5 ਕਰੋੜ ਦੀ ਹੈਰੋਇਨ ਅਤੇ 4 ਲੱਖ ਰੁਪਏ ਡਰੱਗ ਮਨੀ ਸਮੇਤ 2 ਨਸ਼ਾ ਸਮੱਗਲਰ ਗ੍ਰਿਫ਼ਤਾਰ

04/21/2021 6:28:09 PM

ਨਵਾਂਸ਼ਹਿਰ (ਤ੍ਰਿਪਾਠੀ) : ਜ਼ਿਲ੍ਹਾ ਪੁਲਸ ਨੇ ਆਲਟੋ ਕਾਰ ਸਵਾਰ 2 ਨੌਜਵਾਨਾਂ ਨੂੰ 1 ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕੌਮਾਂਤਰੀ ਮਾਰਕੀਟ ’ਚ 1 ਕਿਲੋ ਹੈਰੋਇਨ ਦੀ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਐੱਸ.ਐੱਸ.ਪੀ. ਅਲਕਾ ਮੀਨਾ ਨੇ ਪ੍ਰੈੱਸਕਾਨਫਰੰਸ ’ਚ ਦੱਸਿਆ ਕਿ ਕੋਵਿਡ-19 ਦੀਆਂ ਹਦਾਇਤਾਂ ਦੇ ਤਹਿਤ ਜ਼ਿਲ੍ਹੇ ’ਚ ਚੱਲ ਰਹੇ ਨਾਈਟ ਕਰਫਿਊ ਦੌਰਾਨ ਥਾਣਾ ਔੜ ਦੀ ਪੁਲਸ ਵੱਲੋਂ ਐੱਸ. ਐੱਚ. ਓ . ਇੰਸਪੈਕਟਰ ਮਲਕੀਤ ਸਿੰਘ ਦੀ ਅਗਵਾਈ ਹੇਠ ਫਿਲੌਰ-ਔੜ ਮਾਰਗ ’ਤੇ ਸਥਿਤ ਪਿੰਡ ਅਜੀਤ ਸਿੰਘ ਵਿਖੇ ਪੁਲਸ ਨੇ ਨਾਕਾ ਲਾਇਆ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬੀਤੀ ਅੱਧੀ ਰਾਤ ਦੇ ਕਰੀਬ ਫਿਲੌਰ ਵੱਲੋਂ ਆ ਰਹੀ ਇਕ ਆਲਟੋ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਪੁਲਸ ਬੈਰੀਕੇਟਿੰਗ ਦੇ ਨੇੜੇ ਜ਼ੋਰਦਾਰ ਬ੍ਰੇਕ ਲਗਾ ਕੇ ਪਿਛੇ ਨੂੰ ਮੁੜਨ ਦਾ ਯਤਨ ਕੀਤਾ, ਜਿਸ ਦੌਰਾਨ ਕਾਰ ਪਿਛੇ ਦਰੱਖਤ ਨਾਲ ਟਕਰਾਈ।

ਐੱਸ.ਐੱਸ.ਪੀ. ਨੇ ਦੱਸਿਆ ਕਿ ਐੱਸ.ਐੱਚ.ਓ. ਨੇ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਉਪਰੋਕਤ ਕਾਰ ਚਾਲਕ ਅਤੇ ਉਸ ਨਾਲ ਬੈਠੇ ਨੌਜਵਾਨ ਜਿਸਦੀ ਪਛਾਣ ਰਣਜੀਤ ਸਿੰਘ ਉਰਫ ਹੈਪੀ ਉਰਫ ਰਵੀ ਪੁੱਤਰ ਸੁੱਚਾ ਰਾਮ ਵਾਸੀ ਗੜ੍ਹਸ਼ੰਕਰ ਹਾਲ ਵਾਸੀ ਪਿੰਡ ਔੜ ਅਤੇ ਹਰਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਸ਼ਿੰਗਾਰਾ ਰਾਮ ਵਾਸੀ ਔੜ ਦੇ ਤੌਰ ’ਤੇ ਹੋਈ, ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 1 ਕਿਲੋ ਹੈਰੋਇਨ ਅਤੇ 4,09,600 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਅਫਰੀਕਨ ਨਾਗਰਿਕ ਤੋਂ 15 ਲੱਖ ਰੁਪਏ ’ਚ ਖਰੀਦੀ ਸੀ ਹੈਰੋਇਨ
ਐੱਸ.ਐੱਸ.ਪੀ. ਅਲਕਾ ਮੀਨਾ ਦੱਸਿਆ ਕਿ ਉਪਰੋਕਤ ਨੌਜਵਾਨਾਂ ਨੇ ਦਿੱਲੀ ਦੇ ਇਕ ਅਫਰੀਕਨ ਨਾਗਰਿਕ ਤੋਂ 15 ਲੱਖ ਰੁਪਏ ’ਚ ਉਪਰੋਕਤ ਹੈਰੋਇਨ ਖਰੀਦੀ ਸੀ ਜਿਸਨੂੰ ਲੈ ਕੇ ਉਹ ਨਵਾਂਸ਼ਹਿਰ ਵੱਲ ਆ ਰਹੇ ਸਨ ਕਿ ਪੁਲਸ ਦੇ ਕਬਜ਼ੇ ’ਚ ਆ ਗਏ। ਉਨ੍ਹਾਂ ਦੱਸਿਆ ਕਿ ਉਪਰੋਕਤ ਦੋਸ਼ੀਆਂ ਨੇ ਉਪਰੋਕਤ ਬਰਾਮਦ ਕਾਰ ਜੋ ਕਿ ਕਿਸੇ ਮਹਿਲਾ ਦੇ ਨਾਂ ’ਤੇ ਹੈ 2 ਲੱਖ ਰੁਪਏ ’ਚ ਖਰੀਦੀ ਸੀ ਪਰ ਅਜੇ ਤਕ ਆਰ. ਸੀ. ਆਪਣੇ ਨਾਂ ’ਤੇ ਨਹੀਂ ਕਰਵਾਈ ਹੈ।

