ਸਬੰਧਤ ਸੀ। ਉਹ 29 ਜੂਨ, 2019 ਨੂੰ ਇੰਟੈਗਰੇਟਿਡ ਚੈੱਕ ਪੋਸਟ, ਅਟਾਰੀ (ਅੰਮ੍ਰਿਤਸਰ) ਰਾਹੀਂ 600 ਬੈਗ ਸੇਂਧਾ ਨਮਕ ਦੀ ਖੇਪ ‘ਚ ਪਾਕਿਸਤਾਨ ਤੋਂ 2700 ਕਰੋੜ ਰੁਪਏ ਦੀ ਕੀਮਤ ਵਾਲੀ 532 ਕਿਲੋਗ੍ਰਾਮ ਹੈਰੋਇਨ ਅਤੇ 52 ਕਿਲੋ ਮਿਕਸਡ ਨਸ਼ੇ ਵਾਲੇ ਪਦਾਰਥ ਲਿਆਉਣਾ ਵੀ ਮੰਨ ਗਿਆ ਸੀ।

ਹਰਿਆਣਾ ਦੇ ਸਿਰਸਾ ਦੇ ਬੇਗੂ ਪਿੰਡ ਤੋਂ ਰਣਜੀਤ ਅਤੇ ਉਸ ਦੇ ਭਰਾ ਗਗਨਦੀਪ ਉਰਫ ਭੋਲਾ ਦੀ ਗ੍ਰਿਫ਼ਤਾਰੀ ਬਾਰੇ ਐਲਾਨ ਕਰਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਦੇ ਫੈਲਣ ਨੂੰ ਰੋਕਣ ਲਈ ਹੋਰ ਉਪਾਵਾਂ ਅਤੇ ਕਰਫਿਊ ਲਾਗੂ ਹੋਣ ਦੇ ਬਾਵਜੂਦ ਅੱਤਵਾਦੀਆਂ ਅਤੇ ਨਸ਼ਾ ਸਮੱਗਲਰਾਂ ਖਿਲਾਫ਼ ਸਰਗਰਮ ਕਾਰਵਾਈਆਂ ਲਈ ਪੰਜਾਬ ਪੁਲਸ ਦੀ ਸ਼ਲਾਘਾ ਕੀਤੀ। ਕੈਪਟਨ ਨੇ ਡੀ. ਜੀ. ਪੀ. ਦਿਨਕਰ ਗੁਪਤਾ ਦੀ ਅਗਵਾਈ ‘ਚ ਪੁਲਸ ਫੋਰਸ ਨੂੰ ਪਾਬੰਦੀਸ਼ੁਦਾ ਹਿਜਬੁਲ ਮੁਜ਼ਾਹਿਦੀਨ ਦੇ ਇਕ ਓਵਰਗ੍ਰਾਉਂਡ ਵਰਕਰ ਹਿਲਾਲ ਅਹਿਮਦ ਵਾਗੇ ਦੀ ਗ੍ਰਿਫ਼ਤਾਰੀ ਲਈ ਵੀ ਵਧਾਈ ਦਿੱਤੀ।


Anuradha

Content Editor

Related News