ਢਾਬੇ ਦਾ ਕੰਮ ਹੋਇਆ ਫੇਲ੍ਹ ਤਾਂ ਬਣ ਗਿਆ ਨਸ਼ਾ ਤਸਕਰ
ਐੱਸ.ਐੱਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨ ਰਣਜੀਤ ਸਿੰਘ ’ਤੇ ਜ਼ਿਲ੍ਹੇ ਦੇ ਥਾਣਾ ਪੋਜੇਵਾਲ, ਗੜ੍ਹਸ਼ੰਕਰ (ਹੁਸ਼ਿਆਰਪੁਰ) ਅਤੇ ਜਲੰਧਰ ਦੇ ਦਿਹਾਤੀ ਥਾਣੇ ’ਚ ਐੱਨ.ਡੀ.ਪੀ.ਐੱਸ. ਦੇ ਤਹਿਤ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ 2 ਮਾਮਲਿਆਂ ਵਿਚ ਉਹ ਸਜ਼ਾ ਭੁਗਤ ਚੁੱਕਾ ਹੈ ਅਤੇ ਇਕ ਮਾਮਲਾ ਅਤੇ ਅੰਡਰ ਟ੍ਰਾਇਲ ਹੈ ਅਤੇ ਇਨ੍ਹਾਂ ਦਿਨ੍ਹਾਂ ’ਚ ਉਹ ਬੇਲ ’ਤੇ ਬਾਹਰ ਆਇਆ ਸੀ। ਉਨ੍ਹਾਂ ਦੱਸਿਆ ਕਿ ਦੂਜਾ ਦੋਸ਼ੀ ਹਰਪ੍ਰੀਤ ਸਿੰਘ ਕਸਬਾ ਔੜ ਵਿਖੇ ਢਾਬਾ ਚਲਾਉਂਦਾ ਸੀ, ਜਿੱਥੇ ਮੁੱਖ ਦੋਸ਼ੀ ਰਣਜੀਤ ਸਿੰਘ ਖਾਣਾ ਖਾਣ ਆਉਂਦਾ ਸੀ ਅਤੇ ਇੱਥੇ ਹੀ ਕਰੀਬ 2 ਸਾਲ ਪਹਿਲਾਂ ਢਾਬਾ ਚਲਾਉਂਦਿਆਂ ਦੋਸਤੀ ਹੋ ਗਈ। ਉਨ੍ਹਾਂ ਦੱਸਿਆ ਕਿ ਢਾਬੇ ਦਾ ਕੰਮ ਠੀਕ ਨਾ ਚੱਲਣ ਕਰਨ ਉਪਰੋਕਤ ਹਰਪ੍ਰੀਤ ਨਸ਼ਾ ਤਸਕਰੀ ਦੇ ਮਾਮਲੇ ਵਿਚ ਨਸ਼ਾ ਕੋਰੀਅਰ ਬਣ ਗਿਆ ਅਤੇ ਮੁੱਖ ਦੋਸ਼ੀ ਵੱਲੋਂ ਖਰੀਦ ਕੇ ਲਿਆਏ ਜਾਣ ਵਾਲੀ ਹੈਰੋਈਨ ਨੂੰ ਛੋਟੇ-ਛੋਟੇ ਗ੍ਰਾਹਕਾਂ ਨੂੰ ਵੇਚਣ ਲੱਗ ਪਿਆ। ਉਨ੍ਹਾਂ ਦੱਸਿਆ ਕਿ ਉਪਰੋਕਤ ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਦਿੱਲੀ ਦੇ ਜਿਨ੍ਹਾਂ ਲੋਕਾਂ ਤੋਂ ਹੈਰੋਈਨ ਲਈ ਜਾਂਦੀ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਇਸ ਦੀ ਸਪਲਾਈ ਕੀਤੀ ਜਾਂਦੀ ਹੈ, ਸਬੰਧੀ ਜਾਣਕਾਰੀ ਹਾਸਲ ਕੀਤਾ ਜਾ ਸਕੇ। ਇਸ ਮੌਕੇ ਐੱਸ.ਪੀ.(ਐੱਚ) ਵਾਹਿਦ, ਡੀ.ਐੱਸ.ਪੀ. ਸ਼ੁਵਿੰਦਰ ਸਿੰਘ ਅਤੇ ਐੱਸ.ਐੱਚ.ਓ. ਮਲਕੀਤ ਸਿੰਘ ਆਦਿ ਮੌਜੂਦ ਸਨ।


Gurminder Singh

Content Editor

Related